ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪੰਜਾਬ ਦੀ ਸਿਆਸਤ ਤੇ ਭਾਰੂ ਨੇ ਕਈ ਮੁੱਦੇ

ਅਪਨੇ ਮੁਸਤਕਬਿਲ ਸੇ ਹੋਤੇ ਬਾ-ਖ਼ਬਰ,
ਦੇਖ ਪਾਤੇ ਕਾਸ਼ ਜੋ ਹਮ ਦੂਰ ਤਕ।
ਫਰਖ਼ੰਦਾ ਰਿਜ਼ਵੀ ਦਾ ਇਹ ਸ਼ਿਅਰ ਵਾਰ-ਵਾਰ ਯਾਦ ਆ ਰਿਹਾ ਹੈ, ਕਿਉਂਕਿ ਮੈਨੂੰ ਪੰਜਾਬ ਦੇ ਭਵਿੱਖ ਦੀ ਫ਼ਿਕਰ ਹੈ। ਪੰਜਾਬ ਦੇ ਮੁਸਤਕਬਿਲ (ਭਵਿੱਖ) ਵਿਚ ਕੀ ਹੈ ਇਹ ਦਿਖਾਈ ਤਾਂ ਨਹੀਂ ਦੇ ਰਿਹਾ ਪਰ ਜਿਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਹਨ, ਉਹ ਜ਼ਰੂਰ ਪੰਜਾਬ ਦੇ ਮਾੜੇ ਭਵਿੱਖ ਵੱਲ ਹੀ ਇਸ਼ਾਰਾ ਕਰਦੇ ਹਨ। ਪੰਜਾਬ ਦੇ ਆਉਣ ਵਾਲੇ ਦਿਨਾਂ ਦੀ ਰਾਜਨੀਤਕ, ਆਰਥਿਕ ਤੇ ਸਮਾਜਿਕ ਤਸਵੀਰ ਬਹੁਤ ਡਰਾਉਣੀ ਜਾਪਦੀ ਹੈ। ਪੰਜਾਬ ਦੀ ਆਰਥਿਕ ਤਬਾਹੀ ਤਾਂ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਅਤੇ ਭਵਿੱਖ ਦੀ ਸਮਾਜਿਕ ਹਾਲਤ ਵੀ ਕੋਈ ਚੰਗੇ ਸੰਕੇਤ ਨਹੀਂ ਦੇ ਰਹੀ। ਪੰਜਾਬ ਨੂੰ ਆਰਥਿਕ, ਸਮਾਜਿਕ ਤੇ ਹੋਰ ਕਈ ਪੱਖਾਂ ਤੋਂ ਬਰਬਾਦ ਹੋਣੋ ਬਚਾਉਣ ਲਈ ਸਭ ਤੋਂ ਵੱਡੀ ਲੋੜ ਇਕ ਸੁਹਿਰਦ, ਕੁਰਬਾਨੀ ਕਰਨ ਵਾਲੀ, ਇਮਾਨਦਾਰ, ਲੋਕਾਂ ਵਿਚ ਵਿਚਰਨ ਵਾਲੀ ਤੇ ਅਗਵਾਈ ਕਰਨ ਵਾਲੀ ਰਾਜਨੀਤਕ ਲੀਡਰਸ਼ਿਪ ਦੀ ਹੈ। ਪਰ ਅਜਿਹੀ ਰਾਜਨੀਤਕ ਲੀਡਰਸ਼ਿਪ ਤਾਂ ਪੰਜਾਬ ਵਿਚ ਸੁਪਨੇ ‘ਚ ਵੀ ਦਿਖਾਈ ਨਹੀਂ ਦੇ ਰਹੀ। ਹਾਲ ਦੀ ਘੜੀ ਪੰਜਾਬ ਵਿਚ ਅਗਲੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਚਾਰ ਚਿਹਰੇ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਹਨ। ਪਰ ਇਹ ਚਾਰੇ ਹੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰਹਿੰਦੇ ਹਨ। ਇਨ੍ਹਾਂ ਦੁਆਲੇ ਇਨ੍ਹਾਂ ਦੇ ਕੁਝ ਖ਼ਾਸਮ-ਖ਼ਾਸ ਬੰਦਿਆਂ ਦੀ ਭਰਮਾਰ ਰਹਿੰਦੀ ਹੈ। ਜੋ ਇਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਤਾਂ ਸ਼ਾਇਦ ਪਤਾ ਹੀ ਨਹੀਂ ਲੱਗਣ ਦਿੰਦੇ। ਇਸ ਵੇਲੇ ਹਾਲ ਦੀ ਘੜੀ ਪੰਜਾਬ ਵਿਚ ਕਿਸੇ ਚੌਥੀ ਧਿਰ ਦੇ ਉਭਾਰ ਦੇ ਅਧਾਰ ਵੀ ਘੱਟ ਹੀ ਨਜ਼ਰ ਆ ਰਹੇ ਹਨ। ਭਾਵੇਂ ਕਿ ਸੱਚਾਈ ਇਹ ਹੈ ਕਿ ਰਾਜ ਵਿਚ ਇਮਾਨਦਾਰ, ਠੋਸ ਇਰਾਦੇ ਤੇ ਪੰਜਾਬ ਪੱਖੀ ਲੀਡਰਸ਼ਿਪ ਲਈ ਪੂਰਾ ਮੈਦਾਨ ਖਾਲੀ ਪਿਆ ਹੈ।
ਕੁਛ ਹੈਂ ਮੰਜਰ ਹਾਲ ਕੇ
ਕੁਛ ਖ਼ਵਾਬ ਮੁਸਤਕਬਿਲ ਕੇ ਹੈਂ।
ਯੇ ਤਮੰਨਾ ਆਂਖ ਕੀ ਹੈ
ਵੋ ਤਕਾਜ਼ੇ ਦਿਲ ਕੇ ਹੈਂ।

ਕਿਸਾਨਾਂ ਦਾ ‘ਹੁਕਮ’?

ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਰਾਜਨੀਤਕ ਹਾਲਤ ‘ਤੇ ਪੂਰਾ ਕੰਟਰੋਲ ਕਰਨ ਦਾ ਮਨ ਬਣਾ ਲਿਆ ਜਾਪਦਾ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਵਿਚ ਕਿਸਾਨ ਅੰਦੋਲਨ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾ ਲਈ ਹੈ। ਕਿਸਾਨ ਅੰਦੋਲਨ ਦੀ ਵਿਰੋਧੀ ਤਾਂ ਭਾਜਪਾ ਨੂੰ ਛੱਡ ਕੋਈ ਵੀ ਹੋਰ ਪਾਰਟੀ ਨਹੀਂ ਹੈ। ਰਾਜਨੀਤਕ ਹਲਕਿਆਂ ਵਿਚ ਇਸ ਮੀਟਿੰਗ ਨੂੰ ਕਿਸਾਨ ਜਥੇਬੰਦੀਆਂ ਦਾ ਰਾਜਨੀਤਕ ਪਾਰਟੀਆਂ ਨੂੰ ਸੱਦਾ ਨਹੀਂ ਸਗੋਂ ਇਕ ਤਰ੍ਹਾਂ ਨਾਲ ‘ਹੁਕਮ’ ਹੀ ਸਮਝਿਆ ਜਾ ਰਿਹਾ ਹੈ।  ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂ ਵਾਰ-ਵਾਰ ਇਹ ਬਿਆਨ ਦੇ ਚੁੱਕੇ ਹਨ ਕਿ ਪੰਜਾਬ ਵਿਚ ਭਾਜਪਾ ਤੋਂ ਬਿਨਾਂ ਕਿਸੇ ਹੋਰ ਪਾਰਟੀ ਦਾ ਵਿਰੋਧ ਨਾ ਕੀਤਾ ਜਾਵੇ। ਪਰ ਪੰਜਾਬ ਵਿਚ ਰਾਜਸੀ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਸਿਰਫ਼ ਵਿਰੋਧ ਹੀ ਨਹੀਂ ਹੋ ਰਿਹਾ, ਸਗੋਂ ਕਈ ਥਾਈਂ ਤਾਂ ਸਥਿਤੀ ਟਕਰਾਅ ਵਾਲੀ ਵੀ ਬਣੀ ਅਤੇ ਇੱਟਾਂ ਪੱਥਰ ਵੀ ਚੱਲੇ ਹਨ। ਇਸ ਦਰਮਿਆਨ ਇਹ ਦੋਸ਼ ਵੀ ਲੱਗ ਰਹੇ ਹਨ ਕਿ ਜਿਸ ਪਾਰਟੀ ਦਾ ਪ੍ਰੋਗਰਾਮ ਹੁੰਦਾ ਹੈ, ਉਸ ਦਾ ਵਿਰੋਧ ਕਿਸਾਨਾਂ ਦੇ ਨਾਂਅ ‘ਤੇ ਦੂਸਰੀਆਂ ਪਾਰਟੀਆਂ ਦੇ ਸਮਰਥਕ ਕਰਦੇ ਹਨ।
ਅਸਲੀਅਤ ਇਹ ਹੈ ਕਿ ਕਿਸਾਨ ਜਥੇਬੰਦੀਆਂ ਇਹ ਸਮਝਦੀਆਂ ਹਨ ਕਿ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੀ ਰਾਜਨੀਤਕ ਪਾਰਟੀਆਂ ਵਲੋਂ ਸ਼ੁਰੂ ਕੀਤੀ ਰਾਜਨੀਤਕ ਮੁਹਿੰਮ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਪੱਕਾ ਹੈ ਕਿ ਕਿਸਾਨ ਜਥੇਬੰਦੀਆਂ ਰਾਜਸੀ ਪਾਰਟੀਆਂ ਨੂੰ ਮੀਟਿੰਗ ਵਿਚ ਚੋਣ ਪ੍ਰੋਗਰਾਮ ਦਾ ਐਲਾਨ ਹੋਣ ਤੱਕ ਰਾਜਨੀਤਕ ਰੈਲੀਆਂ ਨਾ ਕਰਨ ਲਈ ਕਹਿਣਗੀਆਂ। । ਪਰ ਜੇਕਰ ਰਾਜਸੀ ਪਾਰਟੀਆਂ ਨੇ ਇਨ੍ਹਾਂ ਜਥੇਬੰਦੀਆਂ ਦੀ ਗੱਲ ਨਾ ਮੰਨੀ ਤਾਂ ਪੰਜਾਬ ਇਕ ਨਵੀਂ ਤਰ੍ਹਾਂ ਦੇ ਅੰਦਰੂਨੀ ਟਕਰਾਅ ਵੱਲ ਵੀ ਵਧ ਸਕਦਾ ਹੈ, ਜਿਸ ਦਾ ਨੁਕਸਾਨ ਕਿਸਾਨ ਅੰਦੋਲਨ ਨੂੰ ਵੀ ਹੋਵੇਗਾ ਤੇ ਪੰਜਾਬ ਨੂੰ ਵੀ। ਅਕਾਲੀ ਦਲ ਇਸ ਮੀਟਿੰਗ ਵਿਚ 1992 ਦੇ ਬਾਈਕਾਟ ਦੀ ਉਦਾਹਰਨ ਦੇਵੇਗਾ ਕਿ ਜੇਕਰ ਤੁਸੀਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਘਰ ਬਿਠਾ ਦਿਓਗੇ ਤਾਂ 1992 ਵਰਗੀ ਸਥਿਤੀ ਵੀ ਬਣ ਸਕਦੀ ਹੈ, ਜਿਸ ਵਿਚ ਅਕਾਲੀ ਦਲਾਂ ਨੇ ਖਾੜਕੂਆਂ ਦੇ ਦਬਾਅ ਹੇਠ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਤੇ ਸ਼ਹਿਰਾਂ ਵਿਚ 26 ਤੋਂ 38 ਫ਼ੀਸਦੀ ਵੋਟ ਅਤੇ ਪਿੰਡਾਂ ਵਿਚ 15 ਤੋਂ 25 ਫ਼ੀਸਦੀ ਵੋਟਾਂ ਹੀ ਪਈਆਂ ਸਨ ਤੇ ਹੁਕਮਰਾਨ ਕਾਂਗਰਸ ਨੇ ਸਰਕਾਰ ਬਣਾਈ ਸੀ। ਇਸ ਵਾਰ ਇਸ ਤਰ੍ਹਾਂ ਦੀ ਸਥਿਤੀ ਦਾ ਫ਼ਾਇਦਾ ਭਾਜਪਾ ਉਠਾ ਸਕਦੀ ਹੈ ਅਤੇ ਪੰਜਾਬ ਵਿਚ ਪੈਦਾ ਹੋਣ ਵਾਲਾ ਕੋਈ ਟਕਰਾਅ ਰਾਸ਼ਟਰਪਤੀ ਰਾਜ ਲਈ ਵੀ ਬਹਾਨਾ ਬਣ ਸਕਦਾ ਹੈ।

‘ਆਪ’ ਦਾ ਮੁੱਖ ਮੰਤਰੀ ਚਿਹਰਾ?

ਇਸ ਵੇਲੇ ਆਮ ਆਦਮੀ ਪਾਰਟੀ ਰਾਜ ਵਿਚ ਸੱਤਾ ਦੀ ਪ੍ਰਮੁੱਖ ਦਾਅਵੇਦਾਰ ਹੈ। ਪਰ ਇਹ ਪਾਰਟੀ ਇਸ ਵੇਲੇ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਦੇ ਮਾਮਲੇ ਵਿਚ ਵੱਡੀ ਮੁਸ਼ਕਿਲ ਵਿਚ ਫਸੀ ਹੋਈ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਇਸ ਗੱਲ ‘ਤੇ ਅੜ ਗਏ ਹਨ ਕਿ ਉਨ੍ਹਾਂ ਨੂੰ ਹੀ ਪੰਜਾਬ ਦੇ ਅਗਲੇ ਸੰਭਾਵਿਤ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ। ਜਦੋਂ ਕਿ ਪਾਰਟੀ ਹਾਈ ਕਮਾਨ ਅਜੇ ਤੱਕ ਨਹੀਂ ਸਮਝਦੀ ਕਿ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਪੰਜਾਬ ਦੀ ਅਗਵਾਈ ਕਰ ਸਕਦੇ ਹਨ। ਇਸ ਵੇਲੇ ‘ਆਪ’ ਦੀ ਹਾਲਤ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲੀ ਹੈ। ਪਾਰਟੀ ਇਕ ਪਾਸੇ ਭਗਵੰਤ ਮਾਨ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੀ, ਕਿਉਂਕਿ ਉਸ ਦੇ ਸਾਹਮਣੇ ਪਿਛਲੀਆਂ ਚੋਣਾਂ ਮੌਕੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਛੱਡਣ ਨਾਲ ਹੋਏ ਨੁਕਸਾਨ ਦੀ ਉਦਾਹਰਨ ਹੈ। ਪਰ ਦੂਜੇ ਪਾਸੇ ਪਾਰਟੀ ਦੇ ਅੰਦਰੂਨੀ ਸਰਵੇਖਣ ਪਾਰਟੀ ਨੂੰ ਭਗਵੰਤ ਮਾਨ ਦੀ ਥਾਂ ਮੁੱਖ ਮੰਤਰੀ ਲਈ ਕੋਈ ਹੋਰ ਚਿਹਰਾ ਲੱਭਣ ਲਈ ਪ੍ਰੇਰ ਰਹੇ ਹਨ। ਸਾਡੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਭਵਿੱਖ ਵਿਚ ਭਾਜਪਾ ਦਾ ਬਦਲ ਬਣਨਾ ਹੈ। ਇਸ ਲਈ ਉਹ ਪੰਜਾਬ ਵਿਚ ਰਾਜਸੱਤਾ ਪ੍ਰਾਪਤ ਕਰਕੇ, ਪੰਜਾਬ ਵਿਚ ਇਸ ਤਰ੍ਹਾਂ ਰਾਜ ਕਰਨਾ ਚਾਹੁੰਦੀ ਹੈ ਕਿ ਉਹ 2024 ਦੀਆਂ ਆਮ ਚੋਣਾਂ ਵਿਚ ‘ਪੰਜਾਬ ਮਾਡਲ’ ਸਾਰੇ ਦੇਸ਼ ਅੱਗੇ ਪੇਸ਼ ਕਰਕੇ ਅਰਵਿੰਦ ਕੇਜਰੀਵਾਲ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰ ਸਕੇ ਕਿਉਂਕਿ ਦਿੱਲੀ ਇਕ ਪੂਰਾ ਰਾਜ ਨਹੀਂ ਹੈ ਤੇ ਉਥੇ ਕੇਜਰੀਵਾਲ ਸਰਕਾਰ ਦੇ ਹੱਥ ਲੈਫ਼ਟੀਨੈਂਟ ਗਵਰਨਰ ਅੱਗੇ ਬੰਨ੍ਹੇ ਹੋਣ ਕਾਰਨ ਜਿਸ ਤਰ੍ਹਾਂ ਕੇਜਰੀਵਾਲ ਚਾਹੁੰਦੇ ਹਨ, ਨੀਤੀਆਂ ਲਾਗੂ ਨਹੀਂ ਕਰ ਪਾ ਰਹੇ। ਪਾਰਟੀ ਹਾਈ ਕਮਾਨ ਦੇ ਨਜ਼ਦੀਕੀ ਸੂਤਰਾਂ ਮੁਤਾਬਿਕ ਬੇਸ਼ੱਕ ਪਾਰਟੀ ਭਗਵੰਤ ਮਾਨ ਦੀ ਜ਼ਰੂਰਤ ਤੋਂ ਮੁਨਕਰ ਨਹੀਂ ਹੈ ਪਰ ਪਾਰਟੀ ਦੇ ਸਰਵੇਖਣ ਕਹਿੰਦੇ ਹਨ ਕਿ ਪੰਜਾਬ ਦੇ ਬੁੱਧੀਜੀਵੀ ਵਰਗ ਦਾ ਵੱਡਾ ਹਿੱਸਾ ਮਾਨ ਦੇ ਹੱਕ ਵਿਚ ਨਹੀਂ। ਉਨ੍ਹਾਂ ਅਨੁਸਾਰ ਇਹ ਵਰਗ ਹੀ ਲੋਕ ਰਾਏ ਬਣਾਉਣ ਵਿਚ ਵੱਡਾ ਰੋਲ ਅਦਾ ਕਰਦਾ ਹੈ। ਫਿਰ ਪਾਰਟੀ ਭਗਵੰਤ ਮਾਨ ਦੇ ਮਨਮਰਜ਼ੀ ਕਰਨ ਦੇ ਸੁਭਾਅ ਤੋਂ ਵੀ ਡਰਦੀ ਹੈ। ਦੱਸਿਆ ਗਿਆ ਹੈ ਕਿ ‘ਆਪ’ ਪੰਜਾਬ ਵਿਚ ਕੋਈ ਅਜਿਹਾ ਚਿਹਰਾ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਚਾਹੁੰਦੀ ਹੈ ਜੋ ਪੰਜਾਬ ਦੇ ਸਾਰੇ ਵਰਗਾਂ ਵਿਚ ਪ੍ਰਵਾਨ ਹੋਏ ਅਤੇ ਪਾਰਟੀ ਵਲੋਂ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਤੋਂ ਇਨਕਾਰੀ ਨਾ ਹੋਵੇ। ਸਾਡੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮਨਾਉਣ ਦੀ ਜ਼ਿੰਮੇਵਾਰੀ ਖ਼ੁਦ ਲੈ ਲਈ ਹੈ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਊਠ ਕਿਸ ਕਰਵਟ ਬੈਠਦਾ ਹੈ। ਹਾਲਾਂਕਿ ਇਸ ਦਰਮਿਆਨ ਆਮ ਆਦਮੀ ਪਾਰਟੀ ਵਲੋਂ ਪਾਰਟੀ ਤੋਂ ਬਾਹਰਲੇ ਕੁਝ ਪ੍ਰਮੁੱਖ ਪੰਜਾਬੀਆਂ ਨਾਲ ਵੀ ਗੱਲਬਾਤ ਚਲਾਉਣ ਦੀਆਂ ਖ਼ਬਰਾਂ ਹਨ, ਜਿਨ੍ਹਾਂ ਵਿਚ ਇਕ ਕਿਸਾਨ ਨੇਤਾ ਦਾ ਨਾਂਅ ਵੀ ਦੱਸਿਆ ਜਾ ਰਿਹਾ ਹੈ। ਜਦੋਂ ਕਿ ਪਾਰਟੀ ਦੇ ਦੋ ਵਿਧਾਇਕਾਂ ਦੇ ਨਾਂਅ ਵੀ ਚਰਚਾ ਵਿਚ ਆਉਣ ਲੱਗ ਪਏ ਹਨ। ਇਨ੍ਹਾਂ ਵਿਚ ਇਕ ਔਰਤ ਵਿਧਾਇਕਾ ਵੀ ਸ਼ਾਮਿਲ ਦੱਸੀ ਜਾਂਦੀ ਹੈ।

ਕਾਂਗਰਸ ‘ਚ ਰੇੜਕਾ ਜਾਰੀ

ਪੰਜਾਬ ਕਾਂਗਰਸ ਵਿਚ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਅਤੇ ਦੂਜੇ ਪਾਸੇ ਕੈਪਟਨ ਅਤੇ ਕੁਝ ਬਾਗ਼ੀ ਸਮਝੇ ਜਾਂਦੇ ਮੰਤਰੀਆਂ ਦਰਮਿਆਨ ਅੜਿੱਕਾ ਜਾਰੀ ਹੈ। ਪਰ ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਇਸ ਸਭ ਤੋਂ ਬੇ-ਪ੍ਰਵਾਹ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਜਾਪਦੇ ਹਨ। ਜਿਥੇ ਕੈਪਟਨ ਵਿਰੋਧੀ ਬਿਜਲੀ ਸਮਝੌਤੇ ਰੱਦ ਕਰਨ ਅਤੇ ਬੇਅਦਬੀਆਂ ਦੇ ਮਾਮਲੇ ‘ਤੇ ਦਲੇਰਾਨਾ ਕਾਰਵਾਈ ਕਰਨ ਲਈ ਜ਼ੋਰ ਪਾ ਰਹੇ ਹਨ, ਉਥੇ ਕੈਪਟਨ ਵਿਰੋਧੀਆਂ ਅਨੁਸਾਰ ਕੰਮ ਨਾ ਕਰਨ ‘ਤੇ ਹੀ ਨਹੀਂ ਅੜੇ ਹੋਏ, ਸਗੋਂ ਉਨ੍ਹਾਂ ਨੇ ਉਲੰਪਿਕ ਜੇਤੂਆਂ ਨੂੰ ਖ਼ੁਦ ਹੱਥੀਂ ਖਾਣਾ ਬਣਾ ਕੇ ਅਤੇ ਪਰੋਸ ਕੇ ਦੋ ਸਪੱਸ਼ਟ ਸੰਕੇਤ ਦਿੱਤੇ ਹਨ। ਪਹਿਲਾ ਸੰਕੇਤ ਇਹ ਕਿ ਉਨ੍ਹਾਂ ‘ਤੇ ਕਿਸੇ ਦੇ ਵਿਰੋਧ ਦਾ ਕੋਈ ਅਸਰ ਨਹੀਂ। ਉਹ ਆਪਣੇ ਕੰਮ ਤੇ ਮਰਜ਼ੀ ਵਿਚ ਮਸਤ ਹਨ ਤੇ ਦੂਸਰਾ ਸੰਕੇਤ ਇਹ ਕਿ ਇਹ ਚਰਚਾ ਬਿਲਕੁਲ ਗ਼ਲਤ ਹੈ ਕਿ ਉਨ੍ਹਾਂ ਨੂੰ ਸਿਹਤ ਦੀ ਕੋਈ ਸਮੱਸਿਆ ਹੈ। ਉਹ ਬਿਲਕੁਲ ਤੰਦਰੁਸਤ ਤੇ ਅਗਲੀ ਪਾਰੀ ਖੇਡਣ ਲਈ ਨੌਂ-ਬਰ-ਨੌਂ ਹਨ।

-ਹਰਜਿੰਦਰ ਸਿੰਘ

Comment here