ਸਿਆਸਤਖਬਰਾਂ

ਦੇਸ਼ ਚ ਬਿਜਲੀ ਸੰਕਟ, ਵੱਡੇ ਕੱਟਾਂ ਨੇ ਕੰਮਕਾਜ ਕੀਤਾ ਪ੍ਰਭਾਵਿਤ

ਚੰਡੀਗੜ੍ਹ –

ਕੋਲੇ ਦੀ ਘਾਟ ਕਾਰਨ ਦੇਸ਼ ਵਿੱਚ ਬਿਜਲੀ ਸੰਕਟ ਆ ਪਿਆ ਹੈ, ਦੇਸ਼ ਭਰ ‘ਚ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਇਸ ਦਾ ਸਿੱਧਾ ਅਸਰ ਉਦਯੋਗਾਂ ਤੇ ਹੋਰ ਕਾਰੋਬਾਰ ‘ਤੇ ਪੈ ਰਿਹਾ ਹੈ।

ਪੰਜਾਬ ਵਿਚਾਲੇ ਥਰਮਲਾਂ ਦੇ ਕੁੱਲ ਪੰਜ ਯੂਨਿਟ ਬੰਦ ਹੋ ਚੁੱਕੇ ਹਨ। ਜੇਕਰ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ‘ਚ ਹੋਰ ਯੂਨਿਟ ਬੰਦ ਹੋ ਜਾਣਗੇ।  ਸੂਤਰਾਂ ਮੁਤਾਬਕ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦੇ ਦੋ ਯੂਨਿਟ ਬੰਦ ਹੋ ਹਨ ਪਰ ਪ੍ਰਬੰਧਕਾਂ ਅਨੁਸਾਰ ਇਕ ਯੂਨਿਟ ਬੰਦ ਹੈ। ਇਸ ਨਾਲ ਹੀ ਲਹਿਰਾ ਮੁਹੱਬਤ ਦਾ ਵੀ ਇਕ ਯੂਨਿਟ ਬੰਦ ਹੋ ਗਿਆ ਹੈ। ਸ਼ੁਕਰਵਾਰ ਬਣਾਵਾਲਾਂ ਤਾਪਘਰ ਦੇ ਤਿੰਨੇ ਯੂਨਿਟ ਚੱਲਦੇ ਸਨ ਪਰ ਸ਼ਨੀਵਾਰ ਦੋ ਬੰਦ ਹੋ ਗਏ। ਤਾਪਘਰ ਦੇ ਪ੍ਰਬੰਧਕਾਂ ਅਨੁਸਾਰ ਯੂਨਿਟ ਨੰਬਰ 3 ਬੰਦ ਹੋ ਗਿਆ ਹੈ, ਜਿਸ ਦੀ ਬੰਦ ਹੋਣ ਦੀ ਜਾਂਚ ‌ਚੱਲ ਰਹੀ ਹੈ। ਇਸ ਤਾਪ ਘਰ ਦੇ ਤਿੰਨ ਯੂਨਿਟ ਹਨ ਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਗਈ ਹੈ। ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਚੁੱਕੇ ਹਨ।

ਜੰਮੂ-ਕਸ਼ਮੀਰ ‘ਚ ਵੀ ਛੇ ਘੰਟੇ ਬਿਜਲੀ ਕਟੌਤੀ ਹੋਈ ਹੈ। ਝਾਰਖੰਡ ਦੇ ਦਿਹਾਤੀ ਖੇਤਰ ‘ਚ 8 ਤੋਂ 10 ਘੰਟੇ ਦੀ ਕਟੌਤੀ ਹੋ ਰਹੀ ਹੈ। ਗੁਜਰਾਤ, ਰਾਜਸਥਾਨ ਤੇ ਤਾਮਿਲਨਾਡੂ ਸਮੇਤ ਕਈ ਸੂਬਿਆਂ ‘ਚ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ।  ਦਿੱਲੀ ਨਾਲ ਲਗਦੇ ਹਰਿਆਣਾ ‘ਚ ਬਿਜਲੀ ਦਾ ਕੋਈ ਸੰਕਟ ਨਹੀਂ ਹੈ, ਪਰ ਪੰਜਾਬ ‘ਚ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਘਾਟ ਪੂਰੀ ਕਰਨ ਲਈ ਹੋਰਨਾਂ ਕੰਪਨੀਆਂ ਤੋੰ ਵੀ ਬਿਜਲੀ ਖਰੀਦੀ, ਪਰ ਫਿਰ ਵੀ ਦੋ ਤੋਂ ਛੇਟ ਘੰਟੇ ਤਕ ਬਿਜਲੀ ਕੱਟ ਲਗਾਉਣੇ ਪਏ। ਸੂਬੇ ‘ਚ 177 ਫੀਡਰ ਦੋ ਘੰਟੇ, 68 ਫੀਡਰ ਚਾਰ ਘੰਟੇ ਤੇ 17 ਫੀਡਰ ਛੇ ਘੰਟੇ ਲਈ ਬੰਦ ਰਹੇ। ਬਿਜਲੀ ਕੱਟ ਲੱਗਣ ਨਾਲ ਪਾਵਰਕਾਮ ਨੂੰ ਇੱਕੋ ਦਿਨ ਵਿਚ 27 ਹਜ਼ਾਰ ਸ਼ਿਕਾਇਤਾਂ ਮਿਲੀਆਂ ਜਦਕਿ ਸ਼ੁੱਕਰਵਾਰ ਨੂੰ 24 ਹਜ਼ਾਰ ਸ਼ਿਕਾਇਤਾਂ ਮਿਲੀਆਂ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮੀਖਿਆ ਬੈਠਕ ਕਰ ਕੇ ਸਮਝੌਤਾ ਹੋਣ ਦੇ ਬਾਵਜੂਦ ਉਚਿਤ ਮਾਤਰਾ ‘ਚ ਕੋਲਾ ਸਪਲਾਈ ਨਾ ਕਰਨ ਵਾਲੀਆਂ ਕੰਪਨੀਆਂ ਦਾ ਨੋਟਿਸ ਲੈਂਦੇ ਹੋਏ ਕਿਹਾ ਕਿ ਤੇਜ਼ੀ ਨਾਲ ਘਟ ਰਹੇ ਕੋਲੇ ਦੇ ਭੰਡਾਰ ਕਾਰਨ ਪਾਵਰਕਾਮ ਦੇ ਥਰਮਲ ਪਲਾਂਟ ਬੰਦ ਹੋ ਗਏ ਹਨ। ਲਿਹਾਜ਼ਾ, ਕੰਪਨੀਆਂ ਤੁਰੰਤ ਕੋਲੇ ਦੀ ਸਪਲਾਈ ਵਧਾਉਣ।

ਜੰਮੂ-ਕਸ਼ਮੀਰ ‘ਚ ਪੰਜ ਤੋਂ ਛੇ ਘੰਟੇ ਦੇ ਅਣਐਲਾਨੀ ਕਟੌਤੀ ਹੋ ਰਹੀ ਹੈ। ਇਕ ਜ਼ਿਲ੍ਹੇ ਵਿਚ ਇਕ ਘੰਟਾ ਕੱਟ ਲਗਾਉਣ ਤੋਂ ਬਾਅਦ ਫਿਰ ਦੂਸਰੇ ਜ਼ਿਲ੍ਹੇ ‘ਚ ਕਟੌਤੀ ਕੀਤੀ ਜਾਂਦੀ ਹੈ। ਇੰਝ ਕਰ ਕੇ ਵਿਭਾਗ ਦਿਨ ਵਿਚ ਕੁੱਲ ਪੰਜ ਤੋਂ ਛੇ ਘੰਟੇ ਦੀ ਕਟੌਤੀ ਕਰ ਲੈਂਦਾ ਹੈ। ਮੌਜੂਦਾ ਸਮੇਂ ਜੰਮੂ-ਕਸ਼ਮੀਰ ਨੂੰ ਥਰਮਲ ਪਾਵਰ ਤੋਂ 300-400 ਮੈਗਾਵਾਟ ਬਿਜਲੀ ਮਿਲਦੀ ਹੈ। ਸਰਦੀਆਂ ‘ਚ ਨਦੀਆਂ ‘ਚ ਪਾਣੀ ਘਟਣ ‘ਤੇ ਜੰਮੂ-ਕਸ਼ਮੀਰ ਦੀ 50 ਫ਼ੀਸਦ ਸਪਲਾਈ ਥਰਮਲ ਪਾਵਰ ‘ਤੇ ਹੀ ਨਿਰਭਰ ਹੋ ਜਾਂਦੀ ਹੈ। ਝਾਰਖੰਡ ‘ਚ ਕੋਲੇ ਦੀ ਘਾਟ ਕਾਰਨ ਪਾਵਰ ਪਲਾਂਟਾਂ ‘ਚ ਬਿਜਲੀ ਦਾ ਉਤਪਾਦਨ ਘੱਟ ਗਿਆ ਹੈ। ਲੋਡ ਸ਼ੇਡਿੰਗ ਕਾਰਨ ਗ੍ਰਾਮੀਣ ਇਲਾਕਿਆਂ ‘ਚ 8 ਤੋਂ 10 ਘੰਟੇ ਤਕ ਬਿਜਲੀ ਦੀ ਕਟੌਤੀ ਹੋ ਰਹੀ ਹੈ। ਸ਼ਹਿਰੀ ਇਲਾਕਿਆਂ ‘ਚ ਵੀ ਹੁਣ ਦੋ ਤੋਂ ਚਾਰ ਘੰਟੇ ਦੀ ਕਟੌਤੀ ਹੋ ਰਹੀ ਹੈ। ਬਿਹਾਰ ਵੀ ਕੋਲੇ ਦੀ ਘਾਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਰਾਜਸਥਾਨ ‘ਚ ਰੋਜ਼ਾਨਾ ਇਕ ਘੰਟੇ ਲਈ ਬਿਜਲੀ ਸਪਲਾਈ ‘ਚ ਕਟੌਤੀ ਕੀਤੀ ਜਾ ਰਹੀ ਹੈ। ਆਂਧਰ ਪ੍ਰਦੇਸ਼ ‘ਚ ਵੀ ਬਿਜਲੀ ਕਟੌਤੀ ਦੇ ਹਾਲਾਤ ਬਣ ਗਏ ਹਨ।

Comment here