ਖਬਰਾਂਮਨੋਰੰਜਨ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਗਾਇਕ ਕਨਵਰ ਗਰੇਵਾਲ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਨੌਜਵਾਨ ਪੰਜਾਬੀ ਗਾਇਕ ਤੇ ਕਲਮਕਾਰ ਕਨਵਰ ਗਰੇਵਾਲ ਨੇ ਹਮੇਸ਼ਾ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਚੜ੍ਹਦੀ ਕਲਾ ਲਈ ਵਪਾਰਕ ਪੱਖ ਨੂੰ ਤਿਲਾਂਜਲੀ ਦੇ ਕੇ ਸੰਗੀਤਕ ਮਾਰਕੀਟ ਵਿਚ ਜ਼ਮੀਨੀ ਹਕੀਕਤ ਨਾਲ ਜੁੜੇ ਲੋਕ-ਪੱਖੀ ਗੀਤਾਂ ਨਾਲ ਦਰਿਆਵਾਂ ਦੇ ਪਾਣੀਆਂ ਦੀ ਰਵਾਨਗੀ ਵਾਂਗ ਆਪਣੇ ਸ਼ਾਂਤ ਸੁਭਾਅ ਨਾਲ ਅੱਗੇ ਵਧਦੇ ਹੋਏ ਦੇਸ਼ ਤੇ ਕੌਮ ਦਾ ਸੱਚਾ ਦਰਦੀ ਗਾਇਕ ਹੋਣ ਦਾ ਸਬੂਤ ਦਿੱਤਾ ਹੈ। ਸਾਦਗੀ ਪਸੰਦ ਕਨਵਰ ਗਰੇਵਾਲ ਨੇ ਲੋਕ ਮੁੱਦੇ, ਸਮਾਜਿਕ ਵਾਰਤਾ, ਪੰਜਾਬੀ ਮਾਂ-ਬੋਲੀ ਆਦਿ ਨੂੰ ਹੀ ਆਪਣੇ ਗੀਤਾਂ ਦਾ ਵਿਸ਼ਾ ਬਣਾਇਆ ਹੈ। ਪੰਜਾਬੀਅਤ ਦੇ ਸ਼ੈਦਾਈ ਤੇ ਸੱਚ ਦੇ ਆਸ਼ਕ ਕਨਵਰ ਗਰੇਵਾਲ ਨੇ ਜਿੱਥੇ ‘ਕੀ ਮਾਣ ਦੌਲਤਾਂ ਦਾ’, ‘ਰੱਬ ਦਾ ਸੀ.ਸੀ.ਟੀ.ਵੀ ਬੰਦਿਆ ਹਰ ਦਮ ਹਰ ਥਾਂ ਚਲਦਾ ਏ’, ‘ਜ਼ਮੀਰਾਂ ਸ਼ੌਦੇਬਾਜ਼’, ‘ਸਾਂਭ ਲਓ ਜਵਾਨੀਆਂ’ ਆਦਿ ਗੀਤਾਂ ਰਾਹੀਂ ਆਪਣੀ ਬਾ-ਕਮਾਲ ਸ਼ੈਲੀ ਨਾਲ ਅਸਲ ਸੱਚ ਬਿਆਨਿਆ, ‘ਟਿਕਟਾਂ ਦੋ ਲੈ ਲਈਂ’, ‘ਇਸ਼ਕ ਬੁੱਲ੍ਹੇ ਨੂੰ ਨਚਾਵੇ’, ‘ਦੁਨੀਆ ਕੀ ਜਾਣੇ’, ‘ਦੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ’, ‘ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸ ਦੀਆਂ ਮਾਵਾਂ’, ‘ਛੱਲਾ’, ‘ਰੌਲਾ’, ‘ਮੌਜ’, ‘ਪੰਜਾਬੀ ਮਾਂ ਬੋਲੀ’ ਆਦਿ ਗੀਤ ਪੰਜਾਬੀਆਂ ਦੀ ਝੋਲੀ ਪਾਏ ਹਨ। ਸੁਪਰਹਿੱਟ ਪੰਜਾਬੀ ਫਿਲਮ ‘ਅਰਦਾਸ’ ‘ਚ ਕਨਵਰ ਗਰੇਵਾਲ ਵਲੋਂ ਗਾਇਆ ਗਿਆ ਗੀਤ ‘ਵਾਹ-ਵਾਹ ਰਮਜ਼ ਫਕੀਰਾ ਤੇਰੀ’ ਸਰੋਤਾ ਵਰਗ ਵਲੋਂ ਖੂਬ ਸਰਾਹਿਆ ਗਿਆ। ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਡਾਕਟਰਾਂ, ਪੁਲਿਸ ਮੁਲਾਜ਼ਮਾਂ ਤੇ ਸਫਾਈ ਸੇਵਕਾਂ ਵਲੋਂ ਨਿਭਾਈ ਗਈ ਤਨਦੇਹੀ ਨਾਲ ਸੇਵਾ ਦੇ ਸ਼ੁਕਰਾਨੇ ਵਜੋਂ ਗਾਇਆ ਗਿਆ ਗੀਤ ‘ਸਿਜਦਾ’ ਕਾਬਲ-ਏ-ਤਾਰੀਫ਼ ਹੈ। ਚਲੰਤ ਵਿਸ਼ਿਆਂ ‘ਤੇ ਗਾਉਣਾ ਗਰੇਵਾਲ ਦੀ ਖਾਸੀਅਤ ਹੈ। ਦਿੱਲੀ ਕਿਸਾਨੀ ਸੰਘਰਸ਼ ਮੋਰਚੇ ‘ਚ ਜਿੱਥੇ ਕਿਸਾਨੀ ਧਰਨਿਆਂ ਵਿਚ ਕਨਵਰ ਗਰੇਵਾਲ ਨੇ ਆਪ ਜਾ ਕੇ ਨਿਡਰਤਾ ਤੇ ਦਲੇਰਾਨਾ ਹੀਏ ਨਾਲ ਕਿਸਾਨੀ ਸੰਘਰਸ਼ ਨੂੰ ਮੁਘਾਉਣ ‘ਚ ਮੋਹਰੀ ਭੂਮਿਕਾ ਨਿਭਾਈ, ਉੱਥੇ ਦਿੱਲੀ ਮੋਰਚੇ ਨੂੰ ਸਮਰਪਿਤ ਕਨਵਰ ਗਰੇਵਾਲ ਦੇ ਗੀਤ ‘ਅੱਖਾਂ ਖੋਲ੍ਹ ਪੰਜਾਬ ਸਿਹਾਂ’, ‘ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ’, ‘ਪੇਚਾ’, ‘ਜ਼ਿੰਦਾਬਾਦ ਨੀ ਜਵਾਨੀਏ’, ‘ਐਲਾਨ’ ਆਦਿ ਨਾਲ ਕਿਸਾਨੀ ਸੰਘਰਸ਼ ‘ਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਦੇ ਜੋਸ਼, ਜਜ਼ਬੇ, ਹੌਸਲੇ ਤੇ ਜਾਨੂੰਨ ਨੂੰ ਦੂਣਾ ਕੀਤਾ। ਬਾਹਰੋਂ ਖੁੱਲ੍ਹੀ-ਡੁੱਲ੍ਹੀ ਅਤੇ ਅਲਬੇਲੀ ਜਾਪਣ ਵਾਲੀ ਇਸ ਅਨੋਖੀ ਸ਼ਖਸੀਅਤ ਦੇ ਮਨ-ਅੰਤਰ ਵਿਚ ਅੰਤਾਂ ਦੀ ਸੰਜੀਦਗੀ ਅਤੇ ਸੁਹਿਰਦਤਾ ਦਾ ਵਾਸਾ ਹੈ। ਸੋਸ਼ਲ ਮੀਡੀਏ ਦੇ ਕਾਟੋ ਕਲੇਸ਼ ਤੋਂ ਕੋਹਾਂ ਦੂਰ ਗਰੇਵਾਲ ਸਾਦ-ਮੁਰਾਦਾ ਧਰਤੀ ਨਾਲ ਜੁੜਿਆ ਮਿਲਣਸਾਰ ਤੇ ਜ਼ਿੰਦਾਦਿਲ ਇਨਸਾਨ ਐ।

Comment here