ਟਾਂਡਾ ਉੜਮੁੜ-ਪੰਜਾਬ ‘ਚ ਮੁੜ ਹੜ੍ਹਾਂ ਨੇ ਦਸਤਕ ਦੇ ਦਿੱਤੀ ਹੈ। ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਟਾਂਡਾ ਦੇ ਮੰਡ ਇਲਾਕੇ ਦੀਆਂ ਜ਼ਮੀਨਾਂ ਵਿਚ ਦਾਖ਼ਲ ਹੋ ਗਿਆ ਹੈ। ਜਿਸ ਕਾਰਨ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਵਿਚ ਫ਼ਸਲ ਡੁੱਬ ਗਈ ਹੈ ।ਪਾਣੀ ਦੇ ਪੱਧਰ ਦੇ ਲਗਾਤਾਰ ਵਾਧੇ ਕਾਰਨ ਪਿੰਡ ਅਬਦੁੱਲਾਪੁਰ, ਗੰਧੁਵਾਲ, ਮੇਵਾ ਮਿਆਣੀ, ਰੜਾ ਮੰਡ ਅਤੇ ਟਾਹਲੀ ਇਲਾਕੇ ਵਿਚ ਹਾਲਾਤ ਬੇਹੱਦ ਚਿੰਤਾਜਨਕ ਹਨ। ਦੱਸਣਯੋਗ ਹੈ ਕਿ ਪਾਣੀ ਵਿਚ ਘਿਰੇ ਪਿੰਡਾਂ ਵਿਚ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਚਾਰ ਮੋਟਰ ਵਾਲੀਆਂ ਕਿਸ਼ਤੀਆਂ ਲੈ ਕੇ ਲੋਕਾਂ ਨੂੰ ਬਾਹਰ ਕੱਢਣ ਵਿਚ ਲੱਗੀ ਹੋਈ ਹੈ। ਇਸ ਦੌਰਾਨ ਪਾਣੀ ਨਾਲ ਚਾਰ-ਚੁਫੇਰਿਓਂ ਘਿਰੇ ਪਿੰਡ ਅਬਦੁੱਲਾਪੁਰ ਦੇ ਗੁਰਦੁਆਰਾ ਸਾਹਿਬ ਵਿਚ ਮੌਜੂਦ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਨੂੰ ਸਨਮਾਨ ਅਤੇ ਸਤਿਕਾਰ ਦੇ ਨਾਲ ਪਿੰਡ ਮਿਆਣੀ ਅਤੇ ਅਬਦੁੱਲਾਪੁਰ ਦੀਆਂ ਸੰਗਤਾਂ ਨੇ ਬੇੜੀ ਦੀ ਮਦਦ ਨਾਲ ਸੁਰੱਖਿਅਤ ਕੱਢ ਕੇ ਪਿੰਡ ਮਿਆਣੀ ਦੇ ਗੁਰੂ ਘਰ ਵਿਚ ਸੁਸ਼ੋਭਿਤ ਕੀਤਾ।
ਇਨ੍ਹਾਂ ਪਿੰਡਾਂ ਵਿਚ ਸੈਂਕੜੇ ਏਕੜ ਫ਼ਸਲ ਤਬਾਹ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਨੁਕਸਾਨ ਝੱਲਣ ਵਾਲੇ ਕਿਸਾਨ ਉਹ ਵੀ ਹਨ ਜਿਨ੍ਹਾਂ ਨੇ ਪਹਿਲਾਂ ਵੀ ਪਾਣੀ ਦੀ ਮਾਰ ਝੱਲਦੇ ਹੋਏ ਤੀਜੀ-ਤੀਜੀ ਵਾਰ ਝੋਨਾ ਲਾਇਆ ਸੀ। ਹੜ੍ਹਾਂ ਦੇ ਹਾਲਾਤ ਦਰਮਿਆਨ ਇਲਾਕੇ ਵਿਚ ਪਹੁੰਚੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਜਿੱਥੇ ਨੁਕਸਾਨ ਦਾ ਜਾਇਜ਼ਾ ਲਿਆ ਉੱਥੇ ਬਚਾਅ ਪ੍ਰਬੰਧਾਂ ਨੂੰ ਲੈ ਕੇ ਵੀ ਸਰਕਾਰ ਅਤੇ ਪ੍ਰਸ਼ਾਸ਼ਨ ‘ਤੇ ਸਵਾਲ ਖੜ੍ਹੇ ਕੀਤੇ।
Comment here