ਅਜਬ ਗਜਬਖਬਰਾਂ

ਪੰਜਾਬ ਦਾ ਸਮਲਿੰਗੀ ਜੋੜਾ ਦਿੱਲੀ ਹਾਈਕੋਰਟ ਚ ਸ਼ਰਨ ਚ

ਅਦਾਲਤ ਨੇ ਸੁਰੱਖਿਆ ਦੇਣ ਲਈ ਪੁਲਸ ਨੂੰ ਦਿੱਤੇ ਨਿਰਦੇਸ਼

ਨਵੀਂ ਦਿੱਲੀ-ਪਿਛਲੇ ਦਿਨੀ ਲੁਧਿਆਣਾ ਜ਼ਿਲੇ ਦੇ ਪਿੰਡ ਸਬੱਦੀ ਕਲਾਂ ਦੀਆਂ ਦੋ ਚਚੇਰੀਆਂ ਭੈਣਾਂ ਵਲੋਂ ਸਮਲਿੰਗੀ ਵਿਆਹ ਕਰਵਾਏ ਜਾਣ ਦਾ ਮਾਮਲਾ ਮੀਡੀਆ ਚ ਸੁਰਖੀਆਂ ਚ ਸੀ, ਹੁਣ ਮੋਗਾ ਤੇ ਲੁਧਿਆਣਾ ਦੇ ਦੋ ਮੁੰਡਿਆਂ ਦਾ ਮਾਮਲਾ ਚਰਚਾ ਵਿੱਚ ਹੈ, ਜਿਹਨਾਂ ਨੇ ਸੁਰੱਖਿਆ ਵਾਸਤੇ ਦਿੱਲੀ ਹਾਈ ਕੋਰਟ ਦੀ ਸ਼ਰਨ ਲਈ ਹੈ। ਦਿੱਲੀ ਹਾਈਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਪੰਜਾਬ ਤੋਂ ਆਏ ਸਮਲਿੰਗੀ ਜੋੜੇ ਨੂੰ ਸੁਰੱਖਿਆ ਤੇ ਸੁਰੱਖਿਅਤ ਸਥਾਨ ਮੁਹੱਈਆ ਕਰਵਾਓ। ਦੋਵੇਂ ਆਪਸ ’ਚ ਵਿਆਹ ਕਰਨਾ ਚਾਹੁੰਦੇ ਹਨ, ਪਰ ਪਰਿਵਾਰ ਨੂੰ ਸਵੀਕਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਧਮਕੀ ਮਿਲ ਰਹੀ ਹੈ। ਜਸਟਿਸ ਮੁਕਤਾ ਗੁਪਤਾ ਦੇ ਬੈਂਚ ਨੇ ਮਯੂਰ ਵਿਹਾਰ ਫੇਜ਼-1 ਦੇ ਐੱਸਐੱਚਓ ਨੂੰ ਨਿਰਦੇਸ਼ ਦਿੱਤਾ ਹੈ ਕਿ ਗ਼ੈਰ ਸਰਕਾਰੀ ਸੰਗਠਨ ਧਨਕ ਆਫ ਹਿਊਮੈਨਿਟੀ ਦੇ ਦਫ਼ਤਰ ’ਚ ਰਹਿ ਰਹੇ ਏਸ ਸਮਲਿੰਗੀ ਜੋੜੇ ਨੂੰ ਕਿੰਗਸਵੇ ਸਥਿਤ ਸੇਵਾ ਕੁਟੀਰ ਕੰਪਲੈਕਸ ’ਚ ਸ਼ਿਫਟ ਕੀਤਾ ਜਾਵੇ, ਨਾਲ ਹੀ ਉੱਥੇ ਲੋੜੀਂਦੀ ਸੁਰੱਖਿਆ ਮੁਹਈਆ ਕਰਵਾਈ ਜਾਵੇ। ਬੈਂਚ ਨੇ ਦੋਵਾਂ ਪਟੀਸ਼ਨਕਰਤਾਵਾਂ ਦੇ ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਸੁਣਵਾਈ ਦੋ ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ। ਪਟੀਸ਼ਨ ਚ ਜੋੜੇ ਨੇ ਕਿਹਾ ਕਿ ਸਮਲਿੰਗੀ ਸੰਬੰਧਾਂ ਬਾਰੇ ਪਤਾ ਲੱਗਣ ਤੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਇਸੇ ਕਾਰਨ ਉਹ ਪੰਜਾਬ ਤੋਂ ਦਿੱਲੀ ਆ ਗਏ ਸਨ। ਇੱਥੇ ਆ ਕੇ ਉਨ੍ਹਾਂ ਨੇ ਵਿਆਹ ਕੀਤਾ ਹੈ, ਪਰ ਉਨ੍ਹਾਂ ਨੂੰ ਪਰਿਵਾਰਾਂ ਤੋਂ ਖ਼ਤਰਾ ਹੈ। ਇਸ ਜੋੜੇ ਵਿਚੋਂ ਇਕ ਮੁੰਡਾ ਮੋਗੇ ਦਾ ਹੈ ਤੇ ਦੂਜਾ ਲੁਧਿਆਣਾ ਤੋਂ ਹੈ।

Comment here