ਬਠਿੰਡਾ – ਕਿਸਾਨ ਅੰਦੋਲਨ ਕਾਰਨ ਚਰਚਾ ਚ ਆਏ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਅੱਜ ਉਹ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਨ ਪੁੱਜੇ ਸਨ। ਮੀਟਿੰਗ ਤੋਂ ਬਾਅਦ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬਠਿੰਡਾ ਤੇ ਕੁਝ ਬੁੱਧੀਜੀਵੀ ਲੋਕਾਂ ਵੱਲੋਂ ਉਨ੍ਹਾਂ ਨੂੰ ਖਾਸ ਤੌਰ ‘ਤੇ ਮਿਲਣ ਲਈ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਸ਼ਹਿਰ ਵਾਸੀਆਂ ਨੂੰ ਮਿਲੇ ਅਤੇ ਪੰਜਾਬ ਦੇ ਆਉਣ ਵਾਲੇ ਭਵਿੱਖ ਬਾਰੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੇ ‘ਮਿਸ਼ਨ ਪੰਜਾਬ’ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਵੋਟਰ ਦੇ ਹੱਥ ਵਿੱਚ ਸੱਤਾ ਨਹੀਂ ਹੋਵੇਗੀ ਉਦੋਂ ਤੱਕ ਇਸੇ ਤਰ੍ਹਾਂ ਕਾਰਪੋਰੇਟ ਹੱਥਾਂ ਦੇ ਖਿਡੌਣੇ ਬਣ ਚੁੱਕੇ ਲੀਡਰਾਂ ਵੱਲੋਂ ਆਮ ਲੋਕਾਂ ਤੇ ਕਨੂੰਨ ਥੋਪੇ ਜਾਣਗੇ ਅਤੇ ਆਮ ਲੋਕਾਂ ਦੀ ਦੁਰਦਸ਼ਾ ਹੁੰਦੀ ਰਹੇਗੀ ਅਤੇ ਇਨ੍ਹਾਂ ਹਾਲਾਤਾਂ ਨੂੰ ਬਦਲਣ ਲਈ ਹੀ ਲਈ ਸੱਤਾ ਤੇ ਕਾਬਜ਼ ਹੋਣਾ ਬੇਹੱਦ ਜ਼ਰੂਰੀ ਹੈ ਜਿਸ ਲਈ ਉਹ ਪੰਜਾਬ ਦੇ ਲੋਕਾਂ ਨੂੰ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਚਿਹਰੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦਾ ਹਾਲੇ ਵੀ ਗੱਦੀ ‘ਤੇ ਬੈਠੇ ਰਹਿਣਾ ਦਰਸਾਉਂਦਾ ਹੈ ਕਿ ਆਮ ਲੋਕਾਂ ‘ਤੇ ਜ਼ੁਲਮਾਂ ਦੀ ਇਹ ਸਿਰਫ਼ ਸ਼ੁਰੂਆਤ ਹੈ ਅਤੇ ਹੋਰ ਅੱਗੇ ਜਾ ਕੇ ਲੋਕਾਂ ਦੀ ਇਸ ਤੋਂ ਵੀ ਬੁਰੀ ਹਾਲਤ ਹਾਲਤ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਵਿਚ ਉਨ੍ਹਾਂ ਨੇ ਦੇਸ਼ ਨੂੰ ਇਕ ਉਦਾਹਰਣ ਪੇਸ਼ ਕੀਤੀ ਹੈ ਉਸੇ ਤਰ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਲਾਂਭੇ ਕਰਕੇ ਆਮ ਲੋਕਾਂ ਦੀ ਸਰਕਾਰ ਚੁਣ ਕੇ ਪੂਰੀ ਦੁਨੀਆ ਨੂੰ ਇਕ ਉਦਾਹਰਣ ਪੇਸ਼ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਦੀਆਂ ਪ੍ਰਮੁੱਖ ਹਸਤੀਆਂ ਭੋਲਾ ਸਿੰਘ ਗਿੱਲਪੱਤੀ, ਜਸਵਿੰਦਰ ਸਿੰਘ ਅਟਵਾਲ, ਜਸਵੀਰ ਸਿੰਘ ਗਰੇਵਾਲ , ਸੈਮੀ ਸਿੱਧੂ ਆਦਿ ਹਾਜ਼ਰ ਸਨ।
Comment here