ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਦਾ ਕਿਹੜਾ ਮੁੱਖ ਮੰਤਰੀ ਕਿੰਨਾ ਪੜ੍ਹਿਆ…

ਵਿਸ਼ੇਸ਼ ਰਿਪੋਰਟ-ਅਵਤਾਰ 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵਿੱਚ ਮਹੀਨੇ ਤੋਂ ਘੱਟ ਸਮਾਂ ਬਚਿਆ ਹੈ, 10 ਮਾਰਚ ਨੂੰ ਪਤਾ ਲੱਗ ਜਾਵੇਗਾ ਕਿ ਕਿਹੜੀ ਸਿਆਸੀ ਪਾਰਟੀ ਦੇ ਆਗੂ ਦੇ ਸਿਰ ਮੁੱਖ ਮੰਤਰੀ ਦੀ ਜ਼ਿਮੇਵਾਰੀ ਪਵੇਗੀ।  ਸੂਬੇ ਦਾ 13ਵਾਂ ਮੁੱਖ ਮੰਤਰੀ ਕੌਣ ਹੋਵੇਗਾ, ਕਿੰਨਾ ਪੜ੍ਹਿਆ, ਲਿਖਿਆ ਹੋਵੇਗਾ, ਪੰਜਾਬ ਦੇ ਏਜੰਡੇ, ਲੋਕ ਮੁੱਦਿਆਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖੇਗਾ, ਇਸ ਉੱਤੇ ਚਿੰਤਨ ਮੰਥਨ ਹੋ ਰਿਹਾ ਹੈ। ਸੂਬੇ ਦੇ ਹੁਣ ਤੱਕ ਜਿਹੜੇ 12 ਮੁੱਖ ਮੰਤਰੀ ਰਹਿ ਚੁੱਕੇ ਹਨ, ਉਹ ਕਿੰਨੇ ਪੜ੍ਹੇ ਲਿਖੇ ਰਹੇ, ਆਓ ਜਾਣਦੇ ਹਾਂ- ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫਿਰ ਸਨ। ਉਹ ਇੱਕ ਅਧਿਆਪਕ, ਲੇਖਕ ਤੇ ਕਵੀ ਸਨ। ਉਹ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਮੁੱਖ ਮੰਤਰੀ ਰਹੇ। ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਦੂਜੇ ਮੁੱਖ ਮੰਤਰੀ ਸਨ। ਉਨ੍ਹਾਂ ਲਾਹੌਰ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਲਾਇਲਪੁਰ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਉਹ 1950 ਤੋਂ 1959 ਤੱਕ ਪੰਜਾਬ ਹਾਈ ਕੋਰਟ ਦੇ ਜੱਜ ਰਹੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਤੇ ਦੋ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਦਾ ਪਹਿਲਾ ਕਾਰਜਕਾਲ 8 ਮਾਰਚ 1967 ਤੋਂ 25 ਨਵੰਬਰ 1967 ਤੇ ਦੂਜਾ 17 ਫਰਵਰੀ 1969 ਤੋਂ 27 ਮਾਰਚ 1970 ਤੱਕ ਸੀ। ਲਕਸ਼ਮਣ ਸਿੰਘ ਗਿੱਲ ਪੰਜਾਬ ਦੇ ਤੀਜੇ ਮੁੱਖ ਮੰਤਰੀ ਸਨ। ਉਹ ਅੰਡਰ ਗਰੈਜੂਏਟ ਸੀ। ਮੁੱਖ ਮੰਤਰੀ ਬਣਨ ਤੋਂ ਇਲਾਵਾ ਉਹ ਪੰਜਾਬ ਦੇ ਸਿੱਖਿਆ ਤੇ ਮਾਲ ਮੰਤਰੀ ਵੀ ਰਹੇ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ 25 ਨਵੰਬਰ 1967 ਤੋਂ 22 ਅਗਸਤ 1968 ਤੱਕ ਰਿਹਾ।  ਪੰਜਾਬ ਦੇ ਚੌਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣੇ। ਜੋ ਹੁਣ ਤੱਕ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਉਹ 1970-71, 1977-80, 1997-2002, 2007-2012 ਤੇ 2012-2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਕ੍ਰਿਸ਼ਚੀਅਨ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਹੈ। ਗਿਆਨੀ ਜ਼ੈਲ ਸਿੰਘ ਪੰਜਾਬ ਦੇ 5ਵੇਂ ਮੁੱਖ ਮੰਤਰੀ ਸਨ। ਗਿਆਨੀ ਜ਼ੈਲ ਸਿੰਘ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਤੇ ਸਿਖਲਾਈ ਲਈ। ਉਹ 1972 ਤੋਂ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। 1982 ਤੋਂ 1987 ਤੱਕ ਉਹ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਵੀ ਰਹੇ। ਦਰਬਾਰਾ ਸਿੰਘ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਪੜ੍ਹੇ ਸਨ, ਅਤੇ 1980 ਤੋਂ 1983 ਤੱਕ ਮੁੱਖ ਮੰਤਰੀ ਰਹੇ। ਸੁਰਜੀਤ ਸਿੰਘ ਬਰਨਾਲਾ ਨੇ 1946 ਵਿੱਚ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਹ 1985 ਤੋਂ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।
ਬੇਅੰਤ ਸਿੰਘ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਸਰਕਾਰੀ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ ਪਰ ਪਿਤਾ ਦੀ ਮੌਤ ਕਾਰਨ ਉਨ੍ਹਾਂ ਨੂੰ ਕਾਨੂੰਨ ਦੀ ਪੜ੍ਹਾਈ ਅੱਧ ਵਿਚਾਲੇ ਛੱਡਣੀ ਪਈ। ਹਰਚਰਨ ਸਿੰਘ ਬਰਾੜ ਨੇ ਆਪਣੀ ਗ੍ਰੈਜੂਏਸ਼ਨ ਸਰਕਾਰੀ ਕਾਲਜ ਲਾਹੌਰ ਤੋਂ ਕੀਤੀ। ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਉਹ 31 ਅਗਸਤ 1995 ਤੋਂ 21 ਨਵੰਬਰ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹ ਸਿੰਚਾਈ ਤੇ ਬਿਜਲੀ ਮੰਤਰੀ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੀ ਰਹੇ। ਰਜਿੰਦਰ ਕੌਰ ਭੱਠਲ ਨੇ ਆਪਣੀ ਗ੍ਰੈਜੂਏਸ਼ਨ ਸਰਕਾਰੀ ਕਾਲਜ ਸੰਗਰੂਰ ਤੋਂ ਕੀਤੀ। ਉਹ ਹੁਣ ਤੱਕ ਪੰਜਾਬ ਦੀ ਪਹਿਲੀ ਤੇ ਇਕਲੌਤੀ ਮਹਿਲਾ ਮੁੱਖ ਮੰਤਰੀ ਰਹੀ ਹੈ। ਉਨ੍ਹਾਂ ਦਾ ਕਾਰਜਕਾਲ ਨਵੰਬਰ 1996 ਤੋਂ ਫਰਵਰੀ 1997 ਤੱਕ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਗ੍ਰੈਜੂਏਸ਼ਨ ਤੋਂ ਬਾਅਦ 1963 ਤੋਂ 1965 ਤੱਕ ਭਾਰਤੀ ਫੌਜ ਵਿੱਚ ਸੇਵਾ ਕੀਤੀ। ਉਹ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਪਹਿਲਾ ਕਾਰਜਕਾਲ 26 ਫਰਵਰੀ 2002 ਤੋਂ 1 ਫਰਵਰੀ 2007 ਅਤੇ ਦੂਜਾ 16 ਮਾਰਚ 2017 ਤੋਂ 19 ਸਤੰਬਰ 2021 ਤੱਕ ਸੀ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਹਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੀਟੀਯੂ ਤੋਂ ਐਮਬੀਏ ਦੀ ਡਿਗਰੀ ਪੂਰੀ ਕੀਤੀ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀਐਚਡੀ ਕਰ ਰਹੇ ਹਨ।

ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਕਿੰਨਾ ਪੜ੍ਹਿਆ ਹੋਵੇਗਾ.. ਬੱਸ ਕੁਝ ਦਿਨਾਂ ਦੀ ਉਡੀਕ ਹੈ…।

Comment here