ਖਬਰਾਂਚਲੰਤ ਮਾਮਲੇਦੁਨੀਆ

ਪੰਜਾਬ ਦੇ 8 ਜ਼ਿਲ੍ਹਿਆਂ ‘ਚ ਹੜ੍ਹਾਂ ਦੀ ਮਾਰ, ਗੁਰਦਾਸਪੁਰ ‘ਚ ਹਾਲਾਤ ਗੰਭੀਰ

ਚੰਡੀਗੜ੍ਹ-ਪਾਣੀਆਂ ਦੀ ਧਰਤੀ ਪੰਜਾਬ ਨੂੰ ਸਾਲ 2023 ਦੀ ਬਰਸਾਤ ਬਹੁਤ ਮਹਿੰਗੀ ਪੈ ਰਹੀ ਹੈ। ਕਦੇ ਪੰਜਾਬ ਵਿੱਚ ਪਈ ਭਾਰੀ ਬਰਸਾਤ ਆਫਤ ਬਣ ਕੇ ਆਈ ਅਤੇ ਹੁਣ ਪਹਾੜਾਂ ਵਿੱਚ ਹੋਈ ਬਰਸਾਤ ਨੇ ਸੂਬੇ ਦੇ 8 ਜ਼ਿਲ੍ਹਿਆਂ ਅੰਦਰ ਤਬਾਹੀ ਕਰ ਦਿੱਤੀ ਹੈ। ਜੁਲਾਈ ਮਹੀਨੇ ਹੋਈ ਭਾਰੀ ਬਰਸਾਤ ਨੇ ਪੰਜਾਬ ਦੇ 19 ਜ਼ਿਲ੍ਹਿਆਂ ਨੂੰ ਕਲਾਵੇ ਵਿੱਚ ਲਿਆ ਸੀ ਅਤੇ ਇਸ ਵਾਰ ਡੈਮਾਂ ਦੇ ਪਾਣੀ ਕਾਰਣ ਕੰਢੀ ਖੇਤਰ ਦੇ 8 ਜ਼ਿਲ੍ਹੇ ਪਾਣੀ ਦੀ ਮਾਰ ਹੇਠ ਹਨ।
ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਣ ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਰੂਪਨਗਰ ਵਿੱਚ ਆਪਣਾ ਅਸਰ ਵਿਖਾਇਆ ਹੈ ਅਤੇ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਬੇਲਾ, ਹਰਸਾਬੇਲਾ, ਭਲਾਣ, ਪਲਾਸੀ, ਸੈਸੋਵਾਲ ਅਤੇ ਪੱਸੀਵਾਲ ਪਾਣੀ ਦੀ ਮਾਰ ਹੇਠ ਹਨ । ਦੂਜੇ ਪਾਸੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਪੌਂਗ ਡੈਮ ਤੋਂ ਛੱਡੇ ਪਾਣੀ ਨੇ ਹੁਣ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦਾ ਸਭ ਤੋਂ ਵੱਧ ਅਸਰ ਗੁਰਦਾਸਪੁਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਰੂਪਨਗਰ ਦੀ ਤਹਿਸੀਲ ਨੰਗਲ ਦੇ ਨਜ਼ਦੀਕੀ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਨੇ ਮਾਰ ਪਾਈ ਹੈ। ਪਿੰਡ ਭਲਾਣ, ਭਨਾਮ, ਜਿੰਦਵੜੀ, ਧਿਆਨ ਬੇਲਾ, ਭਲੜੀ, ਐਲਗਰਾਂ ਸ਼ਾਹਪੁਰ ਬੇਲਾ, ਨਾਨਗਰਾਂ, ਗੋਲਹਣੀ ਤੋਂ ਇਲ਼ਾਵਾ ਹੋਰ ਦਰਜਨਾਂ ਪਿੰਡ ਜੋਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ ਇਹ ਸਾਰੇ ਖਤਰੇ ਵਿੱਚ ਹਨ। ਇਹਨਾਂ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ ਪਰਿਵਾਰ ਦੇ ਨਾਲ-ਨਾਲ ਜ਼ਰੂਰੀ ਘਰੇਲੂ ਸਮਾਨ ਅਤੇ ਦੁਧਾਰੂ ਪਸ਼ੂਆ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਆ ਗਏ ਹਨ।
ਜ਼ਿਲ੍ਹੇ ਵਿੱਚ ਬਿਆਸ ਦਰਿਆ ਅਤੇ ਪੌਂਗ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ ਦੀਨਾਨਗਰ, ਗੁਰਦਾਸਪੁਰ ਅਤੇ ਕਾਹਨੂੰਵਾਨ ਖੇਤਰਾਂ ਵਿੱਚ ਕਰੀਬ 50 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਜਿਨ੍ਹਾਂ ਵਿੱਚੋਂ 12 ਦੇ ਕਰੀਬ ਪਿੰਡ ਖਾਸ ਕਰਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਗੁਰਾਦਾਸਪੁਰ ਵਿੱਚ, 15 ਕਿਸ਼ਤੀਆਂ ਨਾਲ ਟੀਮਾਂ ਨੇ 500 ਤੋਂ ਵੱਧ ਲੋਕਾਂ ਨੂੰ ਬਚਾਇਆ ਅਤੇ 100 ਤੋਂ ਵੱਧ ਨੂੰ ਜ਼ਿੰਦਾ ਬਾਹਰ ਕੱਢਿਆ। ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਚੀਚੀਆ ਛਰੋਈਆ, ਪੱਖੋਵਾਲ, ਦਾਉਵਾਲ, ਖਹਿਰਾ, ਦਲੇਰਪੁਰ, ਪਡਾਣਾ, ਛੀਨਾ ਬੇਟ, ਨਡਾਲਾ, ਜਗਪੁਰ ਕਲਾਂ, ਕੋਹਲੀਆਂ ਅਤੇ ਖਾਰੀਆਂ ਸ਼ਾਮਲ ਹਨ।

Comment here