ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ‘ਚ ਬਦਲੀ ਸਿੱਖਿਆ ਦੀ ਨੁਹਾਰ, ਪਰ ਅਧਿਆਪਕ ਹਨੇਰੇ ‘ਚ

ਅੰਮ੍ਰਿਤਸਰ-ਭਗਵੰਤ ਮਾਨ ਸਰਕਾਰ ਆਪਣੀਆਂ ਪ੍ਰਾਪਤੀਆਂ ਗਿਣਵਾਉਂਦੀ ਨਹੀਂ ਥੱਕ ਰਹੀ, ਅਜਿਹਾ ਹੀ ਪੰਜਾਬ ਦੇ ਪਹਿਲੇ ਸਕੂਲ ਆਫ਼ ਐਂਮੀਨੈਸ ਦਾ ਉਦਘਾਟਨ ਕਰਨ ਮਗਰੋਂ ਅੰਮ੍ਰਿਤਸਰ ਰੈਲੀ ਦੌਰਾਨ ਵੇਖਣ ਨੂੰ ਮਿਲਿਆ। ਮੁੱਖ ਮੰਤਰੀ ਵੱਲੋਂ ਬੁੱਧਵਾਰ ਨੂੰ ਵੀ ਲੰਬੀ ਲਿਸਟ ਦਾ ਜ਼ਿਕਰ ਕੀਤਾ ਗਿਆ, ਜਿਸ ਨੂੰ ਸੁਣ ਕੇ ਅਜਿਹਾ ਲੱਗਦਾ ਹੈ ਕਿ ਮਾਨ ਸਰਕਾਰ ਦੇ ਆਉਣ ਨਾਲ ਜਿਵੇਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਨੌਕਰੀ ਮਿਲ ਗਈ ਹੋਵੇ ਅਤੇ ਪੰਜਾਬ ‘ਚ ਕੋਈ ਵੀ ਬੇਰੁਜ਼ਗਾਰ ਨਹੀਂ ਹੈ। ਮੁੱਖ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ ਦੌਰਾਨ ਆਖਿਆ ਕਿ ਸਾਡਾ ਖਜ਼ਾਨਾ ਖਾਲੀ ਨਹੀਂ, ਕਿਉਂਕਿ ਸਾਡੀ ਨੀਅਤ ਸਾਫ਼ ਹੈ। ਇਸੇ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਆਖਿਆ ਕਿ ਉਨ੍ਹਾਂ ਵੱਲੋਂ ਪੰਜਾਬ ‘ਚ ਸਿੱਖਿਆ ਦੇ ਖੇਤਰ ‘ਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ, ਵਿਦਿਆਰਥੀਆਂ ਨੂੰ ਉਡਾਣ ਮਿਲ ਰਹੀ ਹੈ, ਜਲਦ ਹੀ ਸਿੱਖਿਆ ਦੇ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣੇਗਾ।
ਇਸ ਕੰਮ ਦੀ ਸਾਰੇ ਸ਼ਲਾਘਾ ਕਰ ਰਹੇ ਹਨ, ਪਰ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਬੱਚਿਆਂ ਦੇ ਉਜਵੱਲ ਭਵਿੱਖ ਦੀ, ਤਾਂ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਚਿੰਤਾ ਹੈ, ਪਰ ਜਿੰਨ੍ਹਾਂ ਨੇ ਇੰਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਬਣਾਉਣਾ ਹੈ। ਬੱਚਿਆਂ ਨੂੰ ਸਿੱਖਿਆ ਦੇਣੀ ਹੈ। ਉਨ੍ਹਾਂ ਬਾਰੇ ਕੀ ਵਿਚਾਰ ਹੈ। ਬੱਚਿਆਂ ਦਾ ਭਵਿੱਖ ਤਾਂ ਹੀ ਉਜਵੱਲ ਹੋਵੇਗਾ ਜੇਕਰ ਅਧਿਆਪਕਾਂ ਦੀ ਭਰਤੀ ਹੋਵੇਗੀ, ਅਧਿਆਕ ਖੁਸ਼ ਹੋਣਗੇ, ਸੰਤੁਸ਼ਟ ਹੋਣਗੇ। ਪੰਜਾਬ ਦੇ ਅਧਿਆਪਕ ਕਿੰਨ੍ਹੇ ਸੰਤੁਸ਼ਟ ਹਨ, ਕਿੰਨੇ ਅਧਿਆਪਕਾਂ ਦੀ ਭਰਤੀ ਹੋਈ ਇਸ ਦਾ ਸਬੂਤ ਅੱਜ ਰੈਲੀ ਦੌਰਾਨ ਵੇਖਣ ਨੂੰ ਮਿਲਿਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਅਧਿਆਪਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। 5,994 ਈਟੀਟੀ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਆਖਿਆ ਕਿ ਸਰਕਾਰ ਵੱਲੋਂ ਸਾਨੂੰ ਨਿਯਕੁਤੀ ਪੱਤਰ ਨਹੀਂ ਦਿੱਤੇ ਜਾ ਰਹੇ। ਇਸੇ ਕਾਰਨ ਉਨ੍ਹਾਂ ਨੂੰ ਅੱਜ ਰੈਲੀ ‘ਚ ਆ ਕੇ ਆਪਣੀਆਂ ਮੰਗਾਂ ਯਾਦ ਕਰਵਾਉਣੀਆਂ ਪਈਆਂ ਹਨ।
ਇਸ ਰੈਲੀ ਦੌਰਾਨ ਜਿਵੇਂ ਹੀ ਦਿੱਲੀ ਦੇ ਮੁੱਖ ਮੰਤਰੀ ਬੋਲਣ ਲੱਗੇ, ਤਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਪਿਛਲੇ 6 ਮਹੀਨੇ ਤੋਂ ਅਸੀਂ ਘਰ ਬੈਠੇ ਹਾਂ, ਪਰ ਸਰਕਾਰ ਸਾਡੀ ਭਰਤੀ ਨਹੀਂ ਕਰ ਰਹੀ। ਉਨ੍ਹਾਂ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਆਖਿਆ ਕਿ 5994 ਅਧਿਆਪਕ ਯੂਨੀਅਨ ਨਾਲ ਸਰਕਾਰ ਧੱਕਾ ਰਹੀ ਹੈ। ਪਿਛਲੇ 6 ਮਹੀਨੇ ਤੋਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਕੋਲ ਜਾ ਰਹੇ ਹਾਂ, ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ।ਪ੍ਰਦਰਸ਼ਨਕਾਰੀਆਂ ਨੂੰ ਰੈਲੀ ‘ਚੋ ਕੱਢਿਆ ਬਾਹਰ: ਇਸ ਰੈਲੀ ਦੌਰਾਨ ਉਦੋਂ ਥੋੜਾ ਮਾਹੌਲ ਤਨਾਣ ਪੂਰਨ ਹੋ ਗਿਆ ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਇੰਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਧੱਕੇ ਨਾਲ ਫੜ ਕੇ ਰੈਲੀ ਵਾਲੇ ਪੰਡਾਲ ‘ਚੋਂ ਬਾਹਰ ਕੱਢਿਆ ਗਿਆ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਬਲਕਿ ਮੀਡੀਆ ਸਾਹਮਣੇ ਵੀ ਬੋਲਣ ਤੋਂ ਰੋਕਿਆ ਗਿਆ। ਜਦਕਿ ਪ੍ਰਦਰਸ਼ਕਾਰੀ ਅਧਿਆਪਕਾਂ ਵੱਲੋਂ ਆਖਿਆ ਗਿਆ ਕਿ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਮੁੱਖ ਮੰਤਰੀ ਨੂੰ ਯਾਦ ਕਰਵਾਉਣ ਆਏ ਹਾਂ ਕਿ ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ।
ਸਰਕਾਰ ਨੂੰ ਕੀਤੇ ਨਾ ਕੀਤੇ ਅਧਿਆਪਕਾਂ ਦੇ ਰੋਹ ਤੋਂ ਡਰ ਜ਼ਰੂਰ ਸਤਾ ਰਿਹਾ ਹੈ। ਇਸੇ ਕਾਰਨ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੈਲੀ ਚੋਂ ਕੋਈ ਵੀ ਵਿਗਨ ਨਾ ਪਵੇ ਤਾਂ ਆਪਣੀ ਮੂੰਹ ਬੋਲੀ ਭੈਣ ਸਿਪੀ ਸ਼ਰਮਾ ਅਤੇ ਕਈ ਹੋਰ ਆਗੂਆਂ ਨੂੰ ਘਰਾਂ ‘ਚ ਨਜ਼ਰ ਬੰਦ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਵੀ ਅਧਿਆਪਕਾਂ ਵੱਲੋਂ ਆਪਣਾ ਰੋਸ ਜ਼ਰੂਰ ਜਾਹਿਰ ਕੀਤਾ। ਇਸ ਤੋਂ ਪਹਿਲਾਂ 5 ਸੰਤਬਰ ਨੂੰ ਵੀ ਅਧਿਆਪਕ ਦਿਹਾੜੇ ‘ਤੇ ਕੱਚੇ ਆਧਿਆਪਕਾਂ ਵੱਲੋਂ ਸਰਕਾਰ ਖਿਲਾਫ਼ ਹੱਲਾ-ਬੋਲਿਆ ਸੀ । ਅਧਿਆਪਕਾਂ ਵੱਲੋਂ ਸਰਕਾਰ ‘ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ। ਉਨ੍ਹਾਂ ਨੂੰ ਪੱਕੇ ਕਰਨ ਦੀ ਥਾਂ ਸਿਰਫ਼ ਤਨਖਾਹਾਂ ‘ਚ ਵਾਧਾ ਕਰਕੇ ਹੀ ਸਾਰ ਦਿੱਤਾ ਹੈ। ਇੱਕ ਪਾਸੇ ਤਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣ ਦੇ ਸੁਪਨੇ ਦੇਖ ਰਹੇ ਹਨ ਪਰ ਦੂਜੇ ਪਾਸੇ ਸਿੱਖਿਆ ਦੇਣ ਵਾਲੇ ਅਧਿਆਪਕਾਂ ‘ਤੇ ਹੀ ਤਸ਼ੱਦਦ ਕੀਤਾ ਜਾ ਰਿਹਾ ਹੈ। ਹੁਣ ਸਵਾਲ ਇਹ ਖੜ੍ਹੇ ਹੋ ਰਹੇ ਹਨ ਕਿ ਕੀ ਇਸ ਤਰੀਕੇ ਨਾਲ ਪੰਜਾਬ ਸਿੱਖਿਆ ਦੇ ਖੇਤਰ ‘ਚ ਮੋਹਰੀ ਬਣੇਗਾ ਜਾਂ ਫਿਰ ਧਰਨੇ ਦੇਣ ਦੇ ਮਾਮਲੇ ‘ਚ ਨੰਬਰ ਇੱਕ ‘ਤੇ ਆਵੇਗਾ , ਕਿੳਂੁਕਿ ਜੇਕਰ ਅਧਿਆਪਕ ਹੀ ਸਤੁੰਸ਼ਟ ਅਤੇ ਖੁਸ਼ ਨਹੀਂ ਹੋਣਗੇ ਤਾਂ ਉਹ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਨਹੀਂ ਦੇ ਸਕਦੇ।ਹੁਣ ਅਧਿਆਪਕ ਕਦੋਂ ਸਤੁੰਸ਼ਟ ਹੋਣਗੇ ਆ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Comment here