ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ’ਚ ਵੀਆਈਪੀ ਤੇ ਸਿਆਸੀ ਰੈਲੀਆਂ ਅੱਤਵਾਦੀਆਂ ਦੇ ਨਿਸ਼ਾਨੇ ’ਤੇ

ਲੁਧਿਆਣਾ-ਭਾਰਤੀ ਖੁਫ਼ੀਆ ਏਜੰਸੀਆਂ ਅਨੁਸਾਰ ਪੰਜਾਬ ’ਚ ਮਾਹੌਲ ਖ਼ਰਾਬ ਕਰਨ ਲਈ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀਆਂ ਇਕ-ਦੂਜੇ ਨਾਲ ਮਿਲ ਕੇ ਕੋਈ ਨਾ ਕੋਈ ਵੱਡੀ ਵਾਰਦਾਤ ਕਰਨ ਦੀ ਤਾਕ ’ਚ ਹਨ। ਇਸ ਦੇ ਲਈ ਪੰਜਾਬ ਪੁਲਸ ਦੇ ਦਫ਼ਤਰਾਂ ਤੋਂ ਇਲਾਵਾ ਵੀ. ਆਈ. ਪੀ. ਲੋਕ ਅਤੇ ਸਿਆਸੀ ਰੈਲੀਆਂ ਵੀ ਇਨ੍ਹਾਂ ਦੇ ਨਿਸ਼ਾਨੇ ’ਤੇ ਹਨ। ਸੂਤਰਾਂ ਮੁਤਾਬਕ ਇਨਪੁੱਟ ਮਿਲੇ ਹਨ ਕਿ ਲਸ਼ਕਰ-ਏ-ਤੋਇਬਾ ਅਤੇ ਟੀ. ਆਰ. ਐੱਫ. ਆਪਣੇ ਮਕਸਦ ’ਚ ਕਾਮਯਾਬ ਹੋਣ ਲਈ ਅੱਤਵਾਦੀਆਂ ਨੂੰ ਕਸ਼ਮੀਰੀ ਵਿਦਿਆਰਥੀ ਬਣਾ ਕੇ ਪੰਜਾਬ ’ਚ ਭੇਜਣ ਦੀ ਤਿਆਰੀ ਕਰ ਰਹੇ ਹਨ ਅਤੇ ਇਸੇ ਦੇ ਨਾਲ ਹੀ ਸਰਹੱਦ ਪਾਰ ਆਤਮਘਾਤੀ ਦਸਤਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਆਧੁਨਿਕ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੇ ਨਾਲ ਹੀ ਹੋਰ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਰਾਹੀਂ ਪੰਜਾਬ ਪੁਲਸ ਦੇ ਮੁੱਖ ਦਫ਼ਤਰਾਂ ਅਤੇ ਹੋਰ ਵੀ. ਆਈ. ਪੀ. ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਇਹ ਜਥੇਬੰਦੀਆਂ ਪੰਜਾਬ ‘ਚ ਹੀ ਨਹੀਂ, ਜੰਮੂ-ਕਸ਼ਮੀਰ ਦੇ ਕੁੱਝ ਸ਼ਹਿਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਦੀ ਤਿਆਰੀ ’ਚ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਜੱਥੇਬੰਦੀਆਂ ਪੰਜਾਬ ’ਚ ਸਰਗਰਮ ਰਹੇ ਪਾਬੰਦੀਸ਼ੁਦਾ ਕੱਟੜਪੰਥੀਆਂ ਦੇ ਨਾਲ ਵੀ ਹੱਥ ਮਿਲਾ ਕੇ ਪੰਜਾਬ ’ਚ ਮਾਹੌਲ ਖ਼ਰਾਬ ਕਰਨ ਦੀ ਤਾਕ ’ਚ ਲੱਗੀਆਂ ਹੋਈਆਂ ਹਨ। ਏਜੰਸੀਆਂ ਨੂੰ ਇਹ ਵੀ ਇਨਪੁੱਟ ਮਿਲੇ ਹਨ ਕਿ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਵੀ ਨੌਜਵਾਨਾਂ, ਜਿਨ੍ਹਾਂ ’ਚ ਇੰਡੀਅਨ ਮੁਸਲਮਾਨ ਅਤੇ ਕਸ਼ਮੀਰੀ ਮੁਸਲਮਾਨ ਵੀ ਸ਼ਾਮਲ ਹਨ, ਨੂੰ ਵੀ ਉਤੇਜਿਤ ਮੈਸੇਜ ਭੇਜ ਕੇ ਅੱਤਵਾਦੀ ਹਮਲੇ ਲਈ ਉਕਸਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਲੋਕਾਂ ਨੂੰ ਜੇਹਾਦ ਦੇ ਨਾਂ ’ਤੇ ਇਕੱਠੇ ਕਰਨ ਦੀ ਤਾਕ ’ਚ ਲੱਗੇ ਹੋਏ ਹਨ।
ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ
ਰਾਸ਼ਟਰੀ ਖੁਫ਼ੀਆ ਏਜੰਸੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਲਈ ਸੁਰੱਖਿਆ ਏਜੰਸੀਆਂ ਨੂੰ ਅਲਰਟ ਭੇਜੇ ਗਏ ਹਨ ਕਿ ਅੱਤਵਾਦੀ ਵੱਖ-ਵੱਖ ਢੰਗਾਂ ਨਾਲ ਹਮਲਾ ਕਰ ਸਕਦੇ ਹਨ, ਜਿਸ ਦੇ ਲਈ ਉਹ ਮੈਟਲ ਡਿਟੈਕਟਰ ਤੋਂ ਬਚਣ ਲਈ ਖ਼ਾਸ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਲਈ ਮੈਟਲ ਡਿਟੈਕਟਰ ਦੀ ਜਾਂਚ ’ਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਦੂਜਾ ਡਰੋਨ ਨਾਲ ਨਿਸ਼ਾਨਾ ਬਣਾ ਸਕਦੇ ਹਨ, ਜਿਸ ਦੇ ਲਈ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਘਾਟੀ ’ਚ 6 ਮਹੀਨਿਆਂ ਦੌਰਾਨ ਕਰੀਬ 60 ਫ਼ੀਸਦੀ ਅੱਤਵਾਦੀ ਢੇਰ
ਦੂਜੇ ਪਾਸੇ ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਸੁਰੱਖਆ ਚੌਕਸੀ ਕਾਰਨ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਨਜ਼ਰ ਅੱਤਵਾਦੀਆਂ ’ਤੇ ਹੈ। ਇਨ੍ਹਾਂ ਗਤੀਵਿਧੀਆਂ ਨੂੰ ਦੇਖਦੇ ਹੋਏ ਵਾਰ-ਵਾਰ ਅੱਤਵਾਦ ਰੋਕਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਪਿਛਲੇ 6 ਮਹੀਨਿਆਂ ‘ਚ ਘਾਟੀ ’ਚ ਕਰੀਬ 60 ਫ਼ੀਸਦੀ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਪਿਛਲੇ ਸਮੇਂ ‘ਚ 100 ਦੇ ਕਰੀਬ ਨੌਜਵਾਨ ਅੱਤਵਾਦੀ ਗਰੁੱਪਾਂ ‘ਚ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਸਰਹੱਦ ਪਾਰੋਂ ਘੁਸਪੈਠ ਕਰਨ ਦੀ ਕੋਸ਼ਿਸ਼ ’ਚ 40 ਤੋਂ ਵੱਧ ਮੁਠਭੇੜਾਂ ‘ਚ ਵੀ 80 ਤੋਂ ਵੱਧ ਅੱਤਵਾਦੀ ਮਾਰੇ ਗਏ, ਜਦੋਂ ਕਿ ਕੁੱਝ ਕੁ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਮਰਨ ਵਾਲੇ ਅੱਤਵਾਦੀਆਂ ’ਚ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਸਨ।

Comment here