ਸਿਆਸਤਖਬਰਾਂ

ਪੰਜਾਬ ਚ ਬੀ ਐੱਸ ਐੱਫ ਦਾ ਅਧਿਕਾਰ ਖੇਤਰ ਵਧਾਇਆ, ਸਿਆਸੀ ਘਮਸਾਣ ਮਚਿਆ

 ਮੁੱਖ ਮੰਤਰੀ, ਗ੍ਰਹਿ ਮੰਤਰੀ ਨੇ ਫੈਸਲਾ ਵਾਪਸ ਲੈਣ ਲਈ ਕਿਹਾ

ਕੈਪਟਨ ਕੇਂਦਰ ਦੇ ਹੱਕ ਚ ਡਟੇ, ਫੈਸਲੇ ਦਾ ਕੀਤਾ ਸਵਾਗਤ

ਅਕਾਲੀ ਦਲ ਤੇ ਸੁਨੀਲ ਜਾਖੜ ਨੇ ਚੰਨੀ ਨੂੰ ਜ਼ੁਮੇਵਾਰ ਠਹਿਰਾਇਆ

ਨਵੀਂ ਦਿੱਲੀ, ਚੰਡੀਗੜ- ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਨੂੰ ਵਧਾ ਦਿੱਤਾ ਹੈ। ਹੁਣ ਬੀਐਸਐਫ ਅਧਿਕਾਰੀਆਂ ਨੂੰ ਪੱਛਮੀ ਬੰਗਾਲ, ਪੰਜਾਬ ਅਤੇ ਅਸਾਮ ਵਿੱਚ ਦੇਸ਼ ਦੀ ਸਰਹੱਦ ਨਾਲ ਲੱਗਦੇ 50 ਕਿਲੋਮੀਟਰ ਤੱਕ ਦੇ ਖੇਤਰਾਂ ਵਿੱਚ ਤਲਾਸ਼ੀ, ਗ੍ਰਿਫਤਾਰੀ ਅਤੇ ਜ਼ਬਤ ਕਰਨ ਦੀਆਂ ਸ਼ਕਤੀਆਂ ਮਿਲ ਗਈਆਂ ਹਨ। ਭਾਵ, 50 ਕਿਲੋਮੀਟਰ ਦੇ ਦਾਇਰੇ ਦੇ ਅੰਦਰ, ਬੀਐਸਐਫ ਕੋਲ ਹੁਣ ਪੁਲਿਸ ਦੇ ਬਰਾਬਰ ਸ਼ਕਤੀਆਂ ਹੋਣਗੀਆਂ, ਜੋ ਪਹਿਲਾਂ ਸਿਰਫ 15 ਕਿਲੋਮੀਟਰ ਦੇ ਘੇਰੇ ਦੇ ਅੰਦਰ ਸੀ। ਗੁਜਰਾਤ ਵਿੱਚ, ਬੀਐਸਐਫ ਅਧੀਨ ਸਰਹੱਦ ਦੀ ਹੱਦ 80 ਕਿਲੋਮੀਟਰ ਤੋਂ ਘਟਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਹੈ, ਜਦੋਂ ਕਿ ਰਾਜਸਥਾਨ ਵਿੱਚ ਇਹ ਸੀਮਾ ਪਹਿਲਾਂ ਦੀ ਤਰ੍ਹਾਂ 50 ਕਿਲੋਮੀਟਰ ਹੈ।

ਪਰ ਇਸ ਫੈਸਲੇ ਤੇ ਪੰਜਾਬ ਦੀ ਸਿਆਸਤ ਪੂਰੀ ਗਰਮਾਅ ਗਈ ਹੈ, ਕਿਹੜੇ ਆਗੂ ਨੇ ਕੀ ਕਿਹਾ, ਆਓ ਜਾਣੀਏ-

ਇਹ ਸੰਘਵਾਦ ‘ਤੇ ਸਿੱਧਾ ਹਮਲਾ -ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ  ਹੈ ਕਿ ਮੈਂ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ ਚੱਲ ਰਹੀ 50 ਕਿਲੋਮੀਟਰ ਪੱਟੀ ਦੇ ਅੰਦਰ ਬੀਐਸਐਫ ਨੂੰ ਵਾਧੂ ਸ਼ਕਤੀਆਂ ਦੇਣ ਦੇ ਭਾਰਤ ਸਰਕਾਰ ਦੇ ਇੱਕਪਾਸੜ ਫੈਸਲੇ ਦੀ ਸਖਤ ਨਿੰਦਾ ਕਰਦਾ ਹਾਂ, ਜੋ ਕਿ ਸੰਘਵਾਦ ‘ਤੇ ਸਿੱਧਾ ਹਮਲਾ ਹੈ। ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਤਰਕਹੀਣ ਫੈਸਲੇ ਨੂੰ ਤੁਰੰਤ ਵਾਪਸ ਲਵੇ। ਅੱਧਾ ਪੰਜਾਬ ਕੇਂਦਰ ਸਰਕਾਰ ਹਵਾਲੇ? ਸੁਨੀਲ ਜਾਖੜ ਦੇ ਮੁੱਖ ਮੰਤਰੀ ਚੰਨੀ ਦੀ ਅਮਿਤ ਸ਼ਾਹ ਨਾਲ ਮੀਟਿੰਗ ‘ਤੇ ਤਿੱਖੇ ਸਵਾਲ

ਮੁੱਖ ਮੰਤਰੀ ਨੇ ਇਹ ਮੁੱਦਾ ਕੇਂਦਰ ਕੋਲ ਨਹੀਂ ਉਠਾਇਆ-ਰੰਧਾਵਾ

 ਬੀਐਸਐਫ ਐਕਟ ਦੀ ਧਾਰਾ 139 ਵਿੱਚ ਹਾਲ ਹੀ ‘ਚ ਕੀਤੀ ਗਈ ਸੋਧ ਜੋ ਸੰਘੀ ਢਾਂਚੇ ਉੱਤੇ ਹਮਲੇ ਦੇ ਸਮਾਨ ਹੈ, ਇਸ ਦੀ ਨਿਖੇਧੀ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ। ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਮਾਮਲਿਆਂ ਦਾ ਵਿਭਾਗ ਵੀ ਹੈ, ਨੇ ਕਿਹਾ ਕਿ ਇਹ ਤਰਕਹੀਣ ਫੈਸਲਾ ਸਰਹੱਦੀ ਸੁਰੱਖਿਆ ਬਲਾਂ ਦੇ ਉਭਾਰ ਦੀ ਭਾਵਨਾ ਦੇ ਬਿਲਕੁਲ ਵਿਰੁੱਧ ਹੈ ਜੋ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਰਹਿੰਦੇ ਹਨ ਅਤੇ ਰੱਖਿਆ ਦੀ ਮੋਹਰਲੀ ਕਤਾਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਦਰੂਨੀ ਇਲਾਕਿਆਂ ਵਿੱਚ ਪੁਲਿਸਿੰਗ ਕਰਨਾ ਸਰਹੱਦੀ ਰੱਖਿਆ ਬਲਾਂ ਦਾ ਕੰਮ ਨਹੀਂ ਹੈ ਅਤੇ ਅਜਿਹਾ ਕਰਨਾ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਪ੍ਰਤੀ ਉਹਨਾਂ ਦੀ ਮੁੱਢਲੀ ਡਿਊਟੀ ਨਿਭਾਉਣ ਦੀ ਸਮਰੱਥਾ ਨੂੰ ਕਮਜ਼ੋਰ ਕਰੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਹੱਲ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ  ਸ਼ਾਹ ਨੂੰ ਜਲਦ ਮਿਲਣਗੇ। ਇਸ ਦੌਰਾਨ ਰੰਧਾਵਾ ਨੇ ਸਪੱਸ਼ਟ ਕਿਹਾ ਕਿ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਨੇ ਨਾ ਤਾਂ ਇਹ ਮੁੱਦਾ ਕੇਂਦਰ ਕੋਲ ਉਠਾਇਆ ਹੈ ਅਤੇ ਨਾ ਹੀ ਕੌਮਾਂਤਰੀ ਸਰਹੱਦ ਦੇ ਨਾਲ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਲਈ ਕਿਹਾ ਹੈ। ਕੇਂਦਰੀ ਅਤੇ ਸੂਬੇ ਦੀਆਂ ਏਜੰਸੀਆਂ ਦਰਮਿਆਨ ਬਿਹਤਰ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਗੈਰਕਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਵਾਸਤੇ ਜਾਣਕਾਰੀ ਸਾਂਝੀ ਕਰਕੇ ਅਜਿਹੇ ਤਾਲਮੇਲ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਦਰਮਿਆਨ ਬੀਤੇ ਸਮੇਂ ਵਿੱਚ ਨਸ਼ਿਆਂ ਅਤੇ ਅੱਤਵਾਦੀ ਮਾਡਿਊਲਾਂ ਵਿਰੁੱਧ ਸਾਂਝੇ ਆਪਰੇਸ਼ਨ ਸਫਲਤਾਪੂਰਵਕ ਚਲਾਏ ਗਏ ਹਨ। ਇਸ ਤੋਂ ਇਲਾਵਾ ਜਾਣਕਾਰੀ ਸਾਂਝੀ ਕਰਨ ਅਤੇ ਤਾਲਮੇਲ ਬਣਾਉਣ ਲਈ ਪ੍ਰਣਾਲੀਆਂ ਪਹਿਲਾਂ ਹੀ ਮੌਜੂਦ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਮੌਜੂਦਾ ਪ੍ਰਬੰਧਾਂ ਨੂੰ ਇੱਕਤਰਫਾ ਰੂਪ ਵਿੱਚ ਬਦਲਣ ਪਿੱਛੇ ਸੂਬਾ ਸਰਕਾਰ ਅਤੇ ਸੰਘਵਾਦ ਦੀ ਭਾਵਨਾ ਨੂੰ ਕਮਜ਼ੋਰ ਕਰਨ ਤੋਂ ਬਿਨ੍ਹਾ ਕੋਈ ਹੋਰ ਵਾਜਬ ਕਾਰਨ ਨਹੀਂ ਹਨ। ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਦੀ ਸਹਿਮਤੀ ਲਏ ਬਗੈਰ ਉਪਰੋਕਤ ਨੋਟੀਫਿਕੇਸ਼ਨ ਜਾਰੀ ਕਰਨਾ ਕੇਂਦਰ ਵੱਲੋਂ ਸੂਬਿਆਂ ਦੀਆਂ ਸ਼ਕਤੀਆਂ ਅਤੇ ਭੂਮਿਕਾਵਾਂ ‘ਤੇ ਡਾਕਾ ਮਾਰਨ ਦੇ ਸਮਾਨ ਹੈ। ਕੇਂਦਰ, ਸੂਬਾ ਅਤੇ ਸਮਵਰਤੀ ਸੂਚੀਆਂ ਕੇਂਦਰ ਅਤੇ ਸੂਬਿਆਂ ਦੇ ਕਾਰਜ ਖੇਤਰ ਅਧੀਨ ਆਉਂਦੇ ਵਿਸ਼ਿਆਂ ਨੂੰ ਨਿਰਧਾਰਤ ਕਰਦੀਆਂ ਹਨ। ਪੁਲਿਸ ਅਤੇ ਕਾਨੂੰਨ ਵਿਵਸਥਾ ਸੂਬਿਆਂ ਦੀ ਸੂਚੀ ਅਧੀਨ ਆਉਂਦੇ ਹਨ ਅਤੇ ਇਹ ਸੂਬਿਆਂ ਵੱਲੋਂ ਵੇਖੇ ਜਾਂਦੇ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰਾਂ ਨਾਲ ਸਲਾਹ ਕੀਤੇ ਬਿਨਾਂ ਜਾਂ ਉਨ੍ਹਾਂ ਦੀ ਸਹਿਮਤੀ ਲਏ ਬਿਨਾਂ ਬੀਐਸਐਫ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਦੀਆਂ ਸ਼ਕਤੀਆਂ ਦੇ ਕੇ, ਕੇਂਦਰ ਸਰਕਾਰ ਸੰਵਿਧਾਨ ਦੇ ਸੰਘੀ ਢਾਂਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸ਼ਾਹ ਨਾਲ ਗੱਲਬਾਤ ਦਾ ਵੇਰਵੇ ਜਨਤਕ ਕਰਨ ਚੰਨੀ : ਸੁਖਬੀਰ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਅਸਿੱਧੇ ਤੌਰ ’ਤੇ ਕੇਂਦਰੀ ਰਾਜ ਲਾਗੂ ਕਰਨ ’ਤੇ ਦੋਹਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਹਫ਼ਤੇ ਗ੍ਰਹਿ ਮੰਤਰੀ ਨਾਲ ਮੀਟਿੰਗ ਅਣ ਨਿਰਧਾਰਿਤ ਮੀਟਿੰਗ ਵਿਚ ਹੀ ਇਸ ਬਹੁਤ ਹੀ ਭੜਕਾਊ ਤੇ ਖ਼ਤਰਨਾਕ ਕਦਮ ਲਈ ਆਧਾਰ ਤਿਆਰ ਹੋ ਗਿਆ ਸੀ। ਉਹਨਾਂ ਨੇ ਮੁੱਖ ਮੰਤਰੀ ਨੁੰ ਕਿਹਾ ਕਿ ਉਹ ਜਾਂ ਤਾਂ ਆਪਣਾ ਇਰਾਦਾ ਵਿਖਾਉਂਦਿਆਂ ਕਾਰਵਾਈ ਕਰਨ ਜਾਂ ਫਿਰ ਸਭ ਕੁਝ ਛੱਡ ਦੇਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੁੰਦਾ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਗੈਰ ਅਜਿਹੇ ਵੱਡੇ ਫੈਸਲੇ ਲਵੇ ਅਤੇ ਚੰਨੀ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਾਇਆ ਜਾ ਰਿਹਾ ਰੌਲਾ ਅਸਲ ਵਿਚ ਇਸ ਸਾਜ਼ਿਸ਼ ਵਿਚ ਉਹਨਾਂ ਦੀ ਸ਼ਮੂਲੀਅਤ ’ਤੇ ਪਰਦਾ ਪਾਉਣ ਦਾ ਯਤਨ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਲੋਕਤੰਤਰੀ ਪ੍ਰਕਿਰਿਆ ਤੇ ਸੰਘੀ ਸਿਧਾਂਤ ਨੁੰ ਸਾਬੋਤਾਜ਼ ਕਰਨ ਖਿਲਾਫ ਉਹਨਾਂ ਦੀ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੂਬੇ ਦੇ ਲੋਕਾਂ ਨਾਲ ਕਦਮ ਸਾਂਝੇ ਕਰਨ। ਉਹਨਾਂ ਕਿਹਾ ਕਿ ਤੁਸੀਂ ਵਿਰੋਧੀ ਧਿਰ ਵਿਚ ਨਹੀਂ ਹੋ। ਚੰਨੀ ਜੀ ਤੁਸੀਂ ਸੂਬੇ ਦੇ ਮੁੱਖ ਮੰਤੀ ਹੋ। ਤੁਹਾਡਾ ਕੰਮ ਸਿਰਫ਼ ਰਵਾਇਤੀ ਪ੍ਰੈਸ ਬਿਆਨ ਜਾਰੀ ਕਰਨਾ ਤੇ ਸਿਰਫ਼ ਹਲਕੇ ਢੰਗ ਵਿਚ ਕੇਂਦਰ ਤੇ ਇਸ ਖ਼ਤਰਨਾਕ ਕਦਮ ਦੇ ਨਿਖੇਧੀ ਕਰਨਾ ਨਹੀਂ ਹੈ। ਉਹਨਾਂ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਇਹ ਦੱਸਣਾ ਪਵੇਗਾ ਕਿ ਤੁਸੀਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਨਮੋਸ਼ੀਜਨਕ ਕਾਰੇ ਦੇ ਖਿਲਾਫ਼ ਕੀ ਕਰਨ ਦਾ ਇਰਾਦਾ ਰੱਖਦੇ ਹੋ। ਬਾਦਲ ਨੇ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਨੁੰ ਕਿਹਾ ਕਿ ਉਹ ਕੇਂਦਰ ਅੱਗੇ ਸਰੰਡਰ ਕਰਨ ਦੇ ਮਾਮਲੇ ਵਿਚ ਸੂਬਾ ਸਰਕਾਰ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ। ਉਹਨਾਂ ਕਿਹਾ ਕਿ ਕਾਨੁੰਨ ਤੇ ਵਿਵਸਥਾ ਸੂਬਾ ਸਰਕਾਰ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਸੂਬਾ ਸਰਕਾਰ ਦੀ ਰਾਇ ਤੇ ਸਹਿਮਤੀ ਲਏ ਬਗੈਰ ਸੂਬੇ ਵਿਚ ਕੇਂਦਰੀ ਫੋਰਸਾਂ ਲਾਉਣ ਦਾ ਕੋਈ ਵੀ ਸੰਵਿਧਾਨਕ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਇਸ ਲਈ ਜੇਕਰ ਕਾਨੁੰਨ ਵਿਵਸਥਾ ਕੇਂਦਰ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਤਾਂ ਇਹ ਸੁਬਾ ਸਰਕਾਰ ’ਤੇ ਲੂਣ ਛਿੜਕਣ ਤੋਂ ਘੱਟ ਨਹੀਂ ਹੈ। ਉਹਨਾਂ ਕਿਹਾ ਕਿ ਮੁੱਖਮਤਰੀ ਨੁੰ ਇਸ ਅਸਿੱਧੇ ਕੇਂਦਰੀ ਰਾਜ ਦੇ ਖਿਲਾਫ਼ ਪੰਜਾਬ ਨੁੰ ਬਚਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਅਕਾਲੀ ਦਲ ਦੇ ਪ੍ਰਧਾਨ ਕੇਂਦਰ ਸਰਕਾਰ ਵੱਲੋਂ ਤਕਰੀਬਨ ਅੱਧਾ ਪੰਜਾਬ ਬੀਐੱਸਐੱਫ ਹਵਾਲੇ ਕਰ ਕੇ ਕੇਂਦਰੀ ਬਲਾਂ ਨੁੰ ਆਮ ਹਾਲਾਤ ਵਿਚ ਵੀ ਪੁਲਿਸ ਦੀ ਜ਼ਿੰਮੇਵਾਰੀ ਸੌਂਪਣ ਦੇ ਫੈਸਲੇ ’ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਪੰਜਾਬ ਪੁਲਿਸ ਤਾਂ ਸ਼ਕਤੀ ਵਿਹੂਣੀ ਹੋ ਗਈ ਹੈ। ਉਹਨਾਂ ਕਿਹਾ ਕਿ ਅਸਲ ਵਿਚ ਪੰਜਾਬ ਪੁਲਿਸ ਆਪਣੀ ਮਹੱਤਤਾ ਹੀ ਗੁਆ ਲਵੇਗੀ। ਉਹਨਾਂ ਕਿਹਾ ਕਿ ਇਸ ਵੱਡੇ ਫੈਸਲੇ ਨੂੰ ਸੂਬਾ ਸਰਕਾਰ ਨੁੰ ਵਿਸ਼ਵਾਸ ਵਿਚ ਲਏ ਬਗੈਰ ਲਾਗੂ ਕਰਨਾ ਸੰਭਵ ਹੀ ਨਹੀਂ ਹੈ। ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਹਾਲੇ ਵੀ ਕਾਂਗਰਸ ਪਾਰਟੀ ਦਾ ਹਿੱਸਾ ਹਨ, ਦਾ ਪ੍ਰਤੀਕਰਮ ਸਾਬਤ ਕਰਦਾ ਹੈ ਕਿ ਉਹ ਕੁਝ ਬਹੁਤ ਲੁਕਵਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਹੋਰ ਕਾਂਗਰਸੀ ਆਗੂਆਂ ਜਿਹਨਾਂ ਨੇ ਕਦੇ ਛੋਟੇ ਤੋਂ ਛੋਟੇ ਮਸਲੇ ’ਤੇ ਵੀ ਮੌਕਾ ਨਹੀਂ ਖੁੰਝਾਇਆ, ਉਹ ਵੀ ਇਸ ਵੱਡੇ ਮਾਮਲੇ ਵਿਚ ਰਸਮੀ ਬਿਆਨ ਜਾਰੀ ਕਰਕੇ ਸਿਰਫ਼ ਆਪਣੀ ਸਹਿਮਤੀ ਪ੍ਰਗਟ ਕਰ ਰਹੇ ਹਨ।

ਬੀਐਸਐਫ ਦੀਆਂ ਤਾਕਤਾਂ ਵਧਣ ਨਾਲ ਅਸੀਂ ਹੋਰ ਮਜ਼ਬੂਤ ਹੋਵਾਂਗੇ-ਕੈਪਟਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਕੇਂਦਰ ਵਿੱਚਲੀ ਬੀਜੇਪੀ ਸਰਕਾਰ ਦੀ ਪਿੱਠ ਥਾਪੜੀ ਹੈ। ਇੱਕ ਪਾਸੇ ਬੀਐਸਐਫ ਨੂੰ ਵਾਧੂ ਤਾਕਤਾਂ ਦੇਣ ਦੇ ਫੈਸਲੇ ਖਿਲਾਫ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਡਟ ਗਈਆਂ ਹਨ ਪਰ ਕੈਪਟਨ ਨੇ ਕੇਂਦਰ ਦੇ ਫੈਸਲੇ ਦੀ ਡਟ ਕੇ ਹਮਾਇਤ ਕੀਤੀ ਹੈ। ਇਸ ਲਈ ਸੋਸ਼ਲ ਮੀਡੀਆ ਉਪਰ ਕੈਪਟਨ ਦੀ ਅਲੋਚਨਾ ਵੀ ਹੋ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕਰਦਿਆਂ ਕਿਹਾ, ‘‘ਬੀਐਸਐਫ ਦੀ ਮੌਜੂਦਗੀ ਦਾ ਘੇਰਾ ਮੋਕਲਾ ਹੋਣ ਤੇ ਤਾਕਤਾਂ ਵਧਣ ਨਾਲ ਅਸੀਂ ਹੋਰ ਮਜ਼ਬੂਤ ਹੋਵਾਂਗੇ। ਕੇਂਦਰੀ ਹਥਿਆਰਬੰਦ ਬਲਾਂ ਨੂੰ ਸਿਆਸਤ ਵਿੱਚ ਘੜੀਸਣ ਦੀ ਕੋਈ ਲੋੜ ਨਹੀਂ।’ ਕੈਪਟਨ ਸਰਹੱਦੀ ਸੁਰੱਖਿਆ ਦਾ ਮਾਮਲਾ ਲਗਾਤਾਰ ਕੇਂਦਰ ਸਰਕਾਰ ਕੋਲ ਉਠਾਉਂਦੇ ਆ ਰਹੇ ਹਨ। ਇਸ ਲਈ ਕੇਂਦਰ ਦੇ ਇਸ ਫੈਸਲੇ ਨੂੰ ਵੀ ਕੈਪਟਨ ਦੇ ਨਜ਼ਰੀਏ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

 

Comment here