ਖਬਰਾਂ

ਪੰਜਾਬ ਚ ਮੀਂਹ, ਤੂਫਾਨ ਦੀ ਸੰਭਾਵਨਾ

ਲੁਧਿਆਣਾ : ਪੰਜਾਬ ‘ਚ ਅੱਜ ਸੁਭਾ ਤੋਂ ਹੀ ਮੌਸਮ ਨੇ ਕਰਵਟ ਬਦਲੀ ਹੋਈ ਹੈ। ਅੱਜ ਸੁਭਾਅ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਕਾਫੀ ਗੜਬੜੀ ਵਾਲਾ ਦਿੱਖ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸਵੇਰੇ ਚਾਰ ਵਜੇ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ‘ਚ ਪਿਛਲੇ 4 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਤੇ ਤੇਜ਼ ਹਵਾਵਾਂ ਕਾਰਨ ਸ਼ਹਿਰ ‘ਚ ਦੋਵਾਰਾ ਫਿਰ ਤੋਂ ਠੰਢ ਵਧ ਗਈ ਹੈ। ਸਵੇਰ ਤੋਂ ਹੀ ਕਰੀਬ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਦੌਰਾਨ ਬੱਦਲ ਲਗਾਤਾਰ ਗਰਜ ਰਹੇ ਹਨ। ਮੌਸਮ ਵਿਭਾਗ ਅਨੁਸਾਰ ਅੱਜ ਪੂਰਾ ਦਿਨ ਬੱਦਲਵਾਈ ਰਹਿ ਸਕਦੀ ਹੈ ਅਤੇ ਮੀਂਹ ਜਾਰੀ ਰਹੇਗੀ। ਮੌਸਮ ਵਿਭਾਗ ਅਨੁਸਾਰ ਦੁਪਹਿਰ ਬਾਅਦ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ। ਦੂਜੇ ਪਾਸੇ ਝੱਖੜ ਤੇ ਮੀਂਹ ਕਾਰਨ ਕਿਸਾਨ ਡਰੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਮੀਂਹ ਤੇ ਝੱਖੜ ਨਾ ਰੁਕਿਆ ਤਾਂ ਸਰ੍ਹੋਂ ਅਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਸਰ੍ਹੋਂ ਲਗਪਗ ਪੱਕਣ ਦੀ ਕਗਾਰ ‘ਤੇ ਹੈ। ਇਸ ਦੇ ਨਾਲ ਹੀ ਪਿਆਜ਼ ਅਤੇ ਆਲੂ ਵੀ ਖੇਤਾਂ ‘ਚ ਹਨ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਵੀ ਬੱਦਲ ਛਾਏ ਰਹਿ ਸਕਦੇ ਹਨ ਅਤੇ ਤੇਜ਼ ਹਵਾਵਾਂ ਦੇ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ‘ਚ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ‘ਚ ਹੀ ਮੀਂਹ ਪਿਆ ਹੈ। ਇਸ ਕਾਰਨ ਮਹੀਨੇ ‘ਚ ਹੁਣ ਤਕ ਠੰਢਕ ਦੇਖਣ ਨੂੰ ਮਿਲ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਸਥਿਤੀ ਸਾਫ਼ ਹੋਣ ਦੇ ਕੋਈ ਸੰਕੇਤ ਨਹੀਂ ਹਨ। ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੀਂਹ ਕਾਰਨ ਹੁਣ ਦਿਨ ਦੇ ਤਾਪਮਾਨ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

Comment here