ਚੰਡੀਗੜ-ਪੰਜਾਬ ਦੇ ਸਿਆਸੀ ਖੇਮੇ ਵਿੱਚ ਭਾਜਪਾ ਨੇ ਸਰਗਰਮੀ ਵਿੱਢੀ ਹੋਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ 14 ਮਈ ਨੂੰ ਪੰਜਾਬ ਆ ਰਹੇ ਹਨ, ਉਹ ਲੁਧਿਆਣਾ ਵਿੱਚ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ।
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਭਾਜਪਾ ਆਪਣਾ ਦਮ ਦਿਖਾਏਗੀ ਅਤੇ ਬਾਦਲ ਦਲ ਨਾਲ ਮੁੜ ਗਠਜੋੜ ਤੋਂ ਕੋਰਾ ਇਨਕਾਰ ਕਰਦਿਆਂ ਕਿਹਾ ਕਿ ਜਿੰਨੀ ਨਿਭੀ ਵਧੀਆ ਨਿਭੀ ਸੀ, ਪਰ ਅਕਾਲੀ ਦਲ ਬਾਦਲ ਦੇ ਦਾਮਨ ‘ਤੇ ਕਈ ਦਾਗ ਹਨ, ਸਾਥ ਉਹਨਾਂ ਨੇ ਹੀ ਛਡਿਆ ਸੀ, ਤੇ ਮੁੜ ਅਕਾਲੀ ਦਲ ਨਾਲ ਭਾਜਪਾ ਗੱਠਜੋੜ ਨਹੀਂ ਕਰੇਗੀ। ਨਗਰ ਨਿਗਮ ਚੋਣਾਂ ਲਈ ਵੀ ਸਰਗਰਮੀ ਚੱਲ ਰਹੀ ਹੈ। ਜਿਸ ਬਾਰੇ ਚਰਚਾ ਹੈ ਕਿ ਕੈਪਟਨ ਅਮਰਿੰਦਰ ਦੀ ਪਾਰਟੀ ਭਾਜਪਾ ਨਾਲ ਗੱਠਜੋੜ ਕਰੇਗੀ, ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਐਲਾਨ ਵੀ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਗੱਠਜੋੜ ਕਰਕੇ ਅਗਾਮੀ ਨਿਗਮ ਚੋਣਾਂ ਲੜੇਗੀ। ਉਨ੍ਹਾਂ 2024 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੋਣਾਂ ਲੜਨ ਬਾਰੇ ਆਖਿਆ ਸੀ। ਇਸ ਬਾਰੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਹੁਣ ਅਸੀਂ ਪੰਜਾਬ ਵਿੱਚ ਕਿਸੇ ਨਾਲ ਗਠਜੋੜ ਨਹੀਂ ਕਰਾਂਗੇ ਤੇ ਭਾਜਪਾ ਹੁਣ ਆਪਣੇ ਦਮ ‘ਤੇ ਚੋਣਾਂ ਲੜੇਗੀ। ਹੁਣ ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਹੁਣ ਲੋਕਾਂ ਨੂੰ ਸਾਡੇ ਸਹਾਰੇ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦੇ ਹਨ,ਆਖੀ ਜਾਣ, ਸਾਡਾ ਫੈਸਲਾ ਹੋ ਗਿਆ ਹੈ। ਭਾਜਪਾ ਹੁਣ ਆਪਣੇ ਰਸਤੇ ‘ਤੇ ਚੱਲੇਗੀ, ਕੱਲ੍ਹ ਸਾਡੇ ਰਾਸ਼ਟਰੀ ਸੰਗਠਨ ਮੰਤਰੀ ਬੀ.ਐੱਲ. ਸੰਤੋਸ਼ ਆਏ ਸਨ ਅਤੇ ਉਨ੍ਹਾਂ ਨਾਲ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ। ਗਰੇਵਾਲ ਨੇ ਕਿਹਾ ਕਿ ਪਾਰਟੀ ਅਗਲੀਆਂ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਵਿਚ ਜਨਤਾ ਦੇ ਵਿਚਕਾਰ ਜਾਵੇਗੀ। ਲੋਕ ਹੁਣ ਸਮਝ ਚੁੱਕੇ ਹਨ ਅਤੇ ਭਾਜਪਾ ਦਾ ਸਾਥ ਦੇਣਗੇ। ਭਗਵੰਤ ਮਾਨ ਦੀ ਸਿੱਧੂ ਨਾਲ ਮੁਲਾਕਾਤ ‘ਤੇ ਗਰੇਵਾਲ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਦੋਵੇਂ ਗਪੌੜੀ ਇਕੱਠੇ ਹੋ ਗਏ। ਦੋਵੇਂ ਜਨਤਾ ਦਾ ਮਜ਼ਾਕ ਉਡਾ ਰਹੇ ਹਨ, ਦੋਵੇਂ ਕਮੇਡੀ ਤੋਂ ਬਾਹਰ ਨਹੀਂ ਆ ਰਹੇ ਹਨ।ਉਨ੍ਹਾਂ ਕਿਹਾ ਕਿ ਨਸ਼ਿਆਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਹੁਣ ਜੇਲ੍ਹ ‘ਚੋਂ ਨਸ਼ੇ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ, ਪਰ ਮਾਨ ਸਾਹਿਬ ਪਤਾ ਨਹੀਂ ਕਿਸ ਦੁਨੀਆਂ ਵਿੱਚ ਰਹਿ ਰਹੇ ਹਨ।
Comment here