ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ’ਚ ਪਰਾਲੀ ਸਾੜਨ ਦਾ ਅੰਕੜਾ 16,000 ਤੋਂ ਪਾਰ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪਰਾਲੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਠ ਸੂਤਰੀ ਏਜੰਡਾ ‘ਤੇ ਕੰਮ ਕਰ ਰਹੀ ਹੈ ਪਰ ਜ਼ਮੀਨੀ ਪੱਧਰ ‘ਤੇ ਦੇਖਿਆ ਜਾਵੇ ਤਾਂ ਇਸ ਦਾ ਅਸਰ ਦਿਖ ਨਹੀਂ ਰਿਹਾ। ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਅੰਕੜਾ 16,000 ਨੂੰ ਪਾਰ ਕਰ ਗਿਆ ਹੈ। 31 ਅਕਤੂਬਰ ਨੂੰ ਸੂਬੇ ਭਰ ’ਚ 2131 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਕਾਰਨ ਇਸ ਵਾਰ ਝੋਨੇ ਦੀ ਵਾਢੀ ਤੋਂ ਬਾਅਦ ਅੱਗ ਲੱਗਣ ਦੀਆਂ ਘਟਨਾਵਾਂ ਦਾ ਕੁੱਲ ਅੰਕੜਾ 16004 ਹੋ ਗਿਆ। ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪਰਾਲੀ ਸਾੜਨ ਦੀ ਸੰਭਾਵਨਾ ਵਾਲੇ ਖੇਤਰਾਂ ’ਚ ਅਜਿਹੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ।
ਦੂਜੇ ਪਾਸੇ ਦਿੱਲੀ ’ਚ ਹਵਾ ਦਾ ਪੱਧਰ ਬਹੁਤ ਖ਼ਰਾਬ ਹਾਲਤ ’ਚ ਪਹੁੰਚ ਚੁੱਕਾ ਹੈ। ਸੋਮਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ 400 ਤੋਂ ਉੱਪਰ ਪਹੁੰਚ ਗਿਆ ਅਤੇ ਜ਼ਿਆਦਾਤਰ ਖੇਤਰਾਂ ’ਚ ਹਵਾ 400 ਤੋਂ ਉੱਪਰ ਗੰਭੀਰ ਸ਼੍ਰੇਣੀ ’ਚ ਰਹੀ। ਇਸ ਸੀਜ਼ਨ ’ਚ ਸੋਮਵਾਰ ਦਾ ਦਿਨ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਦਿਨਾਂ ’ਚੋਂ ਇਕ ਰਿਕਾਰਡ ਕੀਤਾ ਗਿਆ। ਵਿਗਿਆਨੀਆਂ ਨੇ ਦੱਸਿਆ ਕਿ ਅਗਲੇ 3 ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਸੋਮਵਾਰ ਨੂੰ ਪਿਛਲੇ 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 392 ਰਿਹਾ ਪਰ ਪੂਰੀ ਦਿੱਲੀ ਦਾ ਏ. ਕਿਊ. ਆਈ. ਸ਼ਾਮ ਨੂੰ 400 ਤੋਂ ਉਪਰ ਪਹੁੰਚ ਗਿਆ।
ਜੇਕਰ ਸਰਕਾਰ ਨੇ ਪਰਾਲੀ ਸਾੜਣ ਦੀਆਂ ਘਟਨਾਵਾਂ ‘ਚ ਹੋ ਰਹੇ ਵਾਧੇ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਹਫ਼ਤੇ ‘ਚ ਪੰਜਾਬ ‘ਚ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਇਸ ਸੀਜ਼ਨ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਪਰਾਲੀ ਸਾੜਣ ਦੀਆਂ ਸਭ ਤੋਂ ਵੱਧ 2131 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਮੁੱਖ ਮੰਤਰੀ ਦੇ ਹਲਕੇ ਸੰਗਰੂਰ ‘ਚ ਕਿਸਾਨਾਂ ਨੇ 330 ਥਾਵਾਂ ‘ਤੇ ਪਰਾਲੀ ਨੂੰ ਸਾੜ੍ਹਿਆ। ਸੂਬੇ ‘ਚ ਹੁਣ ਤੱਕ 16004 ਮਾਮਲੇ ਸਾਹਮਣੇ ਆ ਗਏ ਹਨ ਜਦਕਿ ਪਿਛਲੇ ਸਾਲ 13,124 ਕੇਸ ਸਨ।

Comment here