ਸਾਹਿਤਕ ਸੱਥਸਿਆਸਤ

ਪੰਜਾਬ ਦੀ ਤਸਵੀਰ

ਇਹ ਸੱਚ ਹੈ ਕਿ ਕੈਮਰਾ
ਉਹ ਕੈਦ ਕਰਦਾ ਹੈ
ਜੋ ਸਾਹਮਣੇ ਹੁੰਦਾ ਹੈ ਤੇ ਚਿਤਰਕਾਰ
ਉਹੀ ਕੈਨਵਸ ਉਤੇ ਚਿਤਰਦਾ ਹੈ
ਜੋ ਉਸਦੇ ਮਨ ਵਿੱਚ ਹੁੰਦਾ ਹੈ ।
ਕਵੀ ਕਦੇ ਕੈਮਰਾ ਹੁੰਦਾ
ਤੇ ਕਦੇ ਚਿਤਰਕਾਰ ਬਣ ਕਿ
ਆਪਣੇ ਮਨ ਦੇ ਸੁਪਨੇ ਚਿਤਰਦਾ ਹੈ ।
ਸੱਚਾ ਤੇ ਸੁੱਚਾ ਕਵੀ
ਕਵੀ ਹੁੰਦਾ ਹੈ
ਹੋਰ ਕੁੱਝ ਨਹੀਂ ਹੁੰਦਾ
ਪਰ ਜਦ ਕੋਈ ਕਵੀ ਹੋਣ ਦਾ
ਦੰਭ ਰਚਦਾ ਹੈ ਤਾਂ ਕਵੀ ਨਹੀਂ
ਸਿਆਸਤਦਾਨ ਹੁੰਦਾ ਹੈ
ਸਿਆਸਤਦਾਨ ਕਵੀ ਨਹੀਂ ਹੁੰਦਾ
ਕਵਿਤਾ ਲਿਖੀ ਨਹੀਂ ਜਾਂਦੀ
ਕਵੀ ਨੂੰ ਕਵਿਤਾ ਲਿਖਦੀ ਹੈ
ਸਿਆਸਤਦਾਨ ਮਿਸਤਰੀ ਹੁੰਦਾ ਹੈ
ਜੋ ਦੂਜੇ ਦੀ ਲੱਕੜ ਦੇ ਸੱਕ
ਆਪਣੇ ਪੈਰਾਂ ਵਿੱਚ
ਤੇ ਆਪਣਾ ਥੁੱਕ ਆਪਣੀਆਂ
ਤਲੀਆਂ ਉਤੇ ਥੁੱਕਦਾ ਹੈ
ਉਝ ਕਵੀ ਬੰਦਾ ਹੀ ਹੁੰਦਾ ਹੈ
ਸੱਚ ਇਹ ਹੈ ਕਿ
ਜੇ ਉਸਦੇ ਅੰਦਰ ਬੰਦਾ ਜਿਉਂਦਾ ਹੋਵੇ
ਜੋ ਬੱਚੇ ਵਾਂਗੂੰ ਰੋਵੇ ਬਾਬੇ ਵਾਂਗੂੰ ਘੂਰੇ
ਨਹੀਂ ਉਹ ਭਰਮ ਹੁੰਦਾ ਹੈ
ਪਾਣੀ ਦਾ ਬੁਲਬਲਾ ਹੁੰਦਾ ਹੈ

ਕਵੀ ਦੀਵੇ ਦੁਆਲੇ ਨੱਚਦਾ ਦਾ
ਭਮੱਕੜ ਨਹੀਂ ਹੁੰਦਾ !

ਉਹ ਤੇ ਇਸ਼ਕ ਦਾ ਭੌਰਾ ਹੁੰਦਾ ਹੈ
ਜੋ ਸ਼ਾਮ ਤੱਕ ਜੁੜਿਆ ਰਹਿੰਦਾ ਹੈ
ਫੁੱਲ ਦੇ ਨਾਲ
ਲੋਕ ਫੁੱਲ ਹੁੰਦੇ ਨੇ
ਕਵੀ ਰਸ ਮਾਣਦੇ ਹਨ
ਜੋ ਲੋਕਾਂ ਦੀ ਗੱਲ ਕਰਦੇ ਹਨ
ਲੋਕ ਕਵੀ ਹੁੰਦੇ ਹਨ
ਜੋ ਸੱਤਾ ਦਾ ਗੁਣਗਾਨ ਕਰਦੇ ਹਨ
ਰਸ ਦਾ ਮੁੱਲ ਵੱਟਦੇ ਹਨ
ਤੇ ਸੱਤਾ ਦੇ ਪੈਰ ਚੱਟਦੇ ਹਨ
ਉਹ ਰਾਜ ਕਵੀ ਹੁੰਦੇ ਹਨ

ਉਹ ਰਾਜੇ ਦੇ ਸਿਹਰੇ ਲਿਖਦੇ ਤੇ
ਸੋਹਿਲੇ ਗਾਉਦੇ ਹਨ
ਪਹਾੜੀਆਂ ਤੇ ਜਸ਼ਨ ਮਨਾਉਂਦੇ ਹਨ ।

ਅੱਜਕੱਲ੍ਹ ਮੇਰੇ ਵਿੱਚੋ ਕਵੀ ਗਾਇਬ ਹੋ ਗਿਆ ਹੈ
ਮੈਂ ਜ਼ਿੰਦਗੀ ਦੀ ਚਰਖੜੀ ਉਤੇ ਹਾਂ
ਸਮਾਂ ਘੁੰਮਾ ਰਿਹਾ ਹੈ
ਮੈਂ ਤੂੰਬਾ ਤੂੰਬਾ ਹੋ ਕੇ
ਕਿਰ ਰਿਹਾ ਹਾਂ

ਦੂਰ ਘੜਾ ਕੋਈ ਮੀਸਣਾ ਜਿਹਾ
ਬੁੱਲ੍ਹੀਆਂ ਵਿੱਚ ਮੁਸਕੜੀਏ ਹੱਸ ਰਿਹਾ ਹੈ
ਉਸਦੇ ਹਾਸੇ ਦੇ ਬੋਲ
ਮੇਰੇ ਤੀਰਾਂ ਵਾਂਗੂੰ ਵੱਜਦੇ ਹਨ
ਪਰ ਮੈਂ ਸ਼ਾਂਤ ਸਮੁੰਦਰ ਵਾਂਗੂੰ ਵਗ ਰਿਹਾ ਹਾਂ

ਉਹ ਪੌੜੀਆਂ ਉਤਰਦਾ ਹੈ
ਮੈਂ ਚੜ੍ਹਦਾ ਹਾਂ
ਉਹ ਭੱਜਦਾ ਹੈ
ਮੈਂ ਅੜਦਾ ਹਾਂ
ਹਰ ਸਾਹ ਮਰਦਾ ਹਾਂ
ਮਰ ਮਰ ਕੇ ਜਿਉਂਦਾ ਹਾਂ
ਆਪਣੀ ਪਾਟੀ ਜ਼ਿੰਦਗੀ ਨੂੰ
ਆਪੇ ਹੀ ਸਿਉਦਾ ਹਾਂ
ਮੈਂ ਸੂਈ ਹਾਂ ਜੋ ਜੋੜ ਦੀ ਹੈ
ਉਹ ਕੈਚੀ ਹੈ ਜੋ ਕੱਟਦੀ ਹੈ
ਮੈਂ ਦਰਜ਼ੀ ਹਾਂ
ਕਵੀ ਹਾਂ
ਪਰ ਕਵਿਤਾ ਮੇਰੇ ਨਾਲ
ਰੁਸ ਕੇ ਚਲੇ ਗਈ ਹੈ
ਮੈਂ ਕਵਿਤਾ ਦੀ ਤਲਾਸ਼ ਵਿੱਚ
ਕਵਿਤਾ ਦੇ ਨਾਲ ਜੁੜਦਾ ਹਾਂ
ਫੇਰ ਆਪਣੇ ਮੂਲ ਨਾਲ ਗੱਲਾਂ ਕਰਦਾ ਹਾਂ
ਵਰਤਮਾਨ ਸਾਜਿਸ਼ ਰਚਦਾ ਹੈ
ਭਵਿੱਖ ਹਾਉਕੇ ਭਰਦਾ ਹੈ
ਚੀਨੇ ਕਬੂਤਰ ਤੇ ਕਬੂਤਰੀਆਂ
ਉਡਾਰੀਆਂ ਮਾਰ ਰਹੇ ਹਨ
ਗੋਲੇ ਕਬੂਤਰ ਤੇ ਕਬੂਤਰੀਆਂ
ਬਾਜ਼ ਦੇ ਨਾਲ ਲੜਨ ਲੱਗੇ ਹਨ

ਅੱਜ ਬੁੱਢਾ ਦਰਿਆ ਮੈਨੂੰ ਪੁੱਛਦਾ ਹੈ
ਜਵਾਬ ਕਵੀ ਦੇਦਾ ਹੈ
ਪੰਜਾਬ ਦਾ ਰੰਗ ਨਾਗ ਵਰਗਾ ਹੋ ਰਿਹਾ ਹੈ
ਜਦ ਕਦੇ ਨੀਲਾ ਹੋਇਆ ਸੀ
ਤਾਂ ਪੰਜਾਬ ਦਾ ਹਰ ਘਰ ਰੋਇਆ ਸੀ

ਹੁਣ ਪੰਜਾਬ ਦਾ ਰੰਗ ਕਾਲਾ ਪੀਲਾ ਤੇ ਭਗਵਾਂ ਹੈ

ਪੰਜਾਬ ਕਿਉਂ ਨਹੀਂ ਆਪਣਾ ਅਸਲੀ ਰੰਗ
ਪਛਾਣਦਾ ਤੇ ਆਪਣਾ ਆਪ ਛਾਣਦਾ
ਕਿਉਂ ਨਹੀਂ ਆਪਣੀ ਹਿੱਕ
ਜੁਲਮ ਅੱਗੇ ਤਾਣਦਾ
ਪੰਜਾਬ ਦੀ ਨਕਲੀ ਤਸਵੀਰ ਵਿੱਚ
ਕਵੀ ਤੜਪ ਰਿਹਾ ਹੈ…!
ਕਵਿਤਾ ਚੁਪ ਹੈ
ਕਵੀ ਸੋਚਦਾ ਹੈ
ਪੰਜਾਬ ਦੀ ਤਸਵੀਰ ਕੀ ਸੀ
ਕੀ ਬਣ ਗਈ ਹੈ ?

 -ਬੁੱਧ ਸਿੰਘ ਨੀਲੋੰ

Comment here