ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਦੇ ਚੋਣ ਨਤੀਜੇ ਤੈਅ ਕਰਨਗੇ ਸਿੱਧੂ ਦਾ ਸਿਆਸੀ ਭਵਿੱਖ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਨਤੀਜੇ ਆਉਣ ਵਿੱਚ ਕੁਝ ਕੁ ਦਿਨ ਬਚੇ ਹਨ। ਹਰ ਧਿਰ ਜਿੱਤ ਦੇ ਦਾਅਵੇ ਕਰ ਰਹੀ ਹੈ।  ਵੋਟਾਂ ਪੈਣ ਤੋਂ ਬਾਅਦ ਤੋਂ ਹੀ ਪੰਜਾਬ ਦੇ ਨਾਮਵਰ ਨੇਤਾਵਾਂ ਵਿਚਾਲੇ ਚੱਲ ਰਿਹਾ ਝਗੜਾ ਇੰਟਰਨੈੱਟ ਮੀਡੀਆ ਤੋਂ ਗਾਇਬ ਹੋ ਗਿਆ ਹੈ। ਵੋਟਿੰਗ ਤੋਂ ਪਹਿਲਾਂ ਟਵਿੱਟਰ ‘ਤੇ ਸਰਗਰਮ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਚੁੱਪ ਹਨ। ਮੁਹਿੰਮ ਖਤਮ ਹੋਣ ਤੋਂ ਬਾਅਦ ਨਵਜੋਤ ਸਿੰਘ ਨੇ ਟਵਿੱਟਰ ‘ਤੇ ਕੋਈ ਸਿਆਸੀ ਟਿੱਪਣੀ ਨਹੀਂ ਕੀਤੀ ਹੈ। ਆਖਰੀ ਸਿਆਸੀ ਝਟਕਾ ਉਸ ਨੇ ਟਵਿੱਟਰ ‘ਤੇ 18 ਫਰਵਰੀ ਨੂੰ ਲਗਾਇਆ ਸੀ, ਜਿਸ ਦਿਨ ਚੋਣ ਮੁਹਿੰਮ ਖਤਮ ਹੋਈ ਸੀ। ਸਿੱਧੂ ਨੇ 18 ਫਰਵਰੀ ਨੂੰ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ। ਇਸ ਤੋਂ ਬਾਅਦ ਸਿੱਧੂ ਨੇ ਟਵੀਟ ਕੀਤਾ ਪਰ ਇਕ ਟਵੀਟ ‘ਚ ਉਨ੍ਹਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਦੂਜੇ ‘ਚ ਮਹਾਸ਼ਿਵਰਾਤਰੀ ‘ਤੇ ਲੋਕਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਐਮ ਚਿਹਰੇ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਵੋਟਿੰਗ ਦੌਰਾਨ ਸਿਆਸੀ ਹਮਲਾ ਬੋਲਿਆ ਸੀ। ਉਨ੍ਹਾਂ ਲਿਖਿਆ, ਅਕਾਲੀ-ਭਾਜਪਾ ਦੀ ਭਾਈਵਾਲੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਦੋਵੇਂ ਡੇਰਾ ਸੱਚਾ ਸੌਦਾ ਦਾ ਸਮਰਥਨ ਲੈ ਰਹੇ ਹਨ। ਆਉ ਇਕੱਠੇ ਹੋਵੋ, ਪੰਜਾਬ ਦੇ ਲੋਕ ਇਹਨਾਂ ਕਾਮਰੇਡਾਂ ਖਿਲਾਫ ਇੱਕਮੁੱਠ ਹੋ ਕੇ ਇਹਨਾਂ ਨੂੰ ਆਪਣੀਆਂ ਵੋਟਾਂ ਨਾਲ ਸਬਕ ਸਿਖਾ ਦੇਣਗੇ। ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਤੋਂ ਹੀ ਚਰਨਜੀਤ ਸਿੰਘ ਚੰਨੀ ਟਵਿੱਟਰ ‘ਤੇ ਸਰਗਰਮ ਸਨ ਪਰ ਸਿਆਸੀ ਹਮਲਿਆਂ ਤੋਂ ਬਚਦੇ ਰਹੇ।

ਇਹ ਵੀ ਚਰਚਾ ਸਿਆਸੀ ਖੇਮੇ ਵਿਚ ਹੈ ਕਿ 10 ਮਾਰਚ ਨੂੰ ਆਉਣ ਵਾਲੇ ਚੋਣ ਨਤੀਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਸਿਆਸੀ ਭਵਿੱਖ ਤੈਅ ਕਰਨਗੇ। ਕਾਂਗਰਸ ਜੇਕਰ ਸਰਕਾਰ ਬਣਾਉਣ ਦਾ ਅੰਕੜਾ ਪੂਰਾ ਕਰਦੀ ਹੈ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀਰੋ ਬਣਨਗੇ ਕਿਉਂਕਿ ਜਿੱਤ ਦਾ ਸਿਹਰਾ ਚੰਨੀ ਨੂੰ ਜਾਵੇਗਾ ਪਰ ਜੇਕਰ ਕਾਂਗਰਸ ਸਰਕਾਰ ਬਣਾਉਣ ਤੋਂ ਖੁੰਝ ਜਾਂਦੀ ਹੈ ਤਾਂ ਹਾਰ ਦਾ ਠੀਕਰਾ ਨਵਜੋਤ ਸਿੱਧੂ ਦੇ ਸਿਰ ਭੰਨਿਆ ਜਾਵੇਗਾ। ਕਾਂਗਰਸ ਦੀ ਹਾਰ ਨਾਲ ਸਿੱਧੂ ਦਾ ਸਿਆਸੀ ਨੁਕਸਾਨ ਹੋ ਸਕਦਾ ਹੈ। ਕਾਂਗਰਸੀ ਹਲਕਿਆਂ ’ਚ ਚਰਚਾ ਹੈ ਕਿ ਕਾਂਗਰਸ ਦੀ ਹਾਰ ਕਾਰਨ ਸਿੱਧੂ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਵੀ ਦੇਣਾ ਪੈ ਸਕਦਾ ਹੈ। ਕਾਂਗਰਸੀ ਸੂਤਰਾਂ ਅਨੁਸਾਰ ਸੂਬਾਈ ਆਗੂ ਤਾਂ ਪਹਿਲਾਂ ਹੀ ਸਿੱਧੂ ਦੀ ਕਾਰਗੁਜ਼ਾਰੀ, ਬੋਲਬਾਣੀ ਤੋ ਪਰੇਸ਼ਾਨ ਸਨ ਪਰ ਚੋਣਾਂ ਦੌਰਾਨ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੀ ਸਿੱਧੂ ਦੀ ਕਾਰਜਸ਼ੈਲੀ ਨੂੰ ਲੈ ਕੇ ਨਾਰਾਜ਼ ਦੱਸੇ ਜਾਂਦੇ ਹਨ। ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਵੋਟਾਂ ’ਚ ਪ੍ਰਚਾਰ ਦੌਰਾਨ ਪ੍ਰਿਅੰਕਾ ਗਾਂਧੀ ਮਾਲਵੇ ਦੇ ਇਕ ਹਲਕੇ ’ਚ ਪ੍ਰਚਾਰ ਕਰਨ ਪੁੱਜੀ ਤਾਂ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨਿਸ਼ਚਿਤ ਸਮੇਂ ਵਿਚ ਨਾ ਪੁੱਜੇ ਤਾਂ ਪ੍ਰਿਅੰਕਾ ਗਾਂਧੀ ਹੈਲੀਪੈਡ ’ਤੇ ਹੈਲੀਕਾਪਟਰ ’ਚ ਬੈਠੀ ਰਹੀ। ਇਸੇ ਦੌਰਾਨ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਪ੍ਰਿਅੰਕਾ ਨੂੰ ਸਿੱਧੂ ਤੇ ਚੰਨੀ ਨੂੰ ਇਕੱਠੇ ਤੋਰਨ ਦੀ ਗੱਲ ਕਹੀ ਤਾਂ ਪ੍ਰਿਅੰਕਾ ਨੇ ਸਪੱਸ਼ਟ ਕਿਹਾ ਕਿ ‘ਛੱਡੋ ਸਿੱਧੂ ਦੀ ਗੱਲ ਨਾ ਕਰੋ’ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਹਾਈ ਕਮਾਨ ਵੀ ਸਿੱਧੂ ਦੇ ਰਵੱਈਏ ਤੋਂ ਖੁਸ਼ ਨਹੀਂ ਹੈ ਅਤੇ ਚੋਣਾਂ ਦੇ ਨਤੀਜੇ ਸਿੱਧੂ ਦਾ ਸਿਆਸੀ ਭਵਿੱਖ ਤੈਅ ਕਰਨਗੇ। ਵੋਟਾਂ ਪੈਣ ਉਪਰੰਤ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੱਧੂ ਦੀ ਬੋਲਬਾਣੀ ਨਾਲ ਕਾਂਗਰਸ ਦਾ ਨੁਕਸਾਨ ਹੋਇਆ ਹੈ। ਰਵਨੀਤ ਬਿੱਟੂ ਵੀ ਕਈ ਵਾਰ ਸਿਆਸੀ ਹਮਲੇ ਕਰ ਚੁੱਕੇ ਹਨ। ਹਾਲਾਂਕਿ ਸਿੱਧੂ ਕਈ ਵਾਰ ਕਹਿ ਚੁੱਕੇ ਹਨ ਕਿ ਅਹੁਦੇ ਉਨ੍ਹਾਂ ਲਈ ਮਹੱਤਵ ਨਹੀਂ ਰੱਖਦੇ, ਉਹ ਪੰਜਾਬ ਨਾਲ ਖੜ੍ਹਾ ਹੈ। ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਵੀ ਸਿੱਧੂ ਨੇ ਚੰਨੀ ’ਤੇ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਤਾਂ ਉਸ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਹੋਰਨਾਂ ਨੇ ਮਾਮਲੇ ਨੂੰ ਸੁਲਝਾਇਆ ਸੀ। ਚੰਨੀ ਸਰਕਾਰ ਨੇ ਐਡਵੋਕੇਟ ਜਨਰਲ ਡੀਐੱਸ ਪਟਵਾਲੀਆ ਤੇ ਡੀਜੀਪੀ ਐੱਸ ਚਟੋਪਾਧਿਆਏ ਨੂੰ ਲਗਾ ਦਿੱਤਾ ਸੀ ਪਰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ ਜਾਣ ਕਾਰਨ ਸਿੱਧੂ ਦਾ ਦਰਦ ਵਧਦਾ ਗਿਆ। ਉਨ੍ਹਾਂ ਚੋਣ ਰੈਲੀ ਦੌਰਾਨ ਪ੍ਰਿਅੰਕਾ ਗਾਂਧੀ ਦੀ ਹਾਜ਼ਰੀ ’ਚ ਮੰਚ ਸੰਚਾਲਕ ਵੱਲੋਂ ਉਨ੍ਹਾਂ ਦਾ ਨਾਮ ਸੰਬੋਧਨ ਕਰਨ ਲਈ ਲਏ ਜਾਣ ’ਤੇ ਮੁੱਖ ਮੰਤਰੀ ਚੰਨੀ ਵੱਲ ਇਸ਼ਾਰਾ ਕਰ ਦਿੱਤਾ ਸੀ। ਵੋਟਾਂ ਦੌਰਾਨ ਸਿੱਧੂ ਆਪਣਿਆਂ ਅਤੇ ਬੇਗਾਨਿਆਂ ’ਤੇ ਸਿਆਸੀ ਹਮਲੇ ਕਰਦੇ ਰਹੇ ਹਨ ਪਰ 20 ਫਰਵਰੀ ਤੋਂ ਬਾਅਦ ਉਨ੍ਹਾਂ ਚੁੱਪ ਧਾਰੀ ਹੋਈ ਹੈ ਪਰ ਕਾਂਗਰਸੀ ਹਲਕਿਆਂ ਦਾ ਮੰਨਣਾ ਹੈ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜੇ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੇ।

Comment here