ਅਪਰਾਧਖਬਰਾਂ

ਪੰਜਾਬ ’ਚ ਬੇਅਦਬੀ ਦੀਆਂ ਘਟਨਾਵਾਂ ਜਾਰੀ

ਮੰਦਰ ’ਚ ਬੇਅਦਬੀ, ਮੂਰਤੀ ਦੇ ਗਹਿਣੇ, ਪੁਜਾਰੀ ਦਾ ਮੋਟਰਸਾਈਕਲ  ਚੋਰੀ
ਜਲੰਧਰ ’ਚ ਪੋਸਟਰ ਤੇ ਧਾਰਮਿਕ ਗ੍ਰੰਥ ਦੀ ਬੇਅਦਬੀ
ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰੋ, ਨਹੀਂ ਤਾਂ ਥਾਣੇ ਦਾ ਹੋਵੇਗਾ ਘਿਰਾਓ—ਹਿੰਦੂ ਸੰਗਠਨ
ਅੰਮ੍ਰਿਤਸਰ-ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਹੁਣ ਫਤਿਹਗੜ੍ਹ ਚੂੜੀਆਂ ਰੋਡ ’ਤੇ ਨਵੀਂ ਆਬਾਦੀ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ’ਚ ਵੜ ਕੇ ਕੁਝ ਗ਼ੈਰ-ਸਮਾਜੀ ਅਨਸਰਾਂ ਨੇ ਬੇਅਦਬੀ ਕਰਦੇ ਹੋਏ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਲੱਡੂ ਗੋਪਾਲ ਦੀ ਮੂਰਤੀ ਨੂੰ ਜ਼ਮੀਨ ’ਤੇ ਸੁੱਟ ਦਿੱਤਾ, ਉੱਥੇ ਮੰਦਰ ’ਚ ਮੂਰਤੀ ਨੂੰ ਪਹਿਨਾਏ ਸੋਨੇ ਦੇ ਗਹਿਣੇ, ਨਕਦੀ ਤੇ ਪੁਜਾਰੀ ਦਾ ਮੋਟਰਸਾਈਕਲ ਵੀ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਹਿੰਦੂ ਸੰਗਠਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਦੋ ਦਿਨਾਂ ’ਚ ਬੇਅਦਬੀ ਕਰਨ ਵਾਲਿਆਂ ਨੂੰ ਨਾ ਫੜਿਆ ਗਿਆ ਤਾਂ ਅਜਨਾਲਾ ਸ਼ਹਿਰ ਬੰਦ ਕਰ ਕੇ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਮੁੱਖ ਪੁਜਾਰੀ ਸ਼੍ਰੀ ਸਤਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਵੀ ਮੰਦਰ ਹਾਲ ਦੇ ਉਪਰ ਵਾਲੀ ਮਜ਼ਿੰਲ ਹੈ ਤੇ ਰੋਜ਼ਾਨਾ ਵਾਂਗ ਬੀਤੀ ਰਾਤ ਵੀ ਉਹ ਮੰਦਰ ਨੂੰ ਤਾਲੇ ਲਗਾ ਕੇ ਸੌਂ ਗਏ ਸਨ। ਸਵੇਰੇ ਉਠ ਕੇ ਦੇਖਿਆ ਤਾਂ ਮੰਦਰ ’ਚ ਕ੍ਰਿਸ਼ਨ ਜੀ ਦੀ ਬਾਲ ਸਵਰੂਪ ਮੂਰਤੀ ਹੇਠਾਂ ਡਿੱਗੀ ਹੋਈ ਸੀ ਤੇ ਅਲਮਾਰੀ ’ਚ ਪਏ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਵੀ ਇਧਰ-ਉੱਧਰ ਸੁੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਕੰਨਾਂ ਦੀ ਸੋਨੇ ਦੀਆਂ ਵਾਲੀਆਂ, ਮਾਤਾ ਰਾਣੀ ਦੀ ਪ੍ਰਤਿਮਾ ਨੂੰ ਪਾਇਆ ਸੋਨੇ ਦਾ ਕੋਕਾ, ਪੁਜਾਰੀ ਦਾ ਮੋਟਰਸਾਈਕਲ, ਮੰਦਰ ਦੀ ਗੋਲਕ, ਕਾਨਹਾ ਗਊਸ਼ਾਲਾ ’ਚ ਪਏ ਲਗਪਗ 30 ਹਜ਼ਾਰ ਰੁਪਏ ਵੀ ਚੋਰੀ ਹੋ ਗਏ।
ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਿਵ ਮੰਦਰ ਕਮੇਟੀ ਪ੍ਰਧਾਨ ਰੂਪ ਲਾਲ ਅਦਾਨ, ਬਾਵਾ ਲਾਲ ਮੰਦਿਰ ਕਮੇਟੀ ਪ੍ਰਧਾਨ ਰਾਕੇਸ਼ ਮਰਵਾਹਾ, ਰਾਮਪਾਲ ਦੇਵਗਣ, ਯਸ਼ਪਾਲ ਮਹਿਤਾ, ਹੈਪੀ ਮਹਿਤਾ ਆਦਿ ਸਮੇਤ ਵੱਡੀ ਗਿਣਤੀ ’ਚ ਹਿੰਦੂ ਮੰਦਰ ਕਮੇਟੀਆਂ ਅਤੇ ਸੰਗਠਨਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਡੀਐੱਸਪੀ ਅਜਨਾਲਾ ਜਸਬੀਰ ਸਿੰਘ ਵੀ ਮੌਕੇ ’ਤੇ ਪੁਲਿਸ ਫੋਰਸ ਦੇ ਨਾਲ ਪਹੁੰਚ ਗਏ, ਜਿਨ੍ਹਾਂ ਨੂੰ ਹਿੰਦੂ ਸੰਗਠਨਾਂ ਨੇ ਚਿਤਾਵਨੀ ਦਿੱਤੀ ਕਿ ਦੋ ਦਿਨਾਂ ’ਚ ਬੇਅਦਬੀ ਦੇ ਮੁਲਜਮਾਂ ਨੂੰ ਨਾ ਫੜਿਆ ਗਿਆ ਤਾਂ ਸਾਰਾ ਸ਼ਹਿਰ ਬੰਦ ਕਰਵਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਡੀਐੱਸਪੀ ਅਜਨਾਲਾ ਜਸਵੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਛੇਤੀ ਹੀ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਬਸਤੀ ਦਾਨਿਸ਼ਮੰਦਾਂ ’ਚ ਧਾਰਮਿਕ ਗ੍ਰੰਥ ਦੀ ਬੇਅਦਬੀ
ਜਲੰਧਰ ’ਚ ਧਾਰਮਿਕ ਪੋਸਟਰ ਤੇ ਇਕ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਹਰਕਤ ’ਚ ਆਈ ਪੁਲਿਸ ਨੇ ਜਿਥੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਤੇ ਦੂਜੇ ਮਾਮਲੇ ’ਚ ਕੇਸ ਦਰਜ ਕਰਦਿਆਂ ਪੁਲਿਸ ਨੇ ਅਣਪਛਾਤੇ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲਾ ਮਾਮਲਾ ਥਾਣਾ ਡਵੀਜ਼ਨ ਨੰ. ਪੰਜ ਦੇ ਅਧੀਨ ਆਉਂਦੇ ਦਾਨਿਸ਼ਮੰਦਾ ਮੁੱਖ ਬਾਜ਼ਾਰ ਦਾ ਹੈ। ਜਿਥੇ ਲਾਏ ਗਏ ਇਕ ਧਾਰਮਿਕ ਪੋਸਟਰ ਦੀ ਕੁਝ ਲੋਕਾਂ ਨੇ ਬੀਤੀ ਦੇਰ ਬੇਅਦਬੀ ਕੀਤੀ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਆਲੇ-ਦੁਆਲੇ ਦੇ ਲੋਕਾਂ ’ਚ ਰੋਸ ਫੈਲ ਗਿਆ ਤੇ ਸੂਚਨਾ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਸ਼ੱਕੀ ਔਰਤ ਤੇ ਮਰਦ ਦਿਖਾਈ ਦਿੱਤੇ। ਸੀਸੀਟੀਵੀ ’ਚ ਕੈਦ ਵਿਅਕਤੀ ਧਾਰਮਿਕ ਪੋਸਟਰ ਦੀ ਬੇਅਦਬੀ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਦਿਆਂ ਥਾਣਾ ਡਵੀਜ਼ਨ ਨੰ. ਪੰਜ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਹਿਰਾਸਤ ’ਚ ਲੈਂਦਿਆਂ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰਿ ਦੱਤੀ ਹੈ। ਮਾਮਲੇ ਦੀ ਜਾਣਕਾਰੀ ਦਿਦਿਆਂ ਡਿਊਟੀ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਇਕ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇ ਆਧਾਰ ’ਤੇ ਜਾਂਚ ਤੋਂ ਬਾਅਦ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂ ਤਰਸੇਮ ਥਾਪਾ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਨੇ ਦਾਨਿਸ਼ਮੰਦਾ ਮੁੱਖ ਬਾਜ਼ਾਰ ’ਚ ਲੱਗੇ ਇਕ ਧਾਰਮਿਕ ਪੋਸਟਰ ਦੀ ਬੇਅਦਬੀ ਕੀਤੀ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।
ਓਧਰ, ਸਕਾਈਲਾਰਕ ਚੌਕ ਨੇੜੇ ਬੀਤੇ ਬੁੱਧਵਾਰ ਦੁਪਹਿਰ ਇਕ ਧਾਰਮਿਕ ਗ੍ਰੰਥ ਦੇ ਕੁਝ ਪੰਨੇ ਮੋੜੇ ਹੋਏ ਮਿਲੇ ਜਿਸ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਦੀ ਸ਼ਿਕਾਇਤ ’ਤੇ ਥਾਣਾ-4 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ’ਚ ਰੁੱਝ ਘਈ ਹੈ। ਬੇਅਦਬੀ ਦੇ ਮੁਲਜ਼ਮ ਦੀ ਪਛਾਣ ਲਈ ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਹਾਲੇ ਤਕ ਕੋਈ ਵੀ ਵਿਅਕਤੀ ਬੇਅਦਬੀ ਕਰਦਾ ਦਿਖਾਈ ਨਹੀਂ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਐਵੀਨਿਊ ਨਿਵਾਸੀ ਸ਼ਰੀਫ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੁਪਹਿਰ 12 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਉਕਤ ਚੌਕ ਨੇੜੇ ਧਾਰਮਿਕ ਗ੍ਰੰਥ ਦੇ ਕੁਝ ਪੰਨੇ ਮੋੜੇ ਪਏ ਹਨ ਜਿਸ ਨੂੰ ਦੇਖਦਿਆਂ ਲੱਗਦਾ ਹੈ ਕਿ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਗਈ ਹੈ। ਵਾਰਦਾਤ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਕੀਤੀ ਗਈ ਹੈ ਤੇ ਧਾਰਮਿਕ ਗ੍ਰੰਥ ਦੇ ਪੰਨਿਆਂ ਨੂੰ ਜਾਣਬੁੱਝ ਕੇ ਸੜਕ ’ਤੇ ਸੁੱਟਿਆ ਗਿਆ ਹੈ। ਘਟਨਾ ਦੀ ਸੂਚਨਾ ਤੋਂ ਬਾਅਦ ਏਸੀਪੀ ਸੈਂਟਰਲ ਸੁਖਦੀਪ ਸਿੰਘ, ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਮੌਕੇ ਮੁਆਇਨਾ ਕੀਤਾ ਤੇ ਜਾਂਚ ਤੋਂ ਬਾਅਦ ਅਣਪਛਾਤੇ ਮੁਲਜ਼ਮ ਖ਼ਿਲਾਫ਼ ਸਬੰਧਤ ਧਾਰਾਵਾਂ ’ਚ ਮਾਮਲਾ ਦਰਜ ਕਰਦਿਆਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Comment here