ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਕਾਂਗਰਸ ਚ ਖਿਲਾਰਾ

ਹਾਰਦਿਕ ਪਟੇਲ ਵੀ ਭਾਜਪਾ ਜਾਂ ਆਪ ਚ ਜਾਣਗੇ

ਨਵੀਂ ਦਿੱਲੀ-ਕਾਂਗਰਸ ਵਿੱਚ ਬੁਰੀ ਤਰਾਂ ਟੁੱਟ ਭੱਜ ਹੋ ਰਹੀ ਹੈ। ਪੰਜਾਬ ਤੋਂ ਸੀਨੀਅਰ ਆਗੂ ਤੇ ਸਾਬਕਾ ਸੂਬਾ ਪ੍ਰਧਾਨ ਰਹੇ ਸੁਨੀਲ ਜਾਖੜ ਵੀ ਭਾਜਪਾ ਵਿੱਚ ਚਲੇ ਗਏ। ਮਨਪ੍ਰੀਤ ਬਾਦਲ ਬਾਰੇ ਵੀ ਮੀਡੀਆ ਹਲਕਿਆਂ ਵਿੱਚ ਚਰਚਾ ਚੱਲ ਰਹੀ ਹੈ ਕਿ ਉਹ ਵੀ ਜਲਦੀ ਭਾਜਪਾ ਵਿੱਚ ਜਾਂ ਕਿਸੇ ਹੋਰ ਪਾਰਟੀ ਵਿੱਚ ਜਾ ਸਕਦੇ ਹਨ। ਨਵਜੋਤ ਸਿੱਧੂ ਨੂੰ ਸਾਲ ਦੀ ਬਾਮੁਸ਼ਕਤ ਕੈਦ ਹੋ ਗਈ ਹੈ, ਉਸ ਦਾ ਸਿਆਸੀ ਭਵਿੱਖ ਪਹਿਲਾਂ ਹੀ ਕਾਂਗਰਸ ਚ ਡਾਵਾਂਡੋਲ ਹੈ। ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਗਰੂਰ ਪਹੁੰਚਣ ਤੋਂ ਪਹਿਲਾਂ ਹੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹਿੰਦਰਪਾਲ ਸਿੰਘ ਭੋਲਾ ਨੇ ਅਸਤੀਫਾ ਦੇ ਦਿੱਤਾ ਹੈ। ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪਾਰਟੀ ਨੂੰ ਕਮਜ਼ੋਰ ਕਰਦੇ ਹਨ, ਉਹ ਪਾਰਟੀ ਤੋਂ ਬਾਹਰ ਹੀ ਹੋਣਗੇ । ਵੜਿੰਗ ਨੇ ਕਿਹਾ ਕਿ ਮਹਿੰਦਰਪਾਲ ਨੂੰ ਵੀ 6 ਸਾਲ ਲਈ ਪਾਰਟੀ ਤੋਂ ਬਾਹਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਗੰਦੀਆਂ ਮਛਲੀਆਂ ਹਨ ਜੋ ਪਾਰਟੀ ਨੂੰ ਖਰਾਬ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਜੋਤ ਸਿੱਧੂ ਦਾ ਨਾਮ ਲਏ ਬਿਨਾਂ  ਕਿਹਾ ਕਿ ਜੇਕਰ ਪਾਰਟੀ ਪ੍ਰਧਾਨ ਹੀ ਬਦਲ ਜਾਵੇ ਤਾਂ ਜ਼ਿਲ੍ਹਾ ਪ੍ਰਧਾਨ ਆਪ ਹੀ ਚਲੇ ਜਾਂਦੇ ਹਨ। ਅਸਲ ਵਿੱਚ ਮਹਿੰਦਰਪਾਲ ਸਿੰਘ ਭੋਲਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਕਰੀਬੀ ਹਨ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਇਸ ਦਰਮਿਆਨ ਗੁਜਰਾਤ ਤੋਂ ਵੱਡੀ ਖਬਰ ਆਈ ਹੈ ਕਿ ਇੱਥੇ ਕਾਂਗਰਸ ਤੋਂ ਅਸਤੀਫ਼ਾ ਦੇਣ ਦੇ ਇਕ ਦਿਨ ਬਾਅਦ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਭਾਜਪਾ ਜਾਂ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋਣ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਜਾਂ ਭਾਜਪਾ ’ਚ ਸ਼ਾਮਲ ਹੋਣ ’ਤੇ ਫਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਹੈ। ਪਰ ਪਟੇਲ ਨੇ ਕਾਂਗਰਸ ਤੇ ਹੱਲਾਬੋਲ ਜਾਰੀ ਰੱਖਿਆ, ਕਿਹਾ ਕਿ ਕਾਂਗਰਸ ਦਾ ਕੋਈ ਦ੍ਰਿਸ਼ਟੀਕੋਣ ਨਹੀਂ ਹੈ ਅਤੇ ਪਾਰਟੀ ਦੇ ਨੇਤਾ ਗੁਜਰਾਤੀ ਲੋਕਾਂ ਨਾਲ ਪੱਖਪਾਤ ਕਰਦੇ ਹਨ।

ਗੁਜਰਾਤ ’ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਾਰਦਿਕ ਪਟੇਲ ਨੇ ਬੀਤੇ ਦਿਨ ਇਹ ਆਖਦੇ ਹੋਏ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਦਾ ਧਿਆਨ ਆਪਣੇ ਮੋਬਾਇਲ ਫੋਨ ’ਚ ਲੱਗਾ ਰਹਿੰਦਾ ਹੈ। ਗੁਜਰਾਤ ਕਾਂਗਰਸ ਦੇ ਆਗੂ ਉਨ੍ਹਾਂ ਲਈ ਚਿਕਨ ਸੈਂਡਵਿਚ ਦਾ ਪ੍ਰਬੰਧ ਕਰਨ ’ਚ ਲੱਗੇ ਰਹਿੰਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਾਜਪਾ ਜਾਂ ‘ਆਪ’ ’ਚ ਸ਼ਾਮਲ ਹੋ ਸਕਦੇ ਹਨ, ਪਟੇਲ ਨੇ ਉੱਤਰ ਦਿੱਤਾ ਕਿ ਮੈਂ ਅਜੇ ਤੱਕ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ, ਚਾਹੇ ਉਹ ਭਾਜਪਾ ਹੋਵੇ ਜਾਂ ‘ਆਪ’। ਪਟੇਲ ਨੇ ਕਿਹਾ ਕਿ ਗੁਜਰਾਤ ਕਾਂਗਰਸ ’ਚ ਜਾਤੀ ਸਿਆਸਤ ਬਹੁਤ ਜ਼ਿਆਦਾ ਹੈ। ਮੈਂ ਪਾਰਟੀ ’ਚ 3 ਸਾਲ ਬਰਬਾਦ ਕੀਤੇ। ਦੱਸ ਦੇਈਏ ਕਿ ਪਟੇਲ ਨੂੰ ਜੁਲਾਈ 2020 ’ਚ ਗੁਜਰਾਤ ਪ੍ਰਦੇਸ਼ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ।

 

 

Comment here