ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਦਾ ਇਤਿਹਾਸ ਦੇਸ਼ ਦੇ ਸਕੂਲੀ ਪਾਠਕ੍ਰਮ ਦਾ ਹਿੱਸਾ ਬਣੇ : ਬੈਂਸ

ਚੰਡੀਗੜ੍ਹ-ਕੌਮੀ ਸਿੱਖਿਆ ਅਤੇ ਖੋਜ ਕੌਂਸਲ ਭਾਰਤ ਸਰਕਾਰ ਦੀ 58ਵੀਂ ਜਨਰਲ ਕੌਂਸਲ ਦੀ ਆਨਲਾਈਨ ਮੀਟਿੰਗ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੇਂਦਰੀ ਸਿੱਖਿਆ ਰਾਜ ਮੰਤਰੀ ਸ੍ਰੀਮਤੀ ਅੰਨਪੂਰਨਾ ਕੋਲ ਪੰਜਾਬ ਦੇ ਇਤਿਹਾਸ ਨੂੰ ਦੇਸ਼ ਦੇ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਮੰਗ ਜ਼ੋਰ ਨਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਸ਼ਹੀਦਾਂ, ਗੁਰੂਆਂ, ਸੰਤ ਮਹਾਂਪੁਰਸ਼ਾਂ ਅਤੇ ਗਦਰੀ ਬਾਬਿਆਂ ਦੀ ਧਰਤੀ ਹੈ ਅਤੇ ਇੱਥੋਂ ਦਾ ਅਮੀਰ ਸੱਭਿਆਚਾਰ ਹੈ। ਸ. ਬੈਂਸ ਨੇ ਕਿਹਾ ਕਿ ਪੰਜਾਬ ਹਰ ਖੇਤਰ ਵਿੱਚ ਦੇਸ਼ ਦਾ ਮਾਰਗ ਦਰਸ਼ਕ ਰਿਹਾ ਹੈ ਅਤੇ ਉੱਤਰੀ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਾਰਨ ਬਹੁਤ ਸਾਰੇ ਸ਼ਾਸ਼ਕਾਂ ਦੇ ਹਮਲਿਆਂ ਦਾ ਵੀ ਬਹਾਦਰੀ ਨਾਲ ਡਟ ਕੇ ਟਾਕਰਾ ਕੀਤਾ ਹੈ। ਇੱਥੋਂ ਦੀ ਇਤਿਹਾਸਕ ਵਿਰਾਸਤ ਦੇਸ਼ ਦਾ ਸਰਮਾਇਆ ਹੈ ਜਿਸਨੂੰ ਭਾਰਤ ਦੇ ਸਾਰੇ ਸੂਬਿਆਂ ਦੇ ਪਾਠਕ੍ਰਮ ਦਾ ਹਿੱਸਾ ਬਣਾ ਕੇ ਪਾਠ ਪੁਸਤਕਾਂ ਰਾਹੀਂ ਸਾਰੇ ਦੇਸ਼ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਣਾ ਬਹੁਤ ਜ਼ਰੂਰੀ ਹੈ।
ਸਿੱਖਿਆ ਮੰਤਰੀ ਸ. ਬੈਂਸ ਨੇ ਮੀਟਿੰਗ ਦੌਰਾਨ ਦੂਜਾ ਅਹਿਮ ਮੁੱਦਾ ਉਠਾਉਂਦਿਆਂ ਕਿਹਾ ਕਿ ਕੌਮੀ ਸਿੱਖਿਆ ਅਤੇ ਖੋਜ ਕੌਂਸਲ ਭਾਰਤ ਸਰਕਾਰ ਨੇ ਪੰਜਾਬ ਸੂਬੇ ਵਾਸਤੇ ਸਾਲ 2017 ਵਿੱਚ ਖੇਤਰੀ ਸਿੱਖਿਆ ਸੰਸਥਾ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਜਿਸਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਸੰਸਥਾ ਦਾ ਕੈਂਪਸ ਬਣਾਉਣ ਲਈ ਜ਼ਿਲ੍ਹਾ ਰੂਪਨਗਰ ਵਿੱਚ ਲੋੜੀਂਦੀ ਜ਼ਮੀਨ ਦੀ ਪਛਾਣ ਵੀ ਕਰ ਲਈ ਸੀ। ਸ. ਬੈਂਸ ਨੇ ਕਿਹਾ ਕਿ ਪਛਾਣੀ ਗਈ ਜ਼ਮੀਨ ਚੰਡੀਗੜ੍ਹ ਹਵਾਈ ਅੱਡੇ ਦੇ ਨੇੜੇ ਹੋਣ ਦੇ ਨਾਲ-ਨਾਲ ਵਧੀਆ ਸੜਕ ਮਾਰਗ ਨਾਲ ਵੀ ਜੁੜੀ ਹੋਈ ਸੀ, ਪਰ ਉਸ ਜ਼ਮੀਨ ਨੂੰ ਤਕਨੀਕੀ ਆਧਾਰ ‘ਤੇ ਕੌਮੀ ਸਿੱਖਿਆ ਅਤੇ ਖੋਜ ਕੌਂਸਲ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਬਾਅਦ ਵਿੱਚ ਮਾਮਲਾ ਬੰਦ ਕਰ ਦਿੱਤਾ ਗਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੁੜ ਖੇਤਰੀ ਸਿੱਖਿਆ ਸੰਸਥਾ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਸੂਬੇ ਅੰਦਰ ਸਕੂਲੀ ਸਿੱਖਿਆ ਅਤੇ ਸਕੂਲ ਅਧਿਆਪਕਾਂ ਦੀ ਸਿਖਲਾਈ ਵਾਸਤੇ ਕੋਈ ਵੀ ਰਾਸ਼ਟਰੀ ਪੱਧਰ ਦਾ ਸੰਸਥਾ ਮੌਜੂਦ ਨਹੀਂ ਹੈ। ਸ. ਹਰਜੋਤ ਸਿੰਘ ਬੈਂਸ ਨੇ ਕੇਂਦਰੀ ਸਿੱਖਿਆ ਰਾਜ ਮੰਤਰੀ ਨੂੰ ਵਿਸ਼ਵਾਸ ਦੁਆਇਆ ਕਿ ਉਹ ਹਵਾਈ ਅੱਡੇ ਤੱਕ ਆਸਾਨ ਪਹੁੰਚ ਅਤੇ ਵਧੀਆ ਸੜਕ ਸੰਪਰਕ ਵਾਲੀ ਢੁਕਵੀਂ ਜ਼ਮੀਨ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਉਗੇ।
ਸ. ਬੈਂਸ ਨੇ ਇੱਕ ਹੋਰ ਅਹਿਮ ਮੁੱਦੇ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਕੌਮੀ ਸਿੱਖਿਆ ਅਤੇ ਖੋਜ ਕੌਂਸਲ ਉਹ ਰਾਇਲਟੀ ਵੀ ਮੁਆਫ਼ ਕਰੇ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀਆਂ ਪਾਠ ਪੁਸਤਕਾਂ ਦੀ ਕਾਪੀ ਰਾਈਟ ਸਮੱਗਰੀ ਨੂੰ ਪੰਜਾਬ ਵਿੱਚ ਵਰਤਣ ਲਈ ਅਦਾ ਕਰਦਾ ਹੈ। ਉਹਨਾਂ ਦੱਸਿਆ ਕਿ ਰਾਇਲਟੀ ਮੁਆਫ਼ੀ ਨਾਲ ਬਚਾਏ ਗਏ ਫੰਡਾਂ ਦੀ ਵਰਤੋਂ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।
ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇਗਾ ਜਿੱਥੋਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ ਸੂਬਾ ਸਰਕਾਰ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ।

Comment here