ਖਬਰਾਂਚਲੰਤ ਮਾਮਲੇਦੁਨੀਆ

ਪੰਜਾਬ ਦੇ ਕਈ ਪਿੰਡਾਂ ਦੇ ਘਰਾਂ ‘ਚ ਵੜਿਆ ਕਈ-ਕਈ ਫੁੱਟ ਪਾਣੀ

ਅੰਮ੍ਰਿਤਸਰ-ਸੂਬੇ ਦੇ ਕਈ ਜ਼ਿਲ੍ਹਿਆਂ ਦੇ ਪਿੰਡ ਨੇ, ਜਿਥੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਅਤੇ ਲੋਕ ਘਰ ਛੱਡਣ ਲਈ ਮਜ਼ਬੂਰ ਹੋ ਚੁੱਕੇ ਹਨ। ਇਸ ਤਰ੍ਹਾਂ ਜਿਥੇ ਕਈ ਇਲਾਕਿਆਂ ਨੂੰ ਸਤਲੁਜ ਮਾਰ ਪਾ ਰਿਹਾ ਤਾਂ ਉਥੇ ਹੀ ਕਈ ਇਲਾਕੇ ਅਜਿਹੇ ਵੀ ਨੇ, ਜਿਥੇ ਬਿਆਸ ਦਰਿਆ ਆਪਣਾ ਕਹਿਰ ਦਿਖਾ ਰਿਹਾ ਹੈ। ਬਿਆਸ ਦਰਿਆ ਦੇ ਪਾਣੀ ਦੀ ਮਾਰ ਹੇਠ ਆਉਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਥੇ ਹੀ ਪਾਣੀ ਨਾਲ ਆਉਣ ਵਾਲੇ ਜ਼ਹਿਰੀਲੇ ਜੀਵ ਵੀ ਹੁਣ ਲੋਕਾਂ ਲਈ ਖਤਰਾ ਬਣਦੇ ਨਜ਼ਰ ਆ ਰਹੇ ਹਨ। ਬਿਆਸ ਦਰਿਆ ਦੇ ਧੁੱਸੀ ਖੇਤਰ ਵਿੱਚ ਮਚੀ ਤਬਾਹੀ ਨੇ ਲੋਕਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ, ਜਿਸਦਾ ਕਾਰਨ ਲੋਕਾਂ ਅਨੁਸਾਰ ਦਰਿਆ ਦੇ ਕੰਢੇ ਹੁਣ ਤੱਕ ਕੋਈ ਬੰਨ੍ਹ ਨਾ ਹੋਣਾ ਦੱਸਿਆ ਜਾ ਰਿਹਾ। ਇਸ ਸਬੰਧੀ ਈਟੀਵੀ ਭਾਰਤ ਵਲੋਂ ਦਰਿਆ ਕੰਢੇ ਡੁੱਬੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਨਾਲ ਹੀ ਵੱਡੀਆਂ ਤਸਵੀਰਾਂ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰ ਕੰਢੇ ਦੇ ਕਿਸ ਖੇਤਰ ਤੋਂ ਦਰਿਆ ਬਿਆਸ ਭਾਰੀ ਤਬਾਹੀ ਦਾ ਕਾਰਨ ਬਣ ਰਿਹਾ ਹੈ।
ਇਸ ਸਬੰਧੀ ਬਿਆਸ ਕੰਢੇ ਰਹਿੰਦੇ ਮਾਨ ਅਲੀ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪੰਜ ਪਰਿਵਾਰ 4 ਦਹਾਕਿਆਂ ਤੋਂ ਦਰਿਆ ਬਿਆਸ ਕੰਢੇ ਰਹਿ ਰਹੇ ਹਨ। ਇੰਨ੍ਹੇ ਲੰਬੇ ਸਮੇਂ ਦੌਰਾਨ ਕਈ ਵਾਰ ਬਿਆਸ ਕੰਢੇ ਪਾਣੀ ਦੀ ਮਾਰ ਪਈ ਹੈ ਅਤੇ ਇਸ ਦੌਰਾਨ ਕਈ ਤਰਾਂ ਦੀਆਂ ਦਿੱਕਤਾਂ ਉਨ੍ਹਾਂ ਦੇਖੀਆਂ ਹਨ ਪਰ ਇਸ ਵਾਰ ਆਏ ਬੇਤਹਾਸ਼ਾ ਪਾਣੀ ਨੇ ਉਨ੍ਹਾਂ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਰਿਆ ਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਆਣ ਵੜਿਆ ਹੈ ਅਤੇ ਇਸਦੇ ਨਾਲ ਜ਼ਹਿਰੀਲੇ ਜੀਵ ਸੱਪ, ਬਿੱਛੂ, ਕੇਕੜੇ ਆਦਿ ਵੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਖੇਤਾਂ ਦੇ ਲੋਕ ਦਰਿਆ ਬਿਆਸ ਕੰਢੇ ਪੱਕਾ ਬੰਨ੍ਹ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਇੰਨੇ ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਹੈ। ਜਿਸ ਕਾਰਨ ਉਨ੍ਹਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ ਅਤੇ ਹਰ ਸਾਲ ਉਨ੍ਹਾਂ ਨੂੰ ਅਜਿਹੀ ਤਬਾਹੀ ਦਾ ਮੰਜ਼ਰ ਦੇਖਣਾ ਪੈਂਦਾ ਹੈ।
ਮਾਨ ਅਲੀ ਨੇ ਦੱਸਿਆ ਕਿ ਖੇਤਾਂ ਅਤੇ ਇਲਾਕੇ ਵਿੱਚ ਇੰਨੀ ਮਾਤਰਾ ਵਿੱਚ ਪਾਣੀ ਆ ਚੁੱਕਾ ਹੈ ਕਿ ਜੇਕਰ ਅੱਜ ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ ਆਮ ਵਾਂਗ ਹੀ ਹੋ ਜਾਂਦਾ ਹੈ ਤਾਂ ਵੀ ਇੱਕ ਮਹੀਨੇ ਤੱਕ ਇਹ ਪਾਣੀ ਇਥੋਂ ਨਹੀਂ ਨਿਕਲੇਗਾ। ਉਨ੍ਹਾਂ ਦੱਸਿਆ ਕਿ ਦਰਿਆ ਦਾ ਵਹਾਅ ਇਸ ਸਮੇਂ ਕਰੀਬ 2 ਕਿਲੋਮੀਟਰ ਚੌੜਾ ਹੋ ਚੁੱਕਾ ਹੈ ਅਤੇ ਪਾਣੀ ਨੇੜਲਿਆਂ ਖੇਤਰਾਂ ਨੂੰ ਤਬਾਹ ਕਰਦੇ ਹੋਏ ਅੱਗੇ ਵਧਦਾ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੇ ਲੋਕਾਂ ਦੀ ਸਾਲਾਂ ਤੋਂ ਚੱਲਦੀ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਕੋਈ ਪੱਕਾ ਹੱਲ ਕੀਤਾ ਜਾਵੇ ਅਤੇ ਇੱਥੇ ਪੱਕੇ ਤੌਰ ‘ਤੇ ਬੰਨ੍ਹ ਦੀ ਉਸਾਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਅਤੇ ਜਮੀਨਾਂ ਪਾਣੀ ਨਾਲ ਇਸ ਕਦਰ ਤਬਾਹ ਨਾ ਹੋਵਣ। ਇਸ ਦੇ ਨਾਲ ਹੀ ਮਨੀ ਅਲੀ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਕੁਦਰਤ ਦੀ ਦੋਹਰੀ ਮਾਰ ਪਈ ਹੈ, ਜਿਸ ‘ਚ ਸਰਕਾਰ ਨੂੰ ਚਾਹੀਦਾ ਕਿ ਉਨ੍ਹਾਂ ਦੀ ਫਸਲਾਂ ਦੇ ਮੁਆਵਜ਼ੇ ਦਿੱਤੇ ਜਾਣ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਹਾਲੇ ਕਿਸਾਨ ਪਹਿਲੇ ਹੜ੍ਹਾਂ ਤੋਂ ਉਭਰ ਨਹੀਂ ਸਕੇ ਸੀ ਕਿ ਹੁਣ ਦੁਆਰਾ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comment here