ਅਪਰਾਧਸਿਆਸਤਖਬਰਾਂ

ਪੰਜਾਬ ਚ ਵਧ ਰਹੀ ਅਪਰਾਧਕ ਬਿਰਤੀ ਉੱਤੇ ਚਿੰਤਾ ਤੇ ਚਿੰਤਨ ਕਰਨ ਦੀ ਲੋੜ

ਵਿਸ਼ੇਸ਼ ਰਿਪੋਰਟ-ਜਸਪਾਲ

ਪੰਜਾਬ ਦੀ ਸਮਾਜਿਕ ਸਥਿਤੀ ਦੀ ਘੋਖ ਕਰਦਿਆਂ ਸਾਫ ਦਿਸਦਾ ਹੈ ਕਿ ਇੱਥੇ ਆਮ ਲੋਕਾਂ ਚ ਅਪਰਾਧਕ ਬਿਰਤੀ ਵਧ ਰਹੀ ਹੈ, ਆਏ ਦਿਨ ਵਾਪਰਦੇ ਅਪਰਾਧ, ਹਿੰਸਕ ਘਟਨਾਵਾਂ, ਅਜਿਹੇ ਹਾਲਾਤਾਂ ਉੱਤੇ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ। ਲੰਘੇ ਦਿਨ ਵਾਪਰੀਆਂ ਕੁਝ ਘਟਨਾਵਾਂ ਬਦਲ ਰਹੇ ਸਮਾਜ ਦਾ ਸ਼ੀਸ਼ਾ ਹਨ-

ਵਿਆਹ ਚ ਹਲਕੀ ਮੁੰਦਰੀ ਮਿਲਣ ਤੇ ਲਾੜੇ ਨੇ ਪੱਗ ਲਾਹ ਸੁੱਟੀ

ਪੱਗ, ਦਸਤਾਰ  ਪੰਜਾਬੀਆਂ ਦੀ ਸ਼ਾਨ ਹੈ। ਪਰ ਇਹ ਸ਼ਾਨ ਵੀ ਜ਼ਮੀਰ ਤੇ ਜਜ਼ਬਾਤ ਵਾਲੇ ਸਿਰਾਂ ਤੇ ਹੀ ਸ਼ੋਭਦੀ ਹੈ।ਲੰਘੇ ਬੁੱਧਵਾਰ ਕਪੂਰਥਲਾ ਜ਼ਿਲੇ ਦੇ ਕਸਬਾ ਕਾਲਾ ਸੰਘਿਆਂ ਦੇ ਇਕ ਪੈਲੇਸ ਚ ਵਿਆਹ ਸਮਾਗਮ ਚੱਲ ਰਿਹਾ ਸੀ, ਜਿਥੇ  ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਲਾੜੇ ਨੇ ਕੁੜੀ ਵਾਲਿਆਂ ਉਤੇ ਹਲਕੀਆਂ ਸੋਨੇ ਦੀਆਂ ਮੁੰਦਰੀਆਂ ਦੇਣ ਅਤੇ ਉਸ ਦੀ ਭਰਜਾਈ ਨੂੰ ਮੁੰਦਰੀ ਨਾ ਪਾਉਣ ਤੇ ਰੋਸ ਜਤਾਉਂਦਿਆਂ ਆਪਣੀ ਪੱਗ ਲਾਹ ਕੇ ਜ਼ਮੀਨ ਤੇ ਸੁੱਟ ਦਿੱਤੀ। ਲਾੜਾ ਗੁਰਦਿਆਲ ਸਿੰਘ ਪਿੰਡ ਨੂਰਪੁਰ ਦੋਨਾ ਪਿੰਡ ਕੋਹਾਲਾ ਦੀ ਕੁੜੀ ਨੂੰ ਵਿਆਹੁਣ ਗਆ ਸੀ, ਮਿਲਣੀ ਵੇਲੇ ਹੀ ਭੁੜਕ ਪਿਆ। ਵਾਹਵਾ ਗਰਮਾ ਗਰਮੀ ਹੁੰਦੀ ਰਹੀ, ਸਿਆਣੇ ਲੋਕਾਂ ਨੇ ਮਾਮਲਾ ਸ਼ਾਂਤ ਕਰਾਇਆ ਤੇ ਸ਼ਾਮ ਕਰੀਬ 6 ਵਜੇ ਪਿੰਡ ਕੋਹਾਲਾ ਚ ਲਾਵਾਂ ਫੇਰੇ ਹੋ ਗਏ, ਪਰ ਫੇਰ ਹਲਕੀਆਂ ਮੁੰਦਰੀਆਂ ਵਾਲਾ ਮਾਮਲਾ ਉਭਰ ਪਿਆ ਤੇ ਦੋਵਾਂ ਧਿਰਾਂ ਚ ਬਹਿਸ ਹੋਣ ਲੱਗੀ। ਫੇਰ ਕੁੜੀ ਦੇ ਪਰਿਵਾਰ ਅਤੇ ਪਿੰਡ ਕੋਹਾਲਾ ਦੇ ਪਤਵੰਤਿਆਂ ਨੇ ਡੋਲੀ ਭੇਜਣ ਤੋਂ ਇਨਕਾਰ ਕਰ ਦਿੱਤਾ। ਮੌਕੇ ਤੇ 400-500 ਨੌਜਵਾਨ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਾਂਬੜਾ ਦੀ ਪੁਲਸ ਮੌਕੇ ਤੇ ਪਹੁੰਚ ਗਈ। ਮਾਹੌਲ ਵਿਗੜਦਾ ਵੇਖ ਕੇ ਹੋਰਨਾਂ ਥਾਣਿਆਂ ਦੀ ਪੁਲਸ ਅਤੇ ਡੀ. ਐੱਸ. ਪੀ. ਕਰਤਾਰਪੁਰ ਨੂੰ ਵੀ ਮੌਕੇ ਤੇ ਆਉਣਾ ਪਿਆ। ਕੁੜੀ ਦੇ ਬਿਆਨਾਂ ਤੇ ਲਾੜਾ ਬਣ ਕੇ ਢੁਕੇ ਸ਼ਖਸ ਦੇ ਖਿਲਾਫ ਲਾਂਬੜਾ ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ।

 ਪ੍ਰੇਮੀ ਨਾਲ ਵਿਆਹ ਕਰਾਉਣ ਖਾਤਰ ਮਾਂ ਨੇ ਧੀ ਦਾ ਕੀਤਾ ਕਤਲ

ਗੋਇੰਦਵਾਲ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਕੰਪਲੈਕਸ ਨੇੜਿਓਂ ਰੇਤ ਚ ਦੱਬੀ 6 ਸਾਲਾ ਕੁੜੀ ਦੀ ਲਾਸ਼ ਮਿਲੀ ਸੀ, ਪਤਾ ਲੱਗਿਆ ਹੈ ਕਿ ਬੱਚੀ ਦੀ ਮਾਂ ਨੇ ਹੀ ਕਥਿਤ ਤੌਰ ਤੇ ਬੱਚੀ ਦਾ ਕਤਲ ਕਰਕੇ ਲਾਸ਼ ਨੱਪ ਦਿੱਤੀ ਸੀ ਤੇ ਕੁੜੀ ਦੇ ਲਾਪਤਾ ਹੋਣ ਦਾ ਰੌਲਾ ਪਾ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਮਾਂ ਦਾ ਪ੍ਰੇਮੀ ਉਸ ਨਾਲ ਵਿਆਹ ਲਈ ਏਸ ਸ਼ਰਤ ਤੇ ਰਾਜੀ ਹੋਇਆ ਸੀ ਕਿ ਕੁੜੀ ਨੂੰ ਨਾਲ ਨਹੀਂ ਰੱਖਣਾ, ਜਿਸ ਮਗਰੋਂ ਉਸ ਨੇ ਬੱਚੀ ਦੀ ਜਾਨ ਲੈ ਲਈ। ਸਾਰੀ ਜਾਂਚ ਪੜਤਾਲ ਮਗਰੋਂ ਪੁਲਸ ਨੇ ਬੱਚੀ ਦੀ ਮਾਂ ਅਤੇ ਉਸ ਦਾ ਸਾਥ ਦੇਣ ਵਾਲੀ ਮਾਸੀ ਨੂੰ ਹਿਰਾਸਤ ਚ ਲੈਂ ਲਿਆ, ਪ੍ਰੇਮੀ ਤੇ ਸਾਥੀ ਫਰਾਰ ਹਨ। ਮਾਂ ਨੇ ਧੀ ਦਾ ਕਤਲ ਕਰਨ ਤੋਂ ਬਾਅਦ ਰੌਲਾ ਪਾਇਆ ਸੀ ਕਿ ਉਸ ਦੀ ਬੱਚੀ ਗੁਰਦੁਆਰੇ ਮੱਥਾ ਟੇਕਣ ਗਈ ਸੀ ਮੁੜ ਕੇ ਘਰ ਨਹੀਂ ਆਈ, ਲੋਕਾਂ ਨੇ ਬੱਚੀ ਦੀ ਲਾਸ਼ ਮਿਲਣ ਤੇ ਕੁਕਰਮ ਕਰਕੇ ਹੱਤਿਆ ਕਰਨ ਤੱਕ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਮਾਜਰਾ ਕੁਝ ਹੋਰ ਨਿਕਲਿਆ

ਗਰਲ ਫਰੈਂਡ ਨੂੰ ਦੋਸਤ ਨਾਲ ਦੇਖ ਕੇ ਦੋਸਤ ਨੂੰ ਸਾੜ ਸੁੱਟਿਆ

ਪਟਿਆਲਾ ਵਿਚ ਇਕ ਨੌਜਵਾਨ ਨੇ ਆਪਣੀ ਗਰਲ ਫਰੈਂਡ ਨੂੰ ਆਪਣੇ ਹੀ ਦੋਸਤ ਨਾਲ  ਇਤਰਾਜ਼ਯੋਗ ਹਾਲਤ ਚ ਦੇਖਿਆ ਤਾਂ ਗੁੱਸੇ ਚ ਆਪਣੇ ਦੋਸਤ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ, ਗੰਭੀਰ ਹਾਲਤ ਚ ਉਸ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਅਜਿਹੇ ਕਈ ਮਾਮਲੇ ਵਾਪਰਦੇ ਹਨ, ਜਿਹਨਾਂ ਤੇ ਪੁਲਸ ਤਾਂ ਕਨੂੰਨ ਮੁਤਾਬਕ ਕਾਰਵਾਈ ਕਰਦੀ ਹੈ, ਪਰ ਅਜਿਹੇ ਮਹੌਲ ਅਤੇ ਅਜਿਹੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਸਮਾਜ ਵਿਗਿਆਨੀਆਂ, ਬੁਧੀਜੀਵੀਆਂ ਨੂੰ ਵੀ ਵਿਚਾਰ ਚਰਚਾ ਕਰਨ ਦੀ ਲੋੜ ਹੈ। ਕਿਉਂਕਿ .ਜਦੋਂ ਸਮਾਜਕ ਤਵਾਜਨ ਵਿਗੜ ਜਾਂਦਾ ਹੈ ਤਾਂ ਸਮਾਜਕ ਪ੍ਰਾਣੀਆਂ ਦਾ ਮਾਨਸਿਕ ਤਵਾਜ਼ਨ ਕਿਵੇਂ ਕਾਇਮ ਰਹਿ ਸਕਦਾ ਹੈ, ਕਿਰਤ ਤੇ ਮਹਾਨ ਵਿਰਸੇ ਨਾਲੋੰ ਤੋੜੇ ਜਾ ਰਹੇ ਲੋਕ ਮਨੁਖੀ ਕਦਰਾਂ ਕੀਮਤਾਂ ਪਛਾਨਣੋ ਇਨਕਾਰੀ ਹੋ ਜਾਂਦੇ ਹਨ। ਤੇ ਮੁੱਕਦੀ ਗੱਲ  ਮਸਲਾ ਏਨਾ ਹੈ ਕਿ ਆਮ ਲੋਕਾਂ ਲਈ, ਖਾਸ ਲੋਕਾਂ ਲਈ ਇਹ ਕੋਈ ਮਸਲੇ ਹੀ ਨਹੀਂ,

ਉਹਨਾਂ ਲਈ ਮਸਲੇ ਤਾਂ ਇਹ ਨੇ ਕਿ ਫਲਾਣੇ ਲੀਡਰ ਨੇ ਕੀ ਕਿਹਾ, ਢਿਮਕੇ ਨੇ ਉਹਦਾ ਕੀ ਜੁਆਬ ਦਿੱਤਾ, ਕਿਹੜਾ ਡੇਰਾ ਕਿਧਰ ਭੁਗਤੂ… ਵਗੈਰਾ ਵਗੈਰਾ… ਤੇ ਅਜਿਹੇ ਹਾਲਾਤਾਂ ਤੇ ਬਾਬਾ ਨਜ਼ਮੀ ਸਾਹਿਬ ਦੀ ਇਹ ਗੱਲ ਸਟੀਕ ਢੁਕਦੀ ਹੈ-

 ਸ਼ੀਸ਼ੇ ਉਤੇ ਧੂੜਾਂ ਜੰਮੀਆਂ

ਕੰਧਾਂ ਝਾੜੀ ਜਾਂਦੇ ਨੇ।
ਜ਼ਿਲਦਾਂ ਸਾਂਭ ਰਹੇ ਨੇ ਝੱਲੇ

 ਵਰਕੇ ਪਾੜੀ ਜਾਂਦੇ ਨੇ ।

Comment here