ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਦੇ ਸਿੱਖਿਆ ਖੇਤਰ ਚ ਅੱਵਲ ਆਉਣ ‘ਤੇ ਮਘੀ ਸਿਆਸਤ

ਮਾਨ ਸਰਕਾਰ ਨੇ ਨਹੀਂ ਦਿੱਤੀ ਵਧਾਈ

ਕਾਂਗਰਸ ਦਾ ਯੂਥ ਵਿੰਗ ਵਧਾਈ ਦੇਣ ਗਿਆ ਤਾਂ ਪੁਲਸ ਨੇ ਕੀਤੀ ਕਾਰਵਾਈ 

ਚੰਡੀਗੜ੍ਹ-ਪੰਜਾਬ ਦੀ ਮਾਨ ਸਰਕਾਰ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਦਿੱਲੀ ਦਾ ਸਿਹਤ ਤੇ ਸਿੱਖਿਆ ਮਾਡਲ ਪੰਜਾਬ ਵਿੱਚ ਲਾਗੂ ਕਰਨਗੇ ਪਰ ਹਾਲ ਹੀ ਚ ਹੋਏ ਇਕ ਸਰਵੇ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਲੀ ਤੋਂ ਕਿਤੇ ਮੂਹਰੇ ਗਰਦਾਨਿਆ ਹੈ, ਇਸ ਤੇ ਸਿਆਸਤ ਮਘ ਗਈ ਹੈ, ਮਾਨ ਸਰਕਾਰ ਦੀ ਅਲੋਚਨਾ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਸਿੱਖਿਆ ਮਾਡਲ ਦਿੱਲੀ ਚ ਲਾਗੂ ਕਰਵਾਇਆ ਜਾਵੇ। ਪੰਜਾਬ ਸਰਕਾਰ ਅਤੇ ‘ਆਪ’ ਦੇ ਆਗੂਆਂ ਵੱਲੋਂ ਸਿੱਖਿਆ ਦੇ ਖ਼ੇਤਰ ’ਚ ਪੰਜਾਬ ਦਾ ਪਹਿਲਾ ਸਥਾਨ ਆਉਣ ’ਤੇ ਅਧਿਆਪਕ ਵਰਗ ਨੂੰ ਵਧਾਈ ਨਾ ਦੇਣ ਦੇ ਰੋਸ ਵਜੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਯੂਥ ਆਗੂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਡੂ ਭੇਟ ਕਰਨ ਗਏ ਪਰ ਚੰਡੀਗਡ਼੍ਹ ਪੁਲਿਸ ਨੇ ਯੂਥ ਕਾਂਗਰਸੀ ਆਗੂਆਂ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਨੇਡ਼ੇ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਕੇ ਸੈਕਟਰ 39 ਦੇ ਥਾਣੇ ਡੱਕ ਦਿੱਤਾ। ਇੱਥੇ ਯੂਥ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਢਿੱਲੋਂ ਨੇ ਸਕੂਲੀ ਸਿੱਖਿਆ ਦੀ ਕੀਤੀ ਗਈ ਦਰਜਾਬੰਦੀ ’ਚੋਂ ਪੰਜਾਬ ਦਾ ਪਹਿਲਾ ਸਥਾਨ ਆਉਣ ’ਤੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਢਿੱਲੋਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਹ ਖੁਸ਼ੀ ਸਾਂਝੀ ਕਰਨ ਲਈ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਮੁੱਖ ਮੰਤਰੀ ਨਿਵਾਸ ਵੱਲ ਜਾ ਰਹੇ ਸੀ। ਢਿੱਲੋਂ ਨੇ ਕਿਹਾ ਕਿ ਪਿਛਲੇ ਪੰਜ ਸਾਲਾ ਦੌਰਾਨ ਕਾਂਗਰਸ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਚੱੁਕੇ ਗਏ ਕਦਮਾਂ ਤੇ ਸਕੂਲੀ ਅਧਿਆਪਕਾਂ ਦੀ ਮਿਹਨਤ ਸਦਕਾ ਪੰਜਾਬ ਪਹਿਲੇ ਸਥਾਨ ’ਤੇ ਪਹੁੰਚਾਇਆ ਪਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਛੋਟੀ ਛੋਟੀ ਗੱਲ ’ਤੇ ਵੱਡੇ ਵੱਡੇ ਇਸ਼ਤਿਹਾਰ ਦੇਣ ਵਾਲੀ ‘ਆਪ’ ਸਰਕਾਰ ਅੱਜ ਖ਼ੁਸ਼ ਕਿਉਂ ਨਹੀਂ ਹੈ? ਇਸ ਜਿੱਤ ਦੇ ਹੱਕਦਾਰ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਨੂੰ ਉਤਸ਼ਾਹਿਤ ਕਿਉਂ ਨਹੀਂ ਕੀਤਾ ਜਾ ਰਿਹਾ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਗਲਤ ਪ੍ਰਚਾਰ ਕਰ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕੀਤਾ ਗਿਆ ਸੀ ਪਰ ਅੱਜ ਪੰਜਾਬ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦੀ ਸਕੂਲੀ ਸਿੱਖਿਆ ਬਾਕੀ ਸੂਬਿਆਂ ਦੇ ਨਾਲ-ਨਾਲ ਦਿੱਲੀ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ। ਢਿੱਲੋਂ ਨੇ ਕਿਹਾ ਕਿ ‘ਆਪ’ ਆਗੂ ਦਿੱਲੀ ਮਾਡਲ ਤੇ ਦਿੱਲੀ ਦੇ ਸਕੂਲਾਂ ਦਾ ਢਿਡੋਰਾ ਪਿਟਦੇ ਰਹੇ ਹਨ ਪਰ ਤਾਜ਼ਾ ਨਤੀਜੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੇ ਨਹੀਂ ਪੰਜਾਬ ਦੇ ਸਕੂਲ ਕਿਤੇ ਬਿਹਤਰ ਹਨ। ਵਰਨਣਯੋਗ ਹੈ ਕਿ ਪਿਛਲੇ ਸਾਲ 12 ਨਵੰਬਰ ਨੂੰ ਰਾਸ਼ਟਰੀ ਸਰਵੇਖਣ 2021 ਵਿਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 720 ਜ਼ਿਲਿਆਂ ਦੇ 1.18 ਲੱਖ ਸਕੂਲਾਂ ਵਿਚ 34 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਗਿਆ ਸੀ। ਪੰਜਾਬ ਨੇ ਸਕੂਲੀ ਵਿਦਿਆਰਥੀਆਂ ਵਿਚ ਕੁਲ 500 ਵਿਚੋਂ 35 ਭਾਸ਼ਾ ਵਿਚ 35, ਗਣਿਤ ਵਿਚ 339 ਅਤੇ ਅਧਿਐਨ (ਈਵੀਐੱਸ) ਵਿਚ 334 ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਪੰਜਵੀਂ ਜਮਾਤ ਲਈ ਪੰਜਾਬ ਦੀ ਭਾਸ਼ਾ ਵਿਚ 339, ਗਣਿਤ ਵਿਚ 316 ਅਤੇ ਈਵੀਐੱਸ ਵਿਚ 310 ਅੰਕ ਆਏ ਹਨ। ਪੰਜਾਬ ਨੇ ਪੰਜਾਬੀ ਭਾਸ਼ਾ ਵਿਚ 338 ਅੰਕ, ਗਣਿਤ ਵਿਚ 297, ਵਿਗਿਆਨ ਵਿਚ 287 ਅਤੇ ਵਿਗਿਆਨ ਵਿਚ 288 ਅੰਕ ਪ੍ਰਾਪਤ ਕੀਤੇ ਹਨ। ਉਹੀ ਦਸਵੀਂ ਜਮਾਤ ਵਿਚ ਪੰਜਾਬ ਨੇ ਆਧੁਨਿਕ ਭਾਰਤੀ ਭਾਸ਼ਾ ਵਿਚ 288 ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬ 273 ਦੇ ਨਾਲ ਗਣਿਤ ਵਿਚ ਨੰਬਰ ਇਕ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਸਿੱਖਿਆ ਅਤੇ ਸਿਹਤ ਦੇ ਖ਼ੇਤਰ ਵਿਚ ਸੁਧਾਰ ਕਰਨ ਲਈ ਦਿੱਲੀ ਸਰਕਾਰ ਨਾਲ ਨਾਲੇਜ ਸ਼ੇਅਰ ਐੱਮਓਯੂ ਕੀਤਾ ਸੀ। ਢਿੱਲੋਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ‘ਆਪ’ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਡਰ ਕਾਰਨ ਬੋਲ ਨਹੀਂ ਰਹੇ।

Comment here