ਸਿਆਸਤਖਬਰਾਂਚਲੰਤ ਮਾਮਲੇ

‘ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਿਹੈ ਅੰਮ੍ਰਿਤਪਾਲ’ : ਐਂਟੀ ਟੈਰਰਿਸਟ ਫਰੰਟ

ਚੰਡੀਗੜ੍ਹ-ਐਂਟੀ ਟੈਰਰਿਸਟ ਫਰੰਟ ਆਫ ਇੰਡੀਆ ਵੱਲੋਂ ਵੀਰਵਾਰ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਫਰੰਟ ਦੇ ਪ੍ਰਧਾਨ ਵੀਰੇਸ਼ ਸ਼ਾਂਡਲਿਆ ਨੇ ਮੰਗ ਪੱਤਰ ਰਾਹੀਂ ਰਾਜਪਾਲ ਨੂੰ ਜਥੇਬੰਦੀ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵਿਰੁੱਧ ਸਿ਼ਕਾਇਤ ਕੀਤੀ। ਮੰਗ ਪੱਤਰ ਰਾਹੀਂ ਸ਼ਾਂਡਲਿਆ ਨੇ ਦੋਸ਼ ਲਾਇਆ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ।
ਵੀਰੇਸ਼ ਸ਼ਾਂਡਲਿਆ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਅੰਮ੍ਰਿਤਪਾਲ, ਦੂਜਾ ਜਰਨੈਲ ਸਿੰਘ ਭਿੰਡਰਾਂਵਾਲੇ ਬਣ ਕੇ ਆਇਆ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਚਾਲਾਂ ਚੱਲ ਰਹੇ ਹਨ। ਇਸ ਦੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
‘ਸੁਧੀਰ ਸੂਰੀ ਕਤਲ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸ਼ਾਮਲ ਕੀਤਾ ਜਾਵੇ’
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਨੇ ਕਿਹਾ ਕਿ ਅਸੀਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਸਿ਼ਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਕਤਲ ਪੰਜਾਬ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ, ਪਰੰਤੂ ਇੱਕ ਵੀ ਕਾਂਸਟੇਬਲ ਜਾਂ ਅਧਿਕਾਰੀ ਸਸਪੈਂਡ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਆਪਣੀ ਜਾਨ ਦੇ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਕੀਤੀ ਪਰ ਅੰਮ੍ਰਿਤਪਾਲ ਸਿੰਘ ਵਰਗੇ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਉਪਰ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਉਪਰ ਨਕੇਲ ਕਸੀ ਜਾਵੇ ਅਤੇ ਇਸ ਨੂੰ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਸ਼ਾਮਲ ਕੀਤਾ ਜਾਵੇ।
‘ਪੰਜਾਬ ਦੇ ਸਾਰੇ ਗੁਰੂ ਘਰਾਂ ਵਿਚੋਂ ਹਟਾਈ ਜਾਵੇ ਭਿੰਡਰਾਂਵਾਲੇ ਦੀ ਤਸਵੀਰ’
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਇਹ ਦਸਣਾ ਚਾਹੀਦਾ ਹੈ ਕਿ ਕੀ ਉਹ ਭਿੰਡਰਾਂਵਾਲੇ ਨੂੰ ਸੰਤ ਮੰਨਦੇ ਹਨ ਅਤੇ ਸ਼ਹੀਦ ਕਹਿੰਦੇ ਹਨ, ਜੇਕਰ ਨਹੀਂ ਤਾਂ ਫਿਰ ਉਸਦੀਆਂ ਤਸਵੀਰਾਂ ਥਾਂ ਥਾਂ ਕਿਉਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਾਪਲ ਬੰਦੂ ਫੜ ਕੇ ਅੰਮ੍ਰਿਪਾਨ ਕਰਵਾ ਰਿਹਾ ਹੈ, ਜੋ ਗੁਰੂਆਂ ਦਾ ਅਪਮਾਨ ਹੈ ਅਤੇ ਇਸ ਵਿਰੁੱਧ ਫਰੰਟ ਡੱਟ ਕੇ ਖੜੇਗਾ। ਉਨ੍ਹਾਂ ਕਿਹਾ ਕਿ ਮੈਂ ਬਿਨਾਂ ਸੁਰੱਖਿਆ ਲਏ ਇਨ੍ਹਾਂ ਕੋਲ ਜਾਣ ਲਈ ਤਿਆਰ ਹਾਂ ਅਤੇ ਜੇਕਰ ਗੋਲੀ ਵੀ ਖਾਣੀ ਪਈ ਤਾਂ ਡੱਟ ਕੇ ਖੜਾਂਗੇ। ਉਨ੍ਹਾਂ ਕਿਹਾ ਕਿ ਫਰੰਟ ਮੰਗ ਕਰਦਾ ਹੈ ਕਿ ਪੰਜਾਬ ਦੇ ਸਾਰੇ ਗੁਰੂ ਘਰਾਂ ਤੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹਟਾਈ ਜਾਣੀ ਚਾਹੀਦੀ ਹੈ।

Comment here