ਅਪਰਾਧਸਿਆਸਤਖਬਰਾਂ

ਪੰਜਾਬ ਦੇ ਧਾਰਮਿਕ ਸਥਾਨ ਤੇ ਆਗੂ ਅੱਤਵਾਦੀਆਂ ਦੇ ਨਿਸ਼ਾਨੇ ਤੇ

ਅੰਮ੍ਰਿਤਸਰ – ਹਾਲ ਹੀ ਵਿੱਚ ਪੰਜਾਬ ਪੁਲਸ ਵਲੋੰ ਗ੍ਰਿਫਤਾਰ ਕੀਤੇ ਗਏ ਦੋ ਖਾਲਿਸਤਾਨੀ ਕਾਰਕੁੰਨਾਂ ਤੋਂ ਪੁੱਛਗਿਛ ਦੌਰਾਨ ਕਈ ਖੁਲਾਸੇ ਹੋਏ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਨਾਪਾਕ ਸਾਜ਼ਿਸ਼ ਰਚ ਰਹੀ ਹੈ। ਉਸ ਦੀ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਰਾਹੀਂ ਪੰਜਾਬ ਵਿੱਚ ਧਾਰਮਿਕ ਸਥਾਨਾਂ ਅਤੇ ਧਾਰਮਿਕ ਆਗੂਆਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਹੈ। ਅੰਮ੍ਰਿਤਸਰ ਵਿੱਚ ਫੜੇ ਗਏ ਅੱਤਵਾਦੀ ਸੈਮੀ ਅਤੇ ਅੰਮ੍ਰਿਤਪਾਲ ਸਿੰਘ ਨੇ  ਪੁੱਛਗਿੱਛ ਦੌਰਾਨ ਹੋਰ ਵੀ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਪੁੱਛਗਿੱਛ ਦੌਰਾਨ ਦੋਵਾਂ ਅੱਤਵਾਦੀਆਂ ਨੇ ਇਹ ਮੰਨਿਆ ਹੈ ਕਿ ਪਾਕਿਸਤਾਨ ’ਚ ਬੈਠੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਅੱਤਵਾਦੀਆਂ ਨੇ ਆਈਐੱਸਆਈ ਨਾਲ ਮਿਲ ਕੇ ਹੈਂਡ ਗ੍ਰੇਨੇਡ ਦੀ ਖੇਪ ਭਾਰਤ ਪਹੁੰਚਾਈ ਸੀ। ਫੜੇ ਗਏ ਅੱਤਵਾਦੀ ਸੈਮੀ ਤੇ ਅੰਮ੍ਰਿਤਪਾਲ ਸਿੰਘ ਨੇ ਮੰਨਿਆ ਕਿ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਨੇ ਯੂਕੇ ’ਚ ਬੈਠੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਹੁਕਮ ਦਿੱਤਾ ਸੀ ਕਿ ਉਹ ਪੰਜਾਬ ’ਚ ਅੱਤਵਾਦੀਆਂ ਦੀ ਟੀਮ ਤਿਆਰ ਕਰੇ, ਤਾਂਕਿ ਆਉਣ ਵਾਲੇ ਦਿਨਾਂ ’ਚ ਪੰਜਾਬ ਦੀਆਂ ਧਾਰਮਿਕ ਥਾਵਾਂ ਤੇ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ, ਪਰ ਸੁਰੱਖਿਆ ਏਜੰਸੀਆਂ ਨੇ ਅੱਤਵਾਦੀਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਜੁਆਇੰਟ ਇੰਟੈਰੋਗੇਸ਼ਨ ਸੈਂਟਰ ’ਚ ਸੈਮੀ ਤੇ ਅੰਮ੍ਰਿਤਪਾਲ ਨੇ ਕਈ ਖੁਲਾਸੇ ਕੀਤੇ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਲੰਧਰ ਦੇ ਮਹੇੜੂ ਖੇਤਰ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਸਾਲ 2017 ਤੋਂ ਗੁਰਪ੍ਰੀਤ ਸਿੰਘ ਦੇ ਸੰਪਰਕ ’ਚ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਬੱਬਰ ਖਾਲਸਾ ਦੀਆਂ ਅੱਤਵਾਦੀ ਸਰਗਰਮੀਆਂ ਪੰਜਾਬ ’ਚ ਬੰਦ ਪਈਆਂ ਸਨ। ਦੂਜੇ ਪਾਸੇ ਬੀਕੇਆਈ ਪੰਜਾਬ ’ਚ ਇਕ ਵਾਰ ਫਿਰ ਤੋਂ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਉਸ ਨੇ ਯੂਕੇ ਬੈਠੇ ਗੁਰਪ੍ਰੀਤ ਸਿੰਘ ਚੁਣਿਆ। ਬੀਕੇਆਈ ਦੇ ਅੱਤਵਾਦੀ ਸਾਥੀ ਕੈਨੇਡਾ ਤੇ ਜਰਮਨੀ ’ਚ ਰਹਿੰਦੇ ਹੋਏ ਅੱਤਵਾਦੀਆਂ ਨੂੰ ਫੰਡਿੰਗ ਕਰ ਰਹੇ ਹਨ ਤਾਂ ਜੋ ਹਥਿਆਰ ਖਰੀਦ ਕੇ ਪੰਜਾਬ ਦੇ ਹਾਲਾਤ ਵਿਗਾਡ਼ੇ ਜਾ ਸਕਣ। ਫਡ਼ੇ ਗਏ ਅੱਠ ਗ੍ਰੇਨੇਡ, ਪੰਜ ਪਿਸਤੌਲਾਂ, ਟਿਫਨ ਬੰਬ ਤੇ ਤਿੰਨ ਕਿਲੋ ਆਰਡੀਐਕਸ ਆਈਐੱਸਆਈ ਵੱਲੋਂ ਹੀ ਭੇਜੇ ਗਏ ਸਨ। ਇਨ੍ਹਾਂ ਹਥਿਆਰਾਂ ਰਾਹੀਂ ਹੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀ। ਪੁਲਿਸ ਅਧਿਕਾਰੀ ਸਰਹੱਦੀ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਨੂੰ ਡਰੋਨ ਸਬੰਧੀ ਜਾਗਰੂਕ ਕਰ ਰਹੇ ਹਨ। ਆਉਣ ਵਾਲੇ ਦਿਨਾਂ ’ਚ ਪੰਚਾਇਤ ਮੈਂਬਰ ਤੇ ਪੁਲਿਸ ਮੁਲਾਜ਼ਮ ਹਰੇਕ ਪਿੰਡ ’ਚ ਅੱਤਵਾਦੀਆਂ ਸਰਗਰਮੀਆਂ ’ਚ ਡਰੋਨ ਦੀ ਸ਼ਮੂਲੀਅਤ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ। ਐੱਸਐੱਸਪੀ ਗੁਰਨੀਤ ਸਿੰਘ ਖੁਰਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਡਰੋਨ ਵਿਖਾਈ ਦੇਵੇ ਜਾਂ ਉਸ ਦੀ ਆਵਾਜ਼ ਸੁਣਾਈ ਦੇਵੇ ਤਾਂ ਤੁਰੰਤ ਸਬੰਧਤ ਥਾਣੇ ਨੂੰ ਸੁਚਨਾ ਦਿੱਤੀ ਜਾਵੇ।ਭਾਰਤ-ਪਾਕਿ ਸਰਹੱਦ ’ਤੇ ਲਗਾਤਾਰ ਹਥਿਆਰਾਂ ਦੀ ਖੇਪ ਮਿਲਣ ਤੋਂ ਬਾਅਦ ਪੁਲਿਸ ਦੀ ਤਲਾਸ਼ੀ ਮੁਹਿੰਮ ਹੋਰ ਤੇਜ਼ ਕੀਤੀ ਜਾ ਚੁੱਕੀ ਹੈ। ਸ਼ੱਕੀਆਂ ਨੂੰ ਪੁੱਛਗਿੱਛ ਲਈ ਰਾਊਂਡਅੱਪ ਕੀਤਾ ਹੈ। ਸਥਾਨਕ ਲੋਕ ਪੁਲਸ ਦਾ ਪੂਰਾ ਸਹਿਯੋਗ ਕਰ ਰਹੇ ਹਨ।

Comment here