ਸਿਆਸਤਖਬਰਾਂ

‘ਪੰਜਾਬ ਪੁਲਸ ਦੇ ਅਧਿਕਾਰ ਬਰਕਰਾਰ’-ਆਈ. ਜੀ. ਮਿਸ਼ਰਾ

ਬੀਐਸਐਫ ਅਧਿਕਾਰ ਖੇਤਰ ’ਤੇ ਕੀਤੀ ਟਿਪਣੀ

ਜਲੰਧਰ-ਕੇਂਦਰ ਸਰਕਾਰ ਵਲੋਂ ਬੀ. ਐਸ. ਐਫ. ਨੂੰ ਪੰਜਾਬ ਵਿੱਚ ਦਿੱਤੇ ਵੱਧ ਅਧਿਕਾਰਾਂ ਨੂੰ ਲੈ ਕੇ ਬੀ. ਐੱਸ. ਐੱਫ. ਪੰਜਾਬ ਫਰੰਟੀਅਰਜ਼ ਦੇ ਆਈ. ਜੀ. ਸੋਨਾਲੀ ਮਿਸ਼ਰਾ ਵੱਲੋਂ ਜਲੰਧਰ ’ਚ ਪ੍ਰੈੱਸ ਵਾਰਤਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ’ਚ ਪਿਛਲੇ ਸਾਲਾਂ ਤੋਂ ਡਰੋਨ ਸਭ ਤੋਂ ਵੱਡੀ ਸਮੱਸਿਆ ਬਣ ਕੇ ਉਬਰਿਆ ਹੈ, ਜਿਸ ਨੂੰ ਫੜਨ ਨੂੰ ਲੈ ਕੇ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਤੱਕ ਬੀ. ਐੱਸ. ਐੱਫ. ਵੱਲੋਂ 387 ਕਿਲੋ ਡਰੱਗ, 55 ਹਥਿਆਰ, ਡਰੋਨ 45 ਫੜੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 77 ਘੁਸਪੈਠੀਆਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ, 6 ਤਸਕਰ ਬਾਰਡਰ ’ਤੇ ਮਾਰੇ ਗਏ ਅਤੇ ਪਾਕਿਸਤਾਨ ਨੂੰ 15 ਸੌਂਪੇ ਗਏ ਹਨ। ਜੁਆਇੰਟ ਆਪਰੇਸ਼ਨ ਦੇ ਤਹਿਤ ਇਹ ਕਾਰਵਾਈ ਕੀਤੀ ਗਈ।
ਉਨ੍ਹਾਂ ਕਿਹਾ ਕਿ ਡਰੋਨ ਦੇ ਖ਼ਤਰੇ ਨੂੰ ਵੇਖਦੇ ਹੋਏ ਕਈ ਏਜੰਸੀਆਂ ਨੂੰ ਚੌਕਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰੋਨ ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸੂਬਾ, ਪੁਲਸ ਅਤੇ ਸੁਰੱਖਿਆ ਏਜੰਸੀਆਂ, ਮੁੱਖ ਰੂਪ ਨਾਲ ਐੱਨ.ਸੀ.ਬੀ. ਦੇ ਨਾਲ ਸਾਂਝੀ ਮੁਹਿੰਮ ਚਲਾਈ ਗਈ ਹੈ। ਇਨ੍ਹਾਂ ਮੁਹਿੰਮਾਂ ਦੇ ਤਹਿਤ ਉਨ੍ਹਾਂ ਨੂੰ ਕਾਫ਼ੀ ਸਫ਼ਲਤਾ ਹਾਸਲ ਹੋਈ ਹੈ। ਜਦੋਂ ਵੀ ਕੋਈ ਡਰੋਨ ਬਾਰਡਰ ਦੇ ਨੇੜੇ ਉੱਡਦਾ ਵਿਖਾਈ ਦਿੰਦਾ ਹੈ ਤਾਂ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਜਾਂਦਾ ਸੀ। ਜੁਆਇੰਟ ਪੈਟਰੋਲਿੰਗ, ਜੁਆਇੰਟ ਨਾਕਾ, ਸਰਚ ਆਪਰੇਸ਼ਨ ਚਲਾਏ ਜਾਂਦੇ ਸਨ ਤਾਂਕਿ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਆਈ. ਜੀ. ਨੇ ਕਿਹਾ ਕਿ ਬੀ. ਐੱਸ. ਐੱਫ. ਨੂੰ 1969 ਤੋਂ ਕਈ ਕੰਮ ਦਿੱਤੇ ਗਏ ਅਤੇ ਸਰਹੱਦਾਂ ’ਤੇ 15 ਕਿਲੋਮੀਟਰ ਖੇਤਰ ’ਚ ਕੰਮ ਕਰਨ ਦੇ ਅਧਿਕਾਰ ਦਿੱਤੇ ਗਏ ਸਨ, ਜਿਸ ਨੂੰ ਹੁਣ 50 ਕਿਲੋਮੀਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਸਰਚ ਅਤੇ ਸੀਜ਼ਰ ਕਰਨ ਦਾ ਅਧਿਕਾਰ ਹੈ ਪਰ ਅੱਗੇ ਦਾ ਕੋਰਟ ’ਚ ਪੇਸ਼ ਕਰਨ ਦਾ ਕੰਮ ਅਤੇ ਚਾਰਜਸ਼ੀਟ ਕਰਨ ਦਾ ਕੰਮ ਪੁਲਸ ਦਾ ਹੈ ਅਤੇ ਬੀ. ਐੱਸ. ਐੱਫ. ਸਿਰਫ਼ ਲੋਕਲ ਪੁਲਸ ਦੀ ਮਦਦ ਕਰ ਰਹੀ ਹੈ ਅਤੇ ਪੰਜਾਬ ਪੁਲਸ ਦੇ ਅਧਿਕਾਰਾਂ ’ਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਹੈ।

Comment here