ਅੰਦਰੋਂ ਹੋਰ, ਬਾਹਰੋਂ ਹੋਰ ਦੀ ਸਥਿਤੀ ਤੇ ਗੱਲਾਂ ਬਦਲਾਅ ਦੀਆਂ
-ਨਿਮਰਤ ਕੌਰ
ਖੇਤੀ ਕਾਨੂੰਨ ਤਾਂ ਵਾਪਸ ਲਏ ਗਏ ਹਨ ਪਰ ਕਿਸਾਨ ਐਮ.ਐਸ.ਪੀ. ਅਰਥਾਤ ਅਨਾਜ ਵੇਚਣ ਦਾ ਘੱਟੋ ਘੱਟ ਮੁੱਲ ਨਿਰਧਾਰਤ ਕਰਵਾਉਣ ਵਾਸਤੇ ਅਪਣਾ ਸੰਘਰਸ਼ ਜਾਰੀ ਰੱਖਣਗੇ। ਪਰ ਇਸ ਸੰਘਰਸ਼ ਦੇ ਜਾਰੀ ਰਹਿੰਦਿਆਂ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਪੰਜਾਬ ਦੀ ਸਿਆਸਤ ਦੀ ਤਸਵੀਰ ਸਾਫ਼ ਹੋ ਗਈ ਹੈ। ਸਾਰੇ ਪਰਦੇ ਹਟ ਰਹੇ ਹਨ ਤੇ ਗੁਪਤ ਸਾਂਝਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲੀ ਸਾਂਝ ਜਿਸ ਬਾਰੇ ਨਵਜੋਤ ਸਿੰਘ ਸਿੱਧੂ ਨੇ 2019 ਵਿਚ ਗੱਲ ਕੀਤੀ ਸੀ ਤੇ ਉਸ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬਾਹਰ ਵੀ ਕੱਢ ਦਿਤਾ ਸੀ, ਉਸ ਦਾ ਇਕ ਹਿੱਸਾ ਸਾਹਮਣੇ ਆ ਵੀ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਦਾਮਨ ਖੁਲ੍ਹ ਕੇ ਫੜ ਲਿਆ ਹੈ ਤੇ ਅਸੀ ਆਉਣ ਵਾਲੇ ਸਮੇਂ ਵਿਚ ਢੀਂਡਸਾ ਅਕਾਲੀ ਦਲ ਨੂੰ ਵੀ ਇਸ ਗਠਜੋੜ ਦਾ ਹਿੱਸਾ ਬਣਦੇ ਵੇਖ ਸਕਦੇ ਹਾਂ। ਅਕਾਲੀ ਦਲ ਦੀ ਭਾਈਵਾਲੀ ਜੇ ਸਚਮੁਚ ਹੀ ਟੁਟ ਚੁਕੀ ਹੁੰਦੀ ਤਾਂ ਅਸੀ ਈ.ਡੀ. ਅਤੇ ਸੀ.ਬੀ.ਆਈ ਦੇ ਛਾਪੇ ਹੁਣ ਤਕ ਕਈ ਆਗੂਆਂ ਉਤੇ ਪੈਂਦੇ ਵੇਖ ਚੁਕੇ ਹੁੰਦੇ। ਇਹ ਰਿਸ਼ਤਿਆਂ ਵਿਚ ਪਿਆਰ ਦਾ ਸਬੂਤ ਹੈ ਕਿ ਭਾਵੇਂ ਇਹ ਸਾਂਝ ਅਜੇ ਜਨਤਕ ਨਾ ਵੀ ਕੀਤੀ ਜਾਵੇ ਪਰ ਉਮੀਦਵਾਰਾਂ ਦੀ ਵੰਡ ਤੋਂ ਹੀ ਇਸ ਰਿਸ਼ਤੇ ਦਾ ਪਤਾ ਚਲ ਜਾਵੇਗਾ।ਪਰ ਇਹ ਭਾਜਪਾ ਦੀ ਹਾਈਕਮਾਂਡ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਗੰਢੇ ਗਏ ਰਿਸ਼ਤੇ ਹਨ ਜੋ ਅਜੇ ਪੰਜਾਬ ਦੇ ਵਰਕਰਾਂ ਦੇ ਰਿਸ਼ਤੇ ਨਹੀਂ ਬਣ ਸਕੇ। ਅਕਾਲੀ ਦਲ ਪਹਿਲਾਂ ਹੀ ਬੀਜੇਪੀ ਦਾ ਗੁਪਤ ਭਾਈਵਾਲ ਹੋਣ ਦੇ ਭਾਰ ਹੇਠ ਦਬਿਆ ਹੋਇਆ ਸੀ ਤੇ ਹੁਣ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨਾਲ ਗੁਪਤ ਗੰਢ ਚਤਰਾਵੇ ਦੇ ਭਾਰ ਹੇਠ ਵੀ ਰੀਂਗ ਰਿਹਾ ਹੈ। ਇਨ੍ਹਾਂ ਸਾਂਝਾਂ ਦੇ ਜਨਤਕ ਹੋਣ ਤੋਂ ਬਾਅਦ ਇਹ ਦਲ ਭਾਵੇਂ ‘ਕਿਸਾਨ ਸਾਡੇ ਲਈ ਸੱਭ ਤੋਂ ਪਹਿਲਾਂ’ ਦੀ ਦੁਹਾਈ ਦੇ ਰਿਹਾ ਹੈ ਪਰ ਆਉਣ ਵਾਲਾ ਚੋਣ-ਇਮਤਿਹਾਨ ਪਾਸ ਕਰਨਾ ਇਨ੍ਹਾਂ ਲਈ ਇਕ ਵੱਡੀ ਚੁਨੌਤੀ ਬਣ ਕੇ ਆਏਗਾ। ਇਸ ਗਠਜੋੜ ਦੀ ਸੱਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਲੋਕਾਂ ਦਾ ਵਿਸ਼ਵਾਸ ਬਣ ਚੁੱਕਾ ਹੈ ਕਿ ਅੱਜ ਦੇ ਅਕਾਲੀਆਂ ਲਈ ਦਿੱਲੀ ਤਖ਼ਤ ਸੱਭ ਤੋਂ ਪਹਿਲਾਂ ਹੈ ਤੇ ਬਾਕੀ ਸੱਭ ਕੁੱਝ ਬਾਅਦ ਵਿਚ। ਪ੍ਰਧਾਨ ਮੰਤਰੀ ਦੇ ਐਲਾਨ ਦੇ ਤੁਰੰਤ ਬਾਅਦ ਹੀ ਸਾਕਸ਼ੀ ਮਹਾਰਾਜ ਵਰਗਿਆਂ ਨੇ ਖੇਤੀ ਕਾਨੂੰਨ ਦੁਬਾਰਾ ਲਿਆਉਣ ਦੀ ਗੱਲ ਕਰ ਦਿਤੀ ਹੈ ਜੋ ਹਰ ਕਿਸਾਨ ਦੇ ਮਨ ਦਾ ਸੱਭ ਤੋਂ ਵੱਡਾ ਡਰ ਹੈ। ਜਿਹੜਾ ਤੀਜਾ ਧੜਾ ਬਣ ਕੇ ਅੱਗੇ ਆ ਰਿਹਾ ਹੈ, ਉਹ ਅਜਿਹੀ ਬੇਵਿਸ਼ਵਾਸੀ ਦਾ ਭਾਰ ਚੁੱਕੀ ਮੈਦਾਨ ਵਿਚ ਆਇਆ ਹੈ ਜਿਸ ਦਾ ਪਿਛੋਕੜ ਅਕਾਲੀਆਂ ਦੀਆਂ ਗ਼ਲਤੀਆਂ ਨਾਲ ਲਿਬੜਿਆ ਹੋਇਆ ਹੈ ਤੇ ਉਸ ਤੇ ਹੁਣ ਕਾਂਗਰਸ ਤੋਂ ਮਾੜੀ ਕਾਰਗੁਜ਼ਾਰੀ ਦਾ ਦੋਸ਼ ਲਾ ਕੇ ਹਟਾਏ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਰ ਵੀ ਪੈ ਰਿਹਾ ਹੈ। ਪਰ ਫਿਰ ਵੀ ਇਸ ਧੜੇ ਨੂੰ ਇਸ ਲਈ ਚੰਗਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਬਾਕੀ ਦੋਹਾਂ ਧੜਿਆਂ ਵਿਚ ਵੀ ਜਾਨ ਨਹੀਂ ਹੈ। ਕਾਂਗਰਸ ਪਾਰਟੀ ਅਪਣੇ ਇਕ ਮੁੱਖ ਮੰਤਰੀ ਨੂੰ ਗੁਆਉਣ ਦੇ ਬਾਅਦ ਹੁਣ ਕਈ ਚਿਹਰਿਆਂ ਦੀ ਪਾਰਟੀ ਬਣ ਗਈ ਹੈ ਜਿਥੇ ਇਸ ਵਾਰ ਉਹ ਲੋਕਾਂ ਨੂੰ ਨਹੀਂ ਦਸ ਸਕਣਗੇ ਕਿ ਉਨ੍ਹਾਂ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਜਿਥੇ ‘ਆਪ’ ਪਾਰਟੀ ਨੂੰ ਇਕ ਵੀ ਸਿੱਖ ਚਿਹਰਾ ਨਹੀਂ ਮਿਲ ਰਿਹਾ ਜਿਸ ਉਤੇ ਉਹ ਭਰੋਸਾ ਕਰ ਸਕਣ, ਕਾਂਗਰਸ ਵਿਚ ਮੁੱਖ ਮੰਤਰੀ ਦੇ ਦਾਅਵੇਦਾਰਾਂ ਦੀ ਕਤਾਰ ਲੱਗੀ ਹੋਈ ਹੈ ਤੇ ਇਹ ਦੋਵੇਂ ਪਾਰਟੀਆਂ ਅੱਜਕਲ ਪੰਜਾਬ ਵਿਚ ਤੋਹਫ਼ੇ ਵੰਡਦੀਆਂ ਫਿਰ ਰਹੀਆਂ ਹਨ। ਅਰਵਿੰਦ ਕੇਜਰੀਵਾਲ ਜਦ ਪੰਜਾਬ ਵਿਚ ਇਕ ਨਵਾਂ ਵਾਅਦਾ ਲੈ ਕੇ ਆਉਂਦੇ ਹਨ, ਪੰਜਾਬ ਕਾਂਗਰਸ ਉਸੇ ਵਾਅਦੇ ਨੂੰ ਪਹਿਲਾਂ ਹੀ ਪੂਰਾ ਕਰ ਕੇ ਅਪਣੇ ਆਪ ਨੂੰ ਲੋਕਾਂ ਦੀ ਸਰਕਾਰ ਦਸਣ ਦਾ ਯਤਨ ਕਰਦੀ ਹੈ। ਕਾਂਗਰਸ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਮਾਫ਼ੀਆ ਰਾਜ ਤੇ ਬਰਗਾੜੀ ਮੁੱਦੇ ਨੂੰ ਨਾ ਸੁਲਝਾਉਣ ਕਾਰਨ ਬੇਵਿਸ਼ਵਾਸੀ ਦਾ ਬੋਝ ਚੁਕ ਰਹੀ ਹੈ ਤੇ ‘ਆਪ’ ਕਿਸੇ ਭਰੋਸੇਯੋਗ ਸਿੱਖ ਚਿਹਰੇ ਨੂੰ ਲੱਭਣ ਵਿਚ ਨਾਕਾਮ ਰਹਿਣ ਕਾਰਨ ਲੋਕਾਂ ਵਿਚ ਅਪਣਾ ਵਿਸ਼ਵਾਸ ਬਣਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੀ ਹੈ ਕਿਉਂਕਿ ਤਿੰਨੇ ਧੜੇ ਬੇਵਿਸ਼ਵਾਸੀ ਦੇ ਸ਼ਿਕਾਰ ਹੋਏ ਪਏ ਹਨ।ਉਨ੍ਹਾਂ ਹੁਣ ਪੰਜਾਬ ਵਾਸਤੇ ਤੋਹਫ਼ਿਆਂ, ਲੋਲੀਪਾਪਾਂ ਦੀ ਬੌਛਾੜ ਕਰ ਦੇਣੀ ਹੈ। ਕੋਈ ਮੁਫ਼ਤ ਆਈਲਿਟਸ ਕਰਵਾਏਗਾ, ਕੋਈ ਬਿਜਲੀ, ਰੇਤਾ ਮੁਫ਼ਤ ਦੇਵੇਗਾ। ਕੋਈ ਘਰ ਬੈਠੇ ਪੈਸੇ ਭੇਜੇਗਾ। ਪਰ ਕੀ ਪੰਜਾਬੀ ਅਸਲ ਵਿਚ ਪੰਜਾਬ ਸਿਰ ਹੋਰ ਕਰਜ਼ਾ ਚੜ੍ਹਾਉਣ ਲਈ ਬਜ਼ਿੱਦ ਹੋਏ ਸਿਆਸਤਦਾਨਾਂ ਨੂੰ ਅਪਣੀ ਵੋਟ ਪਾਉਣਗੇ ਜਾਂ ਪੰਜਾਬ ਦੀ ਜਨਤਾ ਅਪਣੇ ਆਗੂਆਂ ਤੋਂ ਕਿਸੇ ਹੋਰ ਗੱਲ ਦੀ ਆਸ ਰਖਦੀ ਹੈ? ਇਨ੍ਹਾਂ ਚੋਣਾਂ ਤੋਂ ਬਹੁਤ ਉਮੀਦਾਂ ਹਨ ਪਰ ਜਿਵੇਂ ਜਿਵੇਂ ਤਸਵੀਰ ਸਾਫ਼ ਹੁੰਦੀ ਜਾਂਦੀ ਹੈ, ਜਾਪਦਾ ਨਹੀਂ ਕਿ ਕੁੱਝ ਬਦਲਾਅ ਆਉਣ ਵਾਲਾ ਹੈ।
Comment here