ਕੈਪਟਨ ਸਮੇਤ ਬਹੁਤ ਸਾਰੇ ਸਾਬਕਾ ਮੰਤਰੀ ਭਾਜਪਾ ਦੇ ਸੰਪਰਕ ’ਚ
ਚੰਡੀਗੜ੍ਹ-ਰਾਹੁਲ ਗਾਂਧੀ ਦੀ ‘ਦੇਸ਼ ਜੋੜੋ ਯਾਤਰਾ’ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਭਾਜਪਾ ਨੇ ਕਾਂਗਰਸ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਖਿੱਚ ਲਈ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਕਈ ਵਿਧਾਇਕ ਭਾਜਪਾ ਵਿਚ ਜਾਣ ਦੀ ਤਿਆਰੀ ਵਿਚ ਹਨ। ਅਜੇ ਪੇਚ ਸਿਰਫ ਦਲਬਦਲੂ ਕਾਨੂੰਨ ਨੂੰ ਲੈ ਕੇ ਫਸਿਆ ਹੋਇਆ ਹੈ ਕਿਉਂਕਿ ਕਾਂਗਰਸ ਦੇ 18 ਵਿਧਾਇਕ ਹਨ ਅਤੇ ਜੇ 12 ਵਿਧਾਇਕ ਟੁੱਟਦੇ ਹਨ ਤਾਂ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ। ਸੂਤਰਾਂ ਮੁਤਾਬਕ ਭਾਜਪਾ ਵਿਚ ਜਾਣ ਦੇ ਚਾਹਵਾਨਾਂ ਵਿਚ ਕਈ ਵਿਧਾਇਕ ਸ਼ਾਮਲ ਹਨ। ਭਾਜਪਾ ਵੀ ਚਾਹੁੰਦੀ ਹੈ ਕਿ ਦੋ ਤਿਹਾਈ ਵਿਧਾਇਕ ਇਕੋ ਸਮੇਂ ਕਾਂਗਰਸ ਛੱਡਣ ਕਿਉਂਕਿ ਅਜਿਹਾ ਹੋਣ ’ਤੇ ਉਨ੍ਹਾਂ ’ਤੇ ਦਲਬਦਲੂ ਕਾਨੂੰਨ ਲਾਗੂ ਨਹੀਂ ਹੋਵੇਗਾ ਅਤੇ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਵੀ ਰੱਦ ਨਹੀਂ ਹੋਵੇਗੀ। ਕਾਂਗਰਸ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੂੰ ਪਹਿਲਾਂ ਹੀ ਵੱਖ ਕਰ ਚੁੱਕੀ ਹੈ ਕਿਉਂਕਿ ਸੰਦੀਪ ਦੇ ਚਾਚਾ ਸੁਨੀਲ ਕੁਮਾਰ ਜਾਖ਼ੜ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਸੂਤਰਾਂ ਅਨੁਸਾਰ ਭਾਜਪਾ ਦੀ ਨਜ਼ਰ ਇਨ੍ਹਾਂ ਦੋਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸਿੱਖ ਆਗੂਆਂ ’ਤੇ ਟਿਕੀ ਹੋਈ ਹੈ। ਭਾਜਪਾ ਜਾਣਦੀ ਹੈ ਕਿ ਜੇ ਉਸ ਨੇ ਆਪਣੇ ਦਮ ’ਤੇ 2024 ਦੀਆਂ ਲੋਕ ਸਭਾ ਚੋਣਾਂ ਲੜਨੀਆਂ ਹਨ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਪੇਂਡੂ ਇਲਾਕਿਆਂ ਵਿਚ ਆਪਣਾ ਆਧਾਰ ਬਣਾਵੇ। ਅਕਾਲੀ ਦਲ ਨਾਲ ਗਠਜੋੜ ਵਿਚ ਰਹਿੰਦੇ ਹੋਏ ਭਾਜਪਾ ਦਾ ਆਧਾਰ ਪੰਜਾਬ ਦੇ ਸਿਰਫ 23 ਸ਼ਹਿਰੀ ਖੇਤਰਾਂ ਵਿਚ ਹੀ ਰਿਹਾ ਹੈ। ਭਾਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਆਪਣੇ ਦਮ ’ਤੇ 73 ਸੀਟਾਂ ’ਤੇ ਚੋਣਾਂ ਲੜੀ ਸੀ ਪਰ ਉਹ ਦੋ ਸੀਟਾਂ ਹੀ ਜਿੱਤ ਸਕੀ ਹੈ। ਇਸ ਲਈ ਪਾਰਟੀ ਜਦੋਂ ਤੱਕ ਪੇਂਡੂ ਖੇਤਰਾਂ ਵਿਚ ਆਧਾਰ ਨਹੀਂ ਵਧਾ ਲੈਂਦੀ ਉਦੋਂ ਤੱਕ ਇਕੱਲਿਆਂ ਵੱਡੀ ਜਿੱਤ ਹਾਸਲ ਨਹੀਂ ਕਰ ਸਕਦੀ। ਲਿਹਾਜ਼ਾ ਹੁਣ ਭਾਜਪਾ ਦੂਜੀਆਂ ਪਾਰਟੀਆਂ ਕਾਂਗਰਸ ਦੇ ਅਕਾਲੀ ਦਲ ਦੇ ਸਿੱਖ ਆਗੂਆਂ ਨੂੰ ਭਾਜਪਾ ਵਿਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਆਪਣਾ ਆਧਾਰ ਬਣਾਇਆ ਜਾ ਸਕੇ।
ਕੈਪਟਨ 19 ਨੂੰ ਭਾਜਪਾ ’ਚ ਹੋ ਸਕਦੇ ਨੇ ਸ਼ਾਮਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਕਰੀਬੀ ਪੰਜਾਬ ਦੇ 5-6 ਸਾਬਕਾ ਮੰਤਰੀ ਵੀ ਭਾਜਪਾ ਵਿਚ ਸ਼ਮੂਲੀਅਤ ਕਰਨਗੇ। ਇਸ ਦੇ ਨਾਲ ਹੀ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿਚ ਰਲੇਵਾਂ ਹੋ ਜਾਵੇਗਾ। ਸੂਤਰਾਂ ਮੁਤਾਬਕ 19 ਸਤੰਬਰ ਨੂੰ ਦਿੱਲੀ ਸਥਿਤ ਭਾਜਪਾ ਦਫ਼ਤਰ ਵਿਖੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੀ ਹਾਜ਼ਰੀ ਵਿਚ ਕੈਪਟਨ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿਚ ਰਲੇਵੇਂ ਦਾ ਐਲਾਨ ਕਰਨਗੇ ਅਤੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਅੱਧੀ ਦਰਜਨ ਦੇ ਕਰੀਬ ਸਾਬਕਾ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ, ਪੁੱਤਰ ਰਣਇੰਦਰ ਸਿੰਘ ਅਤੇ ਪੋਤਾ ਨਿਰਵਾਨ ਸਿੰਘ ਵੀ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਅਜੇ ਵੀ ਕਾਂਗਰਸ ਵਿਚ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦੀਨੀਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਬਾਅਦ ਹਾਲਾਂਕਿ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿਚ ਰਲੇਵੇਂ ਦੀਆਂ ਖ਼ਬਰਾਂ ਨੂੰ ਸਿਰਫ ਅਫਵਾਹ ਦੱਸਿਆ ਸੀ ਪਰ ਹੁਣ ਭਰੋਸੇਯੋਗ ਸੂਤਰ ਦੱਸ ਰਹੇ ਹਨ ਕਿ ਆਉਣ ਵਾਲੇ ਦਿਨਾਂ ਦੌਰਾਨ ਕੈਪਟਨ ਦਾ ਭਾਜਪਾ ਵਿਚ ਸ਼ਾਮਲ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
Comment here