ਅਪਰਾਧਸਿਆਸਤਖਬਰਾਂ

ਪੰਜਾਬ ਦੇ ਰਸੂਖਦਾਰਾਂ ’ਚ  ਬੁਲਟਪਰੂਫ ਗੱਡੀਆਂ-ਜੈਕਟਾਂ ਦੀ ਮੰਗ ਵਧੀ

ਚੰਡੀਗੜ੍ਹ-ਮਰਹੂਮ ਰੇਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਿਜਨਸਮੈਨ, ਸਿਆਸਤਦਾਨ ਅਤੇ ਸਥਾਨਕ ਪੰਜਾਬੀ ਗਾਇਕ ਅਤੇ ਅਦਾਕਰਾਂ ਦੀ ਚਿੰਤਾ ਵੱਧ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਲੋਕ ਹੁਣ ਬੁਲਟਪਰੂਫ ਜੈਕਟਸ ਪਹਿਣਨਾ ਅਤੇ ਬੁਲਟਪਰੂਫ ਗੱਡੀਆਂ ਦੀ ਵਰਤੋਂ ਕਰਨ ਲੱਗੇ ਹਨ। ਬੁਲਟ ਪਰੂਫ ਜੈਕਟਸ ਅਤੇ ਗੱਡੀਆਂ ਦੀ ਸਪਲਾਈ ਕਰਨ ਵਾਲੀ ਇਕ ਫਰਮ ਦੇ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਵਿਚ ਪਿਛਲੇ 4 ਮਹੀਨਿਆਂ ਦੀ ਡਿਮਾਂਡ 55 ਫੀਸਦੀ ਵੱਧ ਗਈ ਹੈ। ਪਹਿਲਾਂ ਹਰ ਮਹੀਨੇ 8 ਤੋਂ 10 ਜੈਕਟਾਂ ਦੇ ਆਰਡਰ ਆਉਂਦੇ ਸਨ ਜਿਹੜੇ ਹੁਣ ਵੱਧ ਕੇ 15 ਤੋਂ 20 ਹੋ ਗਏ ਹਨ। ਇਸੇ ਤਰ੍ਹਾਂ ਗੱਡੀ ਦੀ ਗੱਲ ਕਰੀਏ ਤਾਂ ਪਹਿਲਾਂ 2 ਤੋਂ 3 ਗੱਡੀਆਂ ਦੀ ਡਿਮਾਂਡ ਸੀ, ਜਿਹੜੀ ਹੁਣ ਵੱਧ ਕੇ 4-6 ਹੋ ਗਈ ਹੈ।
ਬੁਲਟ ਪਰੂਫ ਕਾਰ ਲਈ 60 ਦਿਨ ਦਾ ਪ੍ਰੋਸੈੱਸ
ਇਕ ਕਾਰ ਨੂੰ ਬੁਲਟਪਰੂਫ ਬਨਾਉਣ ਵਿਚ 12 ਤੋਂ 18 ਲੱਖ ਰੁਪਏ ਤੱਕ ਖਰਚ ਆਉਂਦਾ ਹੈ। ਜਿਨ੍ਹਾਂ ਗੱਡੀਆਂ ਨੂੰ ਬੁਲਟ ਪਰੂਫ ਬਣਾਇਆ ਗਿਆ ਹੈ, ਉਨ੍ਹਾਂ ਵਿਚ ਸਕਾਰਪਿਓ, ਫਾਰਚੂਨਰ, ਅੰਡੈਵਰ ਅਤੇ ਪਜੈਰੋ ਸ਼ਾਮਲ ਹੈ। ਸਕਾਰਪਿਓ ਲਗਭਗ 12 ਲੱਖ ਰੁਪਏ ਅਤੇ ਇਕ ਫਾਰਚੂਨਰ ਲਗਭਗ 18 ਲੱਖ ਰੁਪਏ ’ਚ ਬੁਲਟਪਰੂਫ ਬਣਾਈ ਜਾਂਦੀ ਹੈ। ਬੁਲਟਪਰੂਫ ਕਾਰ ਬਨਾਉਣ ਵਿਚ ਲਗਭਗ 60 ਦਿਨ ਦਾ ਪ੍ਰੋਸੈੱਸ ਹੁੰਦਾ ਹੈ। ਪਹਿਲਾਂ ਬੁਲਟਪਰੂਫ ਗੱਡੀਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਫਿਕਸ ਹੁੰਦੇ ਸਨ। ਹੁਣ ਖੁੱਲ੍ਹਣ ਵਾਲੇ ਸ਼ੀਸ਼ਿਆਂ ਦੀ ਡਿਮਾਂਡ ਹੈ। ਇਸ ਲਈ ਵਿਦੇਸ਼ ਤੋਂ ਮਸ਼ੀਨ ਮੰਗਵਾ ਕੇ ਗੱਡੀਆਂ ਦੀ ਫਿਟਿੰਗ ਕੀਤੀ ਜਾਂਦੀ ਹੈ।
40 ਹਜ਼ਾਰ ਰੁਪਏ ਤੋਂ 2.5 ਲੱਖ ਕੀਮਤ ਦੀ ਹੈ ਬੁਲਟਪਰੂਫ ਜੈਕੇਟ
ਇਕ ਆਮ ਬੁਲਟਪਰੂਫ ਜੈਕਟ ਦਾ ਵਜ਼ਨ 4 ਤੋਂ 5 ਕਿੱਲੋ ਹੁੰਦਾ ਹੈ। ਜਿਹੜੀ ਜੈਕਟ ਫੌਜ ਦੇ ਜਵਾਨ ਅਤੇ ਅਫਸਰ ਪਹਿਨਦੇ ਹਨ, ਉਸ ਦਾ ਵਜ਼ਨ 5 ਤੋਂ 10 ਕਿੱਲੋ ਤਕ ਹੁੰਦਾ ਹੈ ਪਰ ਇਹ ਜੈਕਟ ਸਾਰੇ ਲੋਕਾਂ ਲਈ ਉਪਲਬਧ ਨਹੀਂ ਹੁੰਦੀ। ਬੁਲਟਪਰੂਫ ਜੈਕਟ ਡਿਮਾਂਡ ਅਨੁਸਾਰ ਤਿਆਰ ਕੀਤੇ ਜਾਂਦੇ ਹਨ। ਜੈਕੇਟ ਦੀ ਜ਼ਿਆਦਾਤਰ ਮੈਨੂਫੈਕਚਰਿੰਗ ਦਿੱਲੀ ਵਿਚ ਹੁੰਦੀ ਹੈ। ਇਸ ਨੂੰ ਬਨਾਉਣ ਵਾਲਿਆਂ ਅਨੁਸਾਰ ਬੁਲਟਪਰੂਫ ਜੈਕਟ ਦੀ ਕੀਮਤ 40,000 ਤੋਂ ਲੈ ਕੇ 2.5 ਲੱਖ ਤੱਕ ਹੁੰਦੀ ਹੈ ਅਤੇ ਇਹ ਇਸ ਦੇ ਮਟੀਰੀਅਲ ’ਤੇ ਨਿਰਭਰ ਕਰਦਾ ਹੈ। ਸਸਤੀ ਜੈਕਟ ਵਿਚ ਗੋਲੀ ਲੱਗਣ ’ਤੇ ਹਲਕੀ ਸੱਟ ਲੱਗਦੀ ਹੈ। ਇਸ ਲਈ ਜ਼ਿਆਦਾਤਰ ਮਹਿੰਗੀ ਅਤੇ ਜ਼ਿਆਦਾ ਪ੍ਰਭਾਵੀ ਜੈਕਟ ਦੀ ਮੰਗ ਕੀਤੀ ਜਾਂਦੀ ਹੈ।
ਖਾਸ ਤਕਨੀਕ ਨਾਲ ਤਿਆਰ ਹੁੰਦੇ ਹਨ ਰਿੰਮ-ਟਾਇਰ
ਜਿਸ ਗੱਡੀ ਨੂੰ ਬੁਲਟਪਰੂਫ ਕੀਤਾ ਜਾਂਦਾ ਹੈ, ਉਸ ਦੇ ਸਾਰੇ ਆਮ ਸ਼ੀਸ਼ਿਆਂ ਦੀ ਜਗ੍ਹਾ ਬੁਲਟਪਰੂਫ ਸ਼ੀਸ਼ੇ ਲਗਾਏ ਜਾਂਦੇ ਹਨ। ਟਾਇਰ ਵਿਚ ਗੋਲੀ ਲੱਗਣ ਤੋਂ ਬਾਅਦ ਵੀ ਗੱਡੀ ਦਾ ਸੰਤੁਲਨ ਨਹੀਂ ਵਿਗੜਦਾ, ਇਸ ਲਈ ਖਾਸ ਤਕਨੀਕ ਨਾਲ ਤਿਆਰ ਕੀਤੇ ਗਏ ਰਿੰਮ ਟਾਇਰ ਨਾਲ ਲਗਾਏ ਜਾਂਦੇ ਹਨ। ਬੁਲਟਪਰੂਫ ਸ਼ੀਸ਼ੇ ਅਤੇ ਦਰਵਾਜ਼ੇ ਲਗਾਉਣ ਤੋਂ ਬਾਅਦ ਉਨ੍ਹਾਂ ’ਤੇ ਕਾਰ ਦਾ ਅਸਲ ਰੰਗ ਕਰ ਦਿੱਤਾ ਜਾਂਦਾ ਹੈ।

Comment here