ਸਿਆਸਤਖਬਰਾਂਮਨੋਰੰਜਨ

ਪੰਜਾਬ ਦੇ ਤਿੰਨ ਦੂਰਦਰਸ਼ਨ ਟਾਵਰਾਂ ਨੂੰ ਵੱਜਣਗੇ ਜਿੰਦੇ

ਜਲੰਧਰ-ਭਾਰਤ ਦਾ ਪਹਿਲਾ ਟੈਲੀਵਿਜ਼ਨ ਸਟੇਸ਼ਨ ਸਾਲ 1959 ‘ਚ ਦਿੱਲੀ ਵਿਖੇ ਖੁੱਲ੍ਹਿਆ ਅਤੇ ਇਸ ਤੋਂ ਬਾਅਦ 1965 ‘ਚ ਪਾਕਿਸਤਾਨ ਟੈਲੀਵਿਜ਼ਨ ਦਾ ਲਾਹੌਰ ਕੇਂਦਰ ਖੋਲ੍ਹਿਆ ਗਿਆ। ਹੌਲੀ ਹੌਲੀ ਪੰਜਾਬ ਚ ਵੀ ਦੂਰਦਰਸ਼ਨ ਹਰਮਨਪਿਆਰਾ ਹੋ ਗਿਆ, ਪਰ ਹੁਣ ਦੇਸ਼ ਬਦਲ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਲੱਗੇ ਚਾਰ ਟੀ.ਵੀ ਟਰਾਂਸਮਿਸ਼ਨ ਟਾਵਰਾਂ ਵਿਚੋਂ 3 ਨੂੰ ਬੰਦ ਕਰਨ ਦੀ ਯੋਜਨਾ ਹੈ। ਇਸ ਸਮੇਂ ਇਹ ਟੀ.ਵੀ. ਟਰਾਂਸਮਿਸ਼ਨ ਟਾਵਰ ਅੰਮ੍ਰਿਤਸਰ, ਜਲੰਧਰ, ਫਾਜ਼ਿਲਕਾ ਅਤੇ ਬਠਿੰਡਾ ਵਿਚ ਲੱਗੇ ਹੋਏ ਹਨ। ਇਨ੍ਹਾਂ ਟਾਵਰਾਂ ਰਾਹੀਂ ਦੂਰਦਰਸ਼ਨ ਜਲੰਧਰ ਤੇ ਕੌਮੀ ਦੂਰਦਰਸ਼ਨ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਇਨ੍ਹਾਂ ’ਚੋਂ ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰ 31 ਮਾਰਚ ਤੱਕ ਬੰਦ ਹੋ ਜਾਣਗੇ, ਜੋ ਬਠਿੰਡਾ, ਅੰਮ੍ਰਿਤਸਰ ਅਤੇ ਫਾਜ਼ਿਲਕਾ ’ਚ ਲੱਗੇ ਹੋਏ ਹਨ।  ਏਸ਼ੀਆ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ, ਫ਼ੌਜੀ ਛਾਉਣੀ ਤੇ ਖਾਦ ਕਾਰਖ਼ਾਨੇ ਨਾਲ ਪਛਾਣ ਬਣਾ ਚੁੱਕੇ ਬਠਿੰਡਾ ਦੇ ਨਾਂਅ ਨਾਲ ਉਸ ਸਮੇਂ ਇਕ ਹੋਰ ਇਤਿਹਾਸ ਜੁੜ ਗਿਆ ਸੀ, ਜਦੋਂ 1985 ‘ਚ 135 ਮੀਟਰ ਉੱਚਾ ਟੀ.ਵੀ. ਟਾਵਰ ਸਥਾਪਿਤ ਹੋਇਆ। ਇਸ ਦੇ ਲੱਗਣ ਨਾਲ ਲੋਕਾਂ ਦੀਆਂ ਛੱਤਾਂ ‘ਤੇ ਲੱਗੇ 20-20, 30-30 ਫੁੱਟ ਉੱਚੇ ਅੰਟੀਨੇ ਉਤਾਰ ਦਿੱਤੇ ਗਏ ਅਤੇ ਸਾਫ਼ ਸੁਥਰੇ ਟੀ.ਵੀ. ਪ੍ਰੋਗਰਾਮ ਦੇਖਣ ਨੂੰ ਨਸੀਬ ਹੋਏ। ਹੁਣ ਕੇਂਦਰ ਸਰਕਾਰ ਨੇ ਬਠਿੰਡਾ ਦੇ ਟੀ.ਵੀ. ਟਾਵਰ ਨੂੰ 31 ਅਕਤੂਬਰ ਨੂੰ ਪੂਰਨ ਤੌਰ ‘ਤੇ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਨਾਲ ਚੈਨਲਾਂ ਦੇ ਘੜਮੱਸ ਤੋਂ ਅੱਕੇ ਲੋਕ, ਜੋ ਅਜੇ ਵੀ ਦੂਰਦਰਸ਼ਨ ਦੇ ਸਾਫ਼-ਸੁਥਰੇ ਪ੍ਰੋਗਰਾਮ ਦੇਖਣ ਲਈ ਬਠਿੰਡਾ ਦੇ ਟੀ.ਵੀ. ਟਾਵਰ ‘ਤੇ ਨਿਰਭਰ ਹਨ, ਨੂੰ ਵੱਡਾ ਝਟਕਾ ਲੱਗਾ ਹੈ। ਅੰਮ੍ਰਿਤਸਰ ਵਿਚ ਇਹ ਟਾਵਰ ਪਿੰਡ ਬਾਸਰਕੇ ਗਿੱਲਾਂ ਵਿਚ ਸਥਾਪਤ ਹੈ। ਜਾਣਕਾਰੀ ਮੁਤਾਬਕ ਇਸ ਟਾਵਰ ਰਾਹੀਂ ਚਾਰ ਨਿੱਜੀ ਕੰਪਨੀਆਂ ਵਲੋਂ ਆਪਣੇ ਐਫਐਮ ਚੈਨਲ ਵੀ ਚਲਾਏ ਜਾ ਰਹੇ ਹਨ। ਹੁਣ ਇਨ੍ਹਾਂ ਨੂੰ ਬੰਦ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਜਲੰਧਰ ਨੂੰ ਛੱਡ ਕੇ ਅੰਮ੍ਰਿਤਸਰ ਵਿਚ ਲੱਗੇ ਇਸ ਟਰਾਂਸਮਿਸ਼ਨ ਟਾਵਰ ਨੂੰ 31 ਦਸੰਬਰ, ਬਠਿੰਡਾ ਵਿਚ ਲੱਗੇ ਟਾਵਰ ਨੂੰ ਇਸ ਮਹੀਨੇ ਦੇ ਆਖੀਰ ਯਾਨੀ 31 ਅਕਤੂਬਰ ਤੱਕ ਅਤੇ ਫਾਜ਼ਿਲਕਾ ਵਿਚ ਲੱਗੇ ਟਾਵਰ ਨੂੰ 31 ਮਾਰਚ 2022 ਤਕ ਹੀ ਚਲਾਉਣ ਦੀ ਯੋਜਨਾ ਹੈ। ਅੰਮ੍ਰਿਤਸਰ ਵਿਕਾਸ ਮੰਚ ਵਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਇਸ ਬਾਰੇ ਪੱਤਰ ਲਿਖ ਕੇ ਦੱਸਿਆ ਗਿਆ ਹੈ ਕਿ ਦੂਰਦਰਸ਼ਨ ਅੰਮ੍ਰਿਤਸਰ ਭਾਰਤ ਦਾ ਤੀਜਾ ਸਭ ਤੋਂ ਪੁਰਾਣਾ ਟੈਲੀਵਿਜ਼ਨ ਸਟੇਸ਼ਨ ਹੈ, ਜੋ 1973 ਤੋਂ ਸੇਵਾਵਾਂ ਦੇ ਰਿਹਾ ਹੈ। ਇਸ ਨੂੰ ਬੰਦ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ।

Comment here