ਵਿਸ਼ੇਸ਼ ਰਿਪੋਰਟ
ਪੰਜਾਬ ਦੀਆਂ ਜੇਲ੍ਹਾਂ ਵਿਚ ਕਿਸ ਪੱਧਰ ਤਕ ਦੀ ਅਰਾਜਕਤਾ ਦਾ ਮਾਹੌਲ ਹੈ, ਇਹ ਤੱਥ ਕਿਸੇ ਤੋਂ ਲੁਕਿਆ-ਛਿਪਿਆ ਨਹੀਂ ਹੈ। ਨਿੱਤ ਸੂਬੇ ਦੀ ਕਿਸੇ ਨਾ ਕਿਸੇ ਜੇਲ੍ਹ ’ਵਿਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕਾਰਣ ਕਾਲਾ ਪੀਲੀਆ ਵੀ ਫੈਲ ਰਿਹਾ ਹੈ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਦੀ ਕੀਤੀ ਜਾਵੇ ਤਾਂ ਜੇਲ੍ਹ ਦੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ ਤਾਂ ਉਸ ਵਿਚੋਂ 148 ਕੈਦੀ ਹੈਪੇਟਾਈਟਿਸ-ਸੀ (ਕਾਲੇ ਪੀਲੀਏ) ਦੀ ਲਪੇਟ ਵਿੱਚ ਆ ਗਏ ਹਨ।
ਸਰਕਾਰੀ ਹਸਪਤਾਲ ਦੀ ਸਹਾਇਕ ਐੱਸ.ਐੱਮ.ਓ ਪ੍ਰਦੀਪ ਅਰੋੜਾ ਨੇ ਦੱਸਿਆ ਕਿ ਜੋ ਇਹ ਕੈਦੀ ਹੈਪੇਟਾਈਟਿਸ-ਛ ਨਾਲ 148 ਕੈਦੀ ਪੀੜਤ ਪਾਏ ਗਏ ਹਨ ਇਸ ਦਾ ਮੁੱਖ ਕਾਰਨ ਹੈ ਕਿ ਜੋ ਸਰਿੰਜਾਂ ਹਨ ਉਹ ਆਪਸ ਵਿੱਚ ਵਰਤਦੇ ਹਨ ਜਿਸ ਕਰਕੇ ਹੈਪੇਟਾਈਟਿਸ ਸੀ ਬਿਮਾਰੀ ਦਾ ਮੁੱਖ ਕਾਰਨ ਹੈ। ਇਕ ਨਵੀਂ ਚੁਣੌਤੀ ਮਿੰਨੀ ਮੋਬਾਈਲ ਫੋਨ ਹੈ ਜਿਸ ਦੀ ਵਰਤੋਂ ਜੇਲ੍ਹਾਂ ਵਿਚ ਕੈਦੀਆਂ ਵੱਲੋਂ ਨਿਰੰਤਰ ਵਧਦੀ ਜਾ ਰਹੀ ਹੈ। ਸੱਤ ਸੈਂਟੀਮੀਟਰ ਤੋਂ ਵੀ ਘੱਟ ਲੰਬਾਈ, ਤਿੰਨ ਸੈਂਟੀਮੀਟਰ ਚੌੜਾਈ ਤੇ ਇਕ ਹਜ਼ਾਰ ਤੋਂ ਵੀ ਘੱਟ ਕੀਮਤ ਵਿਚ ਉਪਲਬਧ ਇਹ ਫੋਨ ਕੈਦੀਆਂ ਤਕ ਆਸਾਨੀ ਨਾਲ ਪੁੱਜ ਰਿਹਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਇਸ ਨੂੰ ਲੁਕਾਉਣਾ ਬਹੁਤ ਸੌਖਾ ਹੈ। ਇਸ ਦੇ ਬਾਵਜੂਦ ਪਿਛਲੇ ਛੇ ਮਹੀਨਿਆਂ ਦੌਰਾਨ ਅਜਿਹੇ ਲਗਪਗ ਚਾਰ ਹਜ਼ਾਰ ਮੋਬਾਈਲ ਫੋਨ ਫੜੇ ਜਾ ਚੁੱਕੇ ਹਨ। ਇਸ ਤੋਂ ਹਾਲਾਤ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਸ ਤੱਥ ਤੋਂ ਸਾਰੇ ਜਾਣੂ ਹਨ ਕਿ ਜੇਲ੍ਹ ਵਿਚ ਬੰਦ ਪਏ ਅਪਰਾਧੀ ਮੋਬਾਈਲ ਫੋਨਾਂ ਰਾਹੀਂ ਸੀਖਾਂ ਪਿੱਛੇ ਬੈਠ ਕੇ ਹੀ ਬਾਹਰ ਆਪਣਾ ਨੈੱਟਵਰਕ ਸੰਚਾਲਤ ਕਰਦੇ ਹਨ। ਪਿਛਲੇ ਦਿਨੀਂ ਕੋਟਕਪੂਰਾ ਵਿਚ ਡੇਰਾ ਪ੍ਰੇਮੀ ਦੀ ਹੱਤਿਆ ਦੀ ਸਾਜ਼ਿਸ਼ ਵੀ ਜੇਲ੍ਹ ਵਿਚ ਹੀ ਰਚੀ ਗਈ ਸੀ। ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਅਪਰਾਧਕ ਸਾਜ਼ਿਸ਼ਾਂ ਜੇਲ੍ਹ ਅੰਦਰੋਂ ਹੀ ਰਚੀਆਂ ਜਾ ਚੁੱਕੀਆਂ ਹਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਦਾਅਵਿਆਂ ਤੋਂ ਅੱਗੇ ਵਧੇ ਅਤੇ ਜੇਲ੍ਹਾਂ ਵਿਚ ਬੇਨਿਯਮੀਆਂ ਰੋਕਣ ਲਈ ਅਜਿਹੇ ਠੋਸ ਕਦਮ ਚੁੱਕੇ ਜੋ ਜ਼ਮੀਨੀ ਪੱਧਰ ’ਤੇ ਵੀ ਵਿਖਾਈ ਦੇਣ। ਅਜਿਹੀਆਂ ਰਿਪੋਰਟਾਂ ਵੀ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਬਹੁਤ ਸਾਰੇ ਗੈਂਗਸਟਰ ਜੇਲ੍ਹਾਂ ਅੰਦਰ ਬੈਠੇ ਹੀ ਆਪਣੇ ਗਿਰੋਹ ਚਲਾਉਂਦੇ ਰਹੇ ਹਨ। ਇਨ੍ਹਾਂ ਸਮਾਜ-ਵਿਰੋਧੀ ਤੱਤਾਂ ਨੂੰ ਮੋਬਾਈਲ ਤੇ ਨਸ਼ੇ ਕੌਣ ਸਪਲਾਈ ਕਰਦਾ ਹੈ, ਇਹ ਵੀ ਇਕ ਵੱਡਾ ਸਵਾਲ ਹੈ। ਕਈ ਵਾਰ ਕੁਝ ਸਰਕਾਰੀ ਸੂਤਰ ਆਪਣੇ ਬਚਾਅ ਵਿਚ ਅਜਿਹੀ ਦਲੀਲ ਵੀ ਦਿੰਦੇ ਹਨ ਕਿ ਜੇਲ੍ਹਾਂ ਵਿਚ ਮੋਬਾਈਲ ਜਾਣ-ਬੁੱਝ ਕੇ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਬਾਅਦ ਵਿਚ ਟੈਪ ਕਰ ਕੇ ਪਤਾ ਲਾਇਆ ਜਾ ਸਕੇ ਕਿ ਕੈਦੀ ਕਿੱਥੇ ਤੇ ਕਿਨ੍ਹਾਂ ਨਾਲ ਗੱਲਬਾਤ ਕਰਦੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਫ਼ਿਰੋਜ਼ਪੁਰ ਦੇ ਇਕ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ’ਤੇ ਕੈਦੀਆਂ ਨੂੰ ਮੋਬਾਈਲ ਫੋਨ ਤੇ ਨਸ਼ੇ ਸਪਲਾਈ ਕਰਨ ਦੇ ਦੋਸ਼ ਲਾਏ ਗਏ ਸਨ। ਉਸ ਨਾਲ ਤਿੰਨ ਹੋਰ ਜੇਲ੍ਹ ਅਧਿਕਾਰੀਆਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਸੀ। ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਦੇ 10 ਹੋਰ ਜੇਲ੍ਹ ਅਧਿਕਾਰੀ ਗਿ੍ਰਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਮੈਡੀਕਲ ਅਫ਼ਸਰ ਵਜੋਂ ਵਿਚਰ ਰਹੇ ਦੋ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਆਮ ਵਿਅਕਤੀ ਤਾਂ ਇਹੋ ਸਿੱਟਾ ਕੱਢੇਗਾ ਕਿ ਉੱਚ ਅਧਿਕਾਰੀ ਹੀ ਮਿਲੀਭੁਗਤ ਨਾਲ ਉਕਤ ਸਭ ਕੁਝ ਜਾਣ-ਬੁੱਝ ਕੇ ਕਰਵਾ ਰਹੇ ਹਨ।
Comment here