ਅਪਰਾਧਖਬਰਾਂਚਲੰਤ ਮਾਮਲੇ

ਪੰਜਾਬ ਦੀਆਂ ਔਰਤਾਂ ਬਣੀਆਂ ਅਪਰਾਧੀ ; ਸੈਂਕੜੇ ਜੇਲ੍ਹਾਂ ‘ਚ ਬੰਦ

ਰਾਮਪੁਰਾ ਫੂਲ-ਪੰਜਾਬ ਵਿਚ ਅਪਰਾਧਿਕ ਘਟਨਾਵਾਂ ਵਿਚ ਔਰਤਾਂ ਦੀ ਵਧ ਰਹੀ ਸ਼ਮੂਲੀਅਤ ਸਮਾਜ ਲਈ ਖ਼ਤਰੇ ਦੀ ਘੰਟੀ ਹੈ । ਨਸ਼ਾ ਤਸਕਰੀ, ਲੁੱਟ ਖੋਹ, ਡਾਕਾ ਤੇ ਹਨੀ ਟਰੈਪ ਵਰਗੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੀਆਂ ਸੈਂਕੜੇ ਔਰਤਾਂ ਪੰਜਾਬ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਹਨ ।ਓਧਰ ਪੰਜਾਬ ਸਰਕਾਰ ਔਰਤਾਂ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਨਾਲ-ਨਾਲ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਰੱਤੀ ਭਰ ਵੀ ਸੰਜੀਦਾ ਨਹੀਂ ਹੈ ।ਸੂਤਰਾਂ ਅਨੁਸਾਰ ਪਿਛਲੇ ਸਮੇਂ ਪੰਜਾਬ ਦੀਆਂ ਕੇਂਦਰੀ ਜੇਲ੍ਹਾਂ ਵਿਚ 1596 ਤੋਂ ਵੱਧ ਔਰਤ ਕੈਦੀ ਨਜ਼ਰਬੰਦ ਸਨ । ਇਨ੍ਹਾਂ ਵਿਚੋਂ 794 ਔਰਤ ਕੈਦੀਆਂ ਨੂੰ ਨਾਰਕੋਟਿਕਸ, ਡਰੱਗ, ਐਨ.ਡੀ.ਪੀ.ਐਸ. ਐਕਟ 1985 ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 133 ਔਰਤਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤੇ ਬਾਕੀ ਮਾਮਲੇ ਸੁਣਵਾਈ ਅਧੀਨ ਹਨ ।
ਪੰਜਾਬ ਅੰਦਰ ਔਰਤਾਂ ਦੀ ਅਪਰਾਧਿਕ ਘਟਨਾਵਾਂ ਵਿਚ ਵਧ ਰਹੀ ਸ਼ਮੂਲੀਅਤ ‘ਤੇ ਜੇਕਰ ਤਾਜ਼ਾ ਝਾਤ ਮਾਰੀ ਜਾਵੇ ਤਾਂ ਕਿਵੇਂ ਲੇਡੀ ਡਾਕੂ ਮਨਦੀਪ ਕੌਰ ਮੋਨਾ ਨੇ ਲੁਧਿਆਣਾ ਵਿਚ 8 ਕਰੋੜ ਦੀ ਡਕੈਤੀ ਨੂੰ ਅੰਜਾਮ ਦਿੱਤਾ ।ਇਸੇ ਤਹਿਤ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਨੂੰ ਪਿਛਲੇ ਮਹੀਨੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਵੇਅਰਜ਼ ਡਵੀਜ਼ਨ ਪੰਜਾਬ ਦੇ ਹਵਾਲੇ ਨਾਲ ਜ਼ਿਲੇ ਦੀ ਪੁਲਿਸ ਨੂੰ ਚੌਕੰਨਾ ਕਰਨਾ ਪਿਆ ਹੈ ਕਿ 20-25 ਕੁੜੀਆਂ ਦਾ ਇਕ ਗੈਂਗ, ਜਿਨ੍ਹਾਂ ਵਿਚ ਕੁਝ ਨਾਬਾਲਗ ਲੜਕੀਆਂ ਵੀ ਹਨ, ਲੁੱਟ ਖੋਹ ਦੀ ਨੀਅਤ ਨਾਲ ਪਿੰਡਾਂ ਵਿਚ ਘੁੰਮ ਰਿਹਾ ਹੈ ।ਉਨ੍ਹਾਂ ਸਮੂਹ ਥਾਣਾ ਮੁਖੀਆਂ ਨੂੰ ਕਿਸੇ ਵੀ ਘਟਨਾ ਵਾਪਰਨ ‘ਤੇ ਤੁਰੰਤ ਕਮਿਸ਼ਨਰੇਟ ਦਫ਼ਤਰ ਸੂਚਨਾ ਦੇਣ ਲਈ ਕਿਹਾ ਹੈ । ਇਸੇ ਤਰ੍ਹਾਂ ਅੰਮਿ੍ਤਸਰ ਪੁਲਿਸ ਨੇ ਗੁਰਦੁਆਰਾ ਸ਼ਹੀਦਾਂ ਤੋਂ ਸੰਗਤਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਔਰਤਾਂ ਦੇ ਇਕ ਗਰੋਹ ਨੂੰ ਕਾਬੂ ਕੀਤਾ ਹੈ ।
ਸਮਾਜ ਇੱਥੋਂ ਤੱਕ ਗਲਤਾਨ ਹੋ ਚੁੱਕਾ ਹੈ ਕਿ ਖੇਤਰ ਦੀ ਹੀ ਇਕ ਮਾਂ-ਧੀ ਨੇ ਇਕ ਬਜ਼ੁਰਗ ਨੂੰ ਹਨੀ ਟਰੈਪ ਰਾਹੀਂ ਫਸਾ ਕੇ ਉਸ ਤੋਂ ਲੱਖਾਂ ਰੁਪਏ ਹੀ ਨਹੀਂ ਖਾਧੇ ਬਲਕਿ ਉਸ ਦੇ ਕਈ ਵਿੱਘੇ ਜ਼ਮੀਨ ਵੀ ਹੜੱਪੇ ਜਾਣ ਦੀਆਂ ਕਨਸੋਆਂ ਹਨ । ਪੰਜਾਬ ਟਾਈਮਜ਼ ਅਨੁਸਾਰ ਨਸ਼ਾ ਤਸਕਰੀ, ਅਗਵਾ ਤੇ ਕਤਲ ਜਿਹੇ ਜੁਰਮ ਕਰਨੇ ਵੀ ਆਮ ਗੱਲ ਹੋ ਗਈ ਹੈ । ਪੰਜਾਬ ਟਾਈਮਜ਼ ਦਾ ਮੰਨਣਾ ਹੈ ਕਿ ਔਰਤਾਂ ਦੀ ਅਪਰਾਧਿਕ ਪ੍ਰਵਿਰਤੀ ਬਣਾਉਣ ਲਈ ਪੰਜਾਬ ਦਾ ਸਮਾਜ ਤੇ ਸਰਕਾਰਾਂ ਦੋਵੇਂ ਹੀ ਜ਼ਿੰਮੇਵਾਰ ਹਨ । ਗਰੀਬੀ ਬੇਰੁਜ਼ਗਾਰੀ ਤੇ ਔਰਤਾਂ ‘ਤੇ ਹੁੰਦੇ ਪੇਸ਼ੇਵਾਰਨਾ ਤਸ਼ੱਦਦ ਕਾਰਨ ਉਹ ਅਪਰਾਧ ਦੇ ਰਾਹ ਪਈਆਂ ਹਨ । ਔਰਤਾਂ ਨੂੰ ਜੁਰਮਾਂ ਪ੍ਰਤੀ ਜਾਗਰੂਕ ਕਰਨ ਤੇ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਨੀਤੀਆਂ ਬਣਾਉਣ ਦੀ ਲੋੜ ਹੈ ।

Comment here