ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸਿਆਸਤ ਗਰਮਾਈ

ਬਠਿੰਡਾ-ਹੋਰਨਾਂ ਸੂਬਿਆਂ ਵੱਲੋਂ ਪਾਣੀ ਦੀ ਮੰਗ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਉੱਤੇ ਦਬਾਅ ਬਣਾਉਣ ਲਈ ਕਈ ਤਰ੍ਹਾਂ ਦੇ ਦਾਅ-ਪੇਚ ਖੇਡੇ ਜਾਂਦੇ ਰਹੇ ਹਨ ਅਤੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਲਗਾਤਾਰ ਸਿਆਸੀ ਮੁੱਦਾ ਬਣਦਾ ਰਿਹਾ ਹੈ। 21 ਮਈ ਨੂੰ ਬਠਿੰਡਾ ਵਿਖੇ ਰਾਜਸਥਾਨ ਦੇ ਨਾਗੋਰ ਤੋਂ ਲੋਕ ਸਭਾ ਮੈਂਬਰ ਹਨੂੰਮਾਨ ਬੈਨੀਪਾਲ ਵੱਲੋਂ ਸੰਯੁਕਤ ਮੋਰਚੇ ਨਾਲ ਸਬੰਧਤ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਸਰਹੰਦ ਕੈਨਾਲ ਨਹਿਰ ਰਾਹੀਂ ਰਾਜਸਥਾਨ ਨੂੰ ਦਿੱਤੇ ਜਾ ਰਹੇ ਸਾਡੇ 750 ਕਿਊਸਕ ਪਾਣੀ ਦੀ ਮਾਤਰਾ ਨੂੰ ਵਧਾ ਕੇ ਸਾਡੇ 1200 ਕਿਊਸਕ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਰਾਜਸਥਾਨ ਦੇ ਸ੍ਰੀਗੰਗਾਨਗਰ ਤੇ ਹਨੁਮਾਨਗੜ੍ਹ ਲਿਖੀ ਪਾਣੀ ਦੀ ਕਮੀ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਨੂੰ ਬਚਾਇਆ ਜਾ ਸਕੇ।ਇਸ ਬੈਠਕ ਤੋਂ ਬਾਅਦ ਲੋਕ ਸਭਾ ਮੈਂਬਰ ਹਨੂੰਮਾਨ ਬੈਨੀਵਾਲ ਨੇ ਦਾਅਵਾ ਕੀਤਾ ਸੀ ਕਿ ਰਾਜਸਥਾਨ ਦੇ ਕਿਸਾਨਾਂ ਦੀ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕਾਰਾਤਮਕ ਤਰੀਕੇ ਨਾਲ ਲਿਆ ਅਤੇ 5 ਜੂਨ ਤੋਂ ਰਾਜਸਥਾਨ ਨੂੰ ਸਰਹਿੰਦ ਕਨਾਲ ਰਾਹੀਂ 850 ਕਿਊਸਕ ਪਾਣੀ ਦਿੱਤਾ ਜਾਵੇਗਾ। ਹਨੂੰਮਾਨ ਬੈਨੀਪਾਲ ਦੇ ਇਸ ਦਾਅਵੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਰਾਜਸਥਾਨ ਦੇ ਕਿਸਾਨਾਂ ਵੱਲੋਂ ਪੰਜਾਬ ਤੋਂ ਪਾਣੀ ਮੰਗੇ ਜਾਣ ਦੇ ਮੁੱਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਰਾਜਸਥਾਨ ਪਾਣੀ ਉੱਤੇ ਬਣਦਾ ਹੱਕ ਲੈ ਸਕਦਾ ਹੈ, ਪਰ ਪਾਣੀ ਦੀ ਇਕ ਬੂੰਦ ਵੀ ਵਾਧੂ ਰਾਜਸਥਾਨ ਨੂੰ ਪੰਜਾਬ ਨਹੀਂ ਦੇਵੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁੱਧਵਾਰ ਨੂੰ ਅਬੋਹਰ ਵਿਖੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਾਏ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਸਮਾਂ ਬਾਅਦ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਨ੍ਹਾਂ ਚੋਣਾਂ ਵਿਚ ਲਾਹਾ ਲੈਣ ਲਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ, ਤਾਂ ਜੋ ਰਾਜਸਥਾਨ ਦੇ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਮਿਲ ਸਕੇ। ਉਨ੍ਹਾਂ ਕਿਹਾ ਕਿ ਸ਼ਰੇਆਮ ਭਗਵੰਤ ਸਿੰਘ ਮਾਨ ਵੱਲੋਂ ਦੋਵੇਂ ਹੱਥਾਂ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਲਈ ਲੁਟਾਇਆ ਜਾ ਰਿਹਾ ਹੈ। ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਹੁਣ ਪੰਜਾਬ ਦੇ ਪਾਣੀਆਂ ਦੀ ਲੁੱਟ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਜਾ ਰਹੀ ਹੈ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰੇਗਾ ਅਤੇ ਪਾਣੀਆਂ ਦੀ ਇਕ ਬੂੰਦ ਵੀ ਰਾਜਸਥਾਨ ਨੂੰ ਵੱਧ ਨਹੀਂ ਜਾਣ ਦਿੱਤੀ ਜਾਵੇਗੀ।
ਇੱਥੇ ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਰਾਜਸਥਾਨ ਦੇ ਕਿਸਾਨਾਂ ਵੱਲੋਂ ਲਗਾਤਾਰ ਪਾਣੀ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤਾ ਹੋਇਆ ਸੀ। ਇਹ ਅੰਦੋਲਨ 1 ਮਈ ਨੂੰ ਸ਼ੁਰੂ ਕੀਤਾ ਗਿਆ ਸੀ, ਜਦੋਂ ਕਿਸਾਨਾਂ ਵੱਲੋਂ ਸਿੰਚਾਈ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਸੀ ਅਤੇ ਫਿਰ ਰਾਜਸਥਾਨ ਦੇ ਕਿਸਾਨਾਂ ਵੱਲੋਂ 11 ਮਈ ਤੋਂ 18 ਮਈ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਨਾਗੌਰ ਤੋਂ ਲੋਕ ਸਭਾ ਮੈਂਬਰ ਅਤੇ ਰਾਸ਼ਟਰੀ ਲੋਕਤੰਤਰ ਪਾਰਟੀ ਦੇ ਸੁਪਰੀਮੋ ਹਨੂੰਮਾਨ ਬੈਨੀਪਾਲ ਵੱਲੋਂ 18 ਮਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਗੱਲਬਾਤ ਲਈ ਸਮਾਂ ਲਿਆ ਗਿਆ ਅਤੇ 21 ਤਰੀਕ ਨੂੰ ਬਠਿੰਡਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਰਾਜਸਥਾਨ ਦੇ ਕਿਸਾਨਾਂ ਅਤੇ ਹਨੂੰਮਾਨ ਬੈਨੀਪਾਲ ਵੱਲੋਂ ਪਾਣੀ ਦੇ ਮੁੱਦੇ ਉੱਤੇ ਬੈਠਕ ਕੀਤੀ ਗਈ। ਇਸ ਬੈਠਕ ਤੋਂ ਬਾਅਦ ਵਰਤਮਾਨ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ ਅਤੇ ਵਿਰੋਧੀਆਂ ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਰਾਜਸਥਾਨ ਨੂੰ ਦਿੱਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਉਧਰ ਦੂਜੇ ਪਾਸੇ, ਪੰਜਾਬ ਦੀ ਪ੍ਰਮੁੱਖ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਚੌਧਰੀ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਮੰਗ ਨੂੰ ਪੂਰਾ ਕਰੇ, ਜੇਕਰ ਪੰਜਾਬ ਕੋਲ ਫਾਲਤੂ ਪਾਣੀ ਬੱਚਦਾ ,ਹੈ ਤਾਂ ਉਹ ਰਾਜਸਥਾਨ ਨੂੰ ਦੇਵੇ।

Comment here