ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਪੰਜਾਬ ‘ਚ ਮੁੜ ਭੂਚਾਲ ਦੇ ਝਟਕੇ

ਚੰਡੀਗੜ੍ਹ-ਉੱਤਰੀ ਭਾਰਤ ਦੇ ਮੱਧ ਵਿਚ ਕੁਝ ਦਿਨਾਂ ਵਿਚ ਧਰਤੀ ਕਈ ਵਾਰ ਹਿੱਲੀ ਹੈ। ਪਿਛਲੇ ਹਫ਼ਤੇ ਦਿੱਲੀ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦਿੱਲੀ ਨੂੰ ਭੁਚਾਲ ਝਟਕਿਆਂ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪੰਜਾਬ ਵਿਚ ਅੰਮ੍ਰਿਤਸਰ ਤੋਂ 145 ਕਿਲੋਮੀਟਰ ਪੱਛਮ-ਉੱਤਰ ਪੱਛਮ ਵਿਚ ਅੱਜ ਤੜਕੇ 3.42 ਵਜੇ 4.1 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 120 ਕਿਲੋਮੀਟਰ ਹੇਠਾਂ ਸੀ।
ਦੋ ਦਿਨ ਪਹਿਲਾਂ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 12 ਨਵੰਬਰ ਦੀ ਰਾਤ ਨੂੰ 8 ਤੋਂ 8:15 ਦਰਮਿਆਨ ਕਰੀਬ 30 ਤੋਂ 40 ਸਕਿੰਟ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚੰਡੀਗੜ੍ਹ ਅਤੇ ਪੰਜਾਬ ਤੋਂ ਇਲਾਵਾ ਪੂਰੀ ਦਿੱਲੀ ਐਨਸੀਆਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.4 ਮਾਪੀ ਗਈ। ਉਸੇ ਦਿਨ ਸਵੇਰੇ ਰਿਸ਼ੀਕੇਸ਼ (ਉਤਰਾਖੰਡ) ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਨੇਪਾਲ ਵਿਚ 12 ਨਵੰਬਰ ਦੀ ਸ਼ਾਮ 7:57 ਵਜੇ ਦੇ ਕਰੀਬ 5.4 ਤੀਬਰਤਾ ਦਾ ਭੂਚਾਲ ਆਇਆ, ਜਿਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂ-ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮਾਲਿਆ ਖੇਤਰ ਵਿਚ ਟੈਕਟੋਨਿਕ ਪਲੇਟਾਂ ਦੀ ਅਸਥਿਰਤਾ ਕਾਰਨ ਉੱਚ ਤੀਬਰਤਾ ਵਾਲੇ ਭੂਚਾਲਾਂ ਦੇ ਹਾਲਾਤ ਪੈਦਾ ਹੋਏ ਹਨ।
ਟੈਕਟੋਨਿਕ ਪਲੇਟਾਂ ਧਰਤੀ ਦੇ ਗਰਭ ਵਿੱਚ ਮੌਜੂਦ ਲਾਵੇ ਉੱਤੇ ਤੈਰਦੀਆਂ ਹਨ। ਜਦੋਂ ਇੱਕ ਪਲੇਟ ਦੂਜੀ ਦੇ ਸੰਪਰਕ ਵਿਚ ਆਉਂਦੀ ਹੈ, ਤਾਂ ਭੂਚਾਲ ਦੇ ਝਟਕੇ ਆਉਂਦੇ ਹਨ। ਭਾਰਤੀ ਪਲੇਟ ‘ਤੇ ਯੂਰੇਸ਼ੀਅਨ ਪਲੇਟ ਦੇ ਲਗਾਤਾਰ ਦਬਾਅ ਕਾਰਨ ਇਸ ਦੇ ਹੇਠਾਂ ਸਟੋਰ ਕੀਤੀ ਊਰਜਾ ਸਮੇਂ-ਸਮੇਂ ‘ਤੇ ਭੂਚਾਲਾਂ ਦੇ ਰੂਪ ‘ਚ ਬਾਹਰ ਆਉਂਦੀ ਰਹਿੰਦੀ ਹੈ।
ਪਿਛਲੇ 100 ਸਾਲਾਂ ਦੌਰਾਨ ਹਿਮਾਲੀਅਨ ਖੇਤਰ ਵਿੱਚ 4 ਵੱਡੇ ਭੂਚਾਲ ਆ ਚੁੱਕੇ ਹਨ। ਇਨ੍ਹਾਂ ਵਿੱਚ 1897 ਵਿੱਚ ਸ਼ਿਲਾਂਗ ਭੂਚਾਲ, 1905 ਵਿੱਚ ਕਾਂਗੜਾ, 1934 ਵਿੱਚ ਬਿਹਾਰ-ਨੇਪਾਲ ਅਤੇ 1950 ਵਿੱਚ ਅਸਾਮ ਸ਼ਾਮਲ ਹਨ। ਇਸ ਤੋਂ ਬਾਅਦ 1991 ਵਿੱਚ ਉੱਤਰਕਾਸ਼ੀ, 1999 ਵਿੱਚ ਚਮੋਲੀ ਅਤੇ 2015 ਵਿੱਚ ਨੇਪਾਲ ਵਿੱਚ ਭਿਆਨਕ ਭੂਚਾਲ ਆਇਆ।

Comment here