ਭ੍ਰਿਸ਼ਟਾਚਾਰ, ਡਰੱਗ, ਰਾਜਨੀਤਕ ਮਾਫ਼ੀਆ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਵਚਨਬੱਧ
ਜਲੰਧਰ-ਬੀਤੇ ਦਿਨੀਂ ਜਥੇਬੰਦੀਆਂ ਯੂਨਾਈਟਿਡ ਅਕਾਲੀ ਦਲ, ਬਹੁਜਨ ਮੁਕਤੀ ਪਾਰਟੀ, ਵਪਾਰੀਆਂ ਅਤੇ ਉਦਯੋਗਪਤੀਆਂ ਦੀ ਪਾਰਟੀ ਭਾਰਤੀ ਆਰਥਿਕ ਪਾਰਟੀ, ਬਹੁਜਨ ਸਮਾਜ ਨੇ ਵਰਤਮਾਨ ਸਿਸਟਮ ਅਤੇ ਵੱਖ-ਵੱਖ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਰਾਜਸੀ ਲੁਟੇਰੇ ਗਰੋਹਾਂ ਤੋਂ ਪੰਜਾਬ ਨੂੰ ਮੁਕਤ ਕਰਾਉਣ ਲਈ ‘ਪੰਜਾਬ ਮੁਕਤੀ ਮੋਰਚਾ’ ਦੇ ਨਾਂਅ ਅਧੀਨ ਮੋਰਚੇ ਦਾ ਐਲਾਨ ਕੀਤਾ। ਐਲਾਨ ਕਰਨ ਵਾਲਿਆਂ ਵਿੱਚ ਗੁਰਦੀਪ ਸਿੰਘ ਬਠਿੰਡਾ, ਤਰੁਣ ਕੁਮਾਰ ਜੈਨ, ਰਜਿੰਦਰ ਸਿੰਘ ਰਾਣਾ ਅਤੇ ਰਛਪਾਲ ਸਿੰਘ ਰਾਜੂ ਸ਼ਾਮਲ ਸਨ। ਇਸ ਸਮੇਂ ਹਾਜ਼ਰ ਸੀਨੀਅਰ ਆਗੂਆਂ ਵਿਚ ਕੁਲਦੀਪ ਸਿੰਘ ਈਸਾਪੁਰ, ਸੇਠ ਦੌਲਤ ਰਾਮ, ਬਹਾਦਰ ਸਿੰਘ ਰਾਹੋਂ, ਸੁਖਬੀਰ ਸਿੰਘ ਸ਼ਾਲੀਮਾਰ, ਬਾਬਾ ਚਮਕੌਰ ਸਿੰਘ, ਜਸਵਿੰਦਰ ਸਿੰਘ ਘੋਲੀਆ ਹਾਜ਼ਰ ਸਨ।
ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਇਹ ਕੇਵਲ ਚੋਣ ਗੱਠਜੋੜ ਨਹੀਂ, ਸਗੋਂ ਭ੍ਰਿਸ਼ਟਾਚਾਰ, ਡਰੱਗ, ਰਾਜਨੀਤਕ ਮਾਫ਼ੀਆ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਹਰ ਪੱਧਰ ’ਤੇ ਬਰਾਬਰੀ, ਇਨਸਾਫ਼, ਕਾਨੂੰਨ ਦੇ ਰਾਜ, ਜਵਾਬਦੇਹੀ, ਪਾਰਦਰਸ਼ੀ, ਜਮਹੂਰੀ ਅਤੇ ਸਰਕਾਰੀ ਸੰਸਥਾਵਾਂ ਦੀ ਖੁਦਮੁਖਤਿਆਰੀ ਬਹਾਲ ਕਰਨੀ, ਰਾਜਾਂ ਦੀ ਖੁਦਮੁਖਤਿਆਰ ਲਈ ਯਤਨ ਕਰਨੇ, ਹਊਮੇ ਅਤੇ ਦਿਖਾਵੇ ਵਾਲੇ ਰਾਜਸੀ ਸੱਭਿਆਚਾਰ ਦਾ ਖ਼ਾਤਮਾ, ਡਰੱਗ, ਭ੍ਰਿਸ਼ਟਾਚਾਰ ਰਹਿਤ ਪ੍ਰਬੰਧ ਦੀ ਸਿਰਜਣਾ, ਕਾਰਪੋਰੇਟ ਘਰਾਣਿਆਂ ਤੋਂ ਮੁਕਤ ਕਰਵਾ ਕੇ ਵਪਾਰ ਅਤੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨਾ, ਅਮੀਰੀ-ਗਰੀਬੀ ਦਾ ਪਾੜਾ ਘਟਾਉਣ, ਗਰੀਬ ਬਜ਼ੁਰਗਾਂ, ਵਿਧਵਾਵਾਂ, ਅੰਗਹੀਣਾਂ ਲਈ ਘੱਟੋ-ਘੱਟ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਭ੍ਰਿਸ਼ਟਾਚਾਰੀਆਂ ’ਤੇ ਸਿੱਧੇ ਕੇਸ ਦਰਜ ਕਰ ਗ੍ਰਿਫ਼ਤਾਰ ਕਰਕੇ 15 ਦਿਨਾਂ ਵਿਚ ਚਲਾਨ ਪੇਸ਼ ਕਰਕੇ ਅਤੇ ਰੋਜ਼ਾਨਾ ਦੀ ਅਦਾਲਤੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਦਾ ਗਠਨ ਕਰਨਾ ਅਤੇ ਜਾਇਦਾਦਾਂ ਨੂੰ ਜ਼ਬਤ ਕਰਕੇ ਗਰੀਬਾਂ ਵਿਚ ਵੰਡਣਾ, ਸਿਹਤ ਅਤੇ ਵਿੱਦਿਆ ਦੇ ਖੇਤਰ ਵਿਚ ਬਰਾਬਰੀ ਦੇ ਮੌਕੇ ਦੇਣਾ ਅਤੇ 2 ਸਾਲਾਂ ਦੇ ਅੰਦਰ ਸਵੀਪਰ ਤੋਂ ਲੈ ਕੇ ਮੁੱਖ ਸਕੱਤਰ ਅਤੇ ਮੰਤਰੀ ਪੱਧਰ ਤੱਕ ਇਕੋ ਜਿਹੇ ਸਕੂਲਾਂ ਵਿਚ ਵਿੱਦਿਆ ਅਤੇ ਸਿਹਤ ਸਹੂਲਤਾਂ, ਭਾਈਚਾਰਕ ਸਾਂਝ ਅਤੇ ਸ਼ਾਂਤੀ ਵਾਲੇ ਸਮਾਜ ਦੀ ਸਿਰਜਣਾ, ਰੇਤ ਮੁਫ਼ਤ ਦੇਣਾ, ਬਿਜਲੀ ਮੁਫ਼ਤ ਵਰਗੇ ਰੇਟਾਂ ’ਤੇ ਦੇਣਾਂ, ਪੰਜਾਬ ਦੇ ਬਜਟ ਵਿਚ ਹਰ ਚੋਰ ਮੋਰੀ ਬੰਦ ਕਰਕੇ 3 ਗੁਣਾਂ ਵਾਧਾ ਕਰਨਾ, ਨਿੱਜੀਕਰਨ ਦੀਆਂ ਨੀਤੀਆਂ ਨੂੰ ਠੱਲ੍ਹ ਪਾ ਕੇ ਸਰਕਾਰੀਕਰਨ ਨੀਤੀਆਂ ਨੂੰ ਉਤਸ਼ਾਹਿਤ ਕਰਨਾ, ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਨਾ।
ਹਰ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਆਗੂ ਵਾਲਾ ਰੋਲ ਨਿਭਾਉਣਾ, ਪਾਕਿਸਤਾਨ ਸਮੇਤ ਮੱਧ ਪੂਰਬ ਏਸ਼ੀਆਂ ਨਾਲ ਖੁੱਲ੍ਹਾ ਵਪਾਰ ਲਈ ਯਤਨ ਕਰਨਾ। ਪਾਕਿਸਤਾਨ ਵਿਚ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਯਤਨਸ਼ੀਲ ਰਹਿਣਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ, ਵਾਤਾਵਰਨ ਅਤੇ ਪੰਜਾਬ ਦੇ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਰੱਖਿਆ ਕਰਨਾ, ਸ਼ਾਮਲ ਹੈ। ਇਸ ਲਈ ਲੋਕ ਲਹਿਰ ਸ਼ਾਂਤੀ ਅਤੇ ਜਮੂਹਰੀ ਢੰਗਾਂ ਨਾਲ, ਸਮੱਸਿਆਵਾਂ ਦੇ ਰਾਜਸੀ ਹੱਲ ਲਈ ਯਤਨਸ਼ੀਲ ਰਹਿਣਾ। ਵਿਧਾਨ ਸਭਾ ਚੋਣਾਂ ਵਿਚ ਪੂਰੀ ਸ਼ਕਤੀ ਨਾਲ ਹਿੱਸਾ ਲਿਆ ਜਾਵੇਗਾ। ਪੰਜਾਬ ਮੁਕਤੀ ਮੋਰਚਾ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਸੰਘਰਸ਼ ਜਾਰੀ ਰੱਖਣ ਅਤੇ ਚੋਣਾਂ ਵਿਚ ਹਿੱਸਾ ਲੈਣ ਦੀ ਵੀ ਅਪੀਲ ਕੀਤੀ ਅਤੇ ਉਨ੍ਹਾਂ ਦਾ ਸਹਿਯੋਗ ਲੈਣ ਅਤੇ ਦੇਣ ਦੀ ਵਚਨਬੱਧਤਾ ਪ੍ਰਗਟਾਈ।
Comment here