ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਦੇਸ਼ ਵਿੱਚ ਤੁਰੰਤ ਆਮ ਚੋਣਾਂ ਲਈ ਦਬਾਅ ਪਾਉਣ ਲਈ ਸੂਬਾਈ ਅਸੈਂਬਲੀਆਂ ਨੂੰ ਭੰਗ ਕਰਨ ਤੋਂ ਕੁਝ ਦਿਨ ਬਾਅਦ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ‘ਚ ਅਪ੍ਰੈਲ ‘ਚ ਚੋਣਾਂ ਕਰਵਾਉਣ ਦਾ ਪ੍ਰਸਤਾਵ ਦਿੱਤਾ ਹੈ। ਖਾਨ ਦੀ ਪਾਰਟੀ ਦੋਹਾਂ ਸੂਬਿਆਂ ਵਿਚ ਸੱਤਾ ਵਿਚ ਸੀ। ਕਮਿਸ਼ਨ ਨੇ ਸੁਝਾਅ ਦਿੱਤਾ ਕਿ ਪੰਜਾਬ ਵਿੱਚ 9 ਤੋਂ 13 ਅਪ੍ਰੈਲ ਅਤੇ ਖੈਬਰ ਪਖਤੂਨਖਵਾ ਵਿੱਚ 15 ਤੋਂ 17 ਅਪ੍ਰੈਲ ਦਰਮਿਆਨ ਚੋਣਾਂ ਕਰਵਾਈਆਂ ਜਾਣ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਸਰਕਾਰ ਨੂੰ ਛੇਤੀ ਆਮ ਚੋਣਾਂ ਕਰਵਾਉਣ ਲਈ ਮਜ਼ਬੂਰ ਕਰਨ ਲਈ ਦੋਵਾਂ ਸੂਬਿਆਂ ਦੀਆਂ ਸੂਬਾਈ ਅਸੈਂਬਲੀਆਂ ਨੂੰ ਇਸ ਮਹੀਨੇ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤਾ ਸੀ। ਹਾਲਾਂਕਿ, ਫੈਡਰਲ ਸਰਕਾਰ ਨੇ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਸਾਲ ਅਗਸਤ ਤੋਂ ਬਾਅਦ ਯਾਨੀ ਸਮੇਂ ‘ਤੇ ਚੋਣਾਂ ਕਰਵਾਉਣ ‘ਤੇ ਅੜੀ ਹੋਈ ਹੈ। ਕਿਉਂਕਿ ਦੋਵਾਂ ਸੂਬਿਆਂ ਵਿਚ ਕਾਰਜਵਾਹਕ ਸਰਕਾਰਾਂ ਗਠਿਤ ਕੀਤੀਆਂ ਗਈਆਂ ਅਤੇ ਵਿਧਾਨ ਸਭਾਵਾਂ ਦੇ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਹਨ, ਇਸ ਲਈ ਚੋਣ ਕਮਿਸ਼ਨ ਨੇ ਸੂਬਾਈ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਹੈ।
ਸਈਅਦ ਮੋਹਸਿਨ ਰਜ਼ਾ ਨਕਵੀ ਨੇ 22 ਜਨਵਰੀ ਨੂੰ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਜਦੋਂ ਕਿ ਮੁਹੰਮਦ ਆਜ਼ਮ ਖਾਨ ਨੇ 21 ਜਨਵਰੀ ਨੂੰ ਖੈਬਰ ਪਖਤੂਨਖਵਾ ਦੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਦੋਵਾਂ ਸੂਬਿਆਂ ਦੇ ਗਵਰਨ ਦੇ ਪ੍ਰਮੁੱਖ ਸਕੱਤਰਾਂ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ, ਕਮਿਸ਼ਨ ਨੇ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 224 ਦਾ ਹਵਾਲਾ ਦਿੱਤਾ, ਜਿਸ ਵਿਚ ਵਿਧਾਨ ਸਭਾ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਚੋਣਾਂ ਕਰਵਾਉਣ ਅਤੇ ਸੰਭਾਵਿਤ ਤਾਰੀਖਾਂ ਨੂੰ ਲੈ ਕੇ ਸੁਝਾਅ ਦੇਣ ਦੀ ਵਿਵਸਥਾ ਹੈ। ਖੈਬਰ ਪਖਤੂਨਖਵਾ ਵਿਧਾਨ ਸਭਾ ਨੂੰ 14 ਜਨਵਰੀ ਨੂੰ ਭੰਗ ਕਰ ਦਿੱਤਾ ਗਿਆ ਸੀ, ਜਦੋਂ ਕਿ ਪੰਜਾਬ ਵਿਧਾਨ ਸਭਾ ਨੂੰ 18 ਜਨਵਰੀ ਨੂੰ ਭੰਗ ਕਰ ਦਿੱਤਾ ਗਿਆ ਸੀ।
ਪੰਜਾਬ ਤੇ ਖੈਬਰ ਪਖਤੂਨਖਵਾ ਚੋਣਾਂ ਅਪ੍ਰੈਲ ‘ਚ ਕਾਰਵਾਈਆਂ ਜਾਣ-ਚੋਣ ਕਮਿਸ਼ਨ

Comment here