ਅਪਰਾਧਸਿਆਸਤ

ਪੰਜਾਬ ‘ਚ ਨਸ਼ਿਆਂ ਨਾਲ ਖਤਮ ਹੋ ਜਾਵੇਗੀ ਜਵਾਨੀ-ਸੁਪਰੀਮ ਕੋਰਟ

ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਜੀਤ ਕੁਮਾਰ ਸਿਨਹਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਨਾਜਾਇਜ਼ ਸ਼ਰਾਬ ਦੀਆਂ 13,000 ਤੋਂ ਵੱਧ ਭੱਠੀਆਂ ਨਸ਼ਟ ਕੀਤੀਆਂ ਜਾ ਚੁੱਕੀਆਂ ਹਨ। ਬੈਂਚ ਨੇ ਕਿਹਾ, ‘‘ਸਾਨੂੰ ਏ ਸਰਕਾਰ ਜਾਂ ਬੀ ਸਰਕਾਰ ਨਾਲ ਕੋਈ ਸਰੋਕਾਰ ਨਹੀਂ ਹੈ। ਜਿਥੋਂ ਤੱਕ ਪੰਜਾਬ ਦਾ ਸਵਾਲ ਹੈ, ਨਸ਼ਿਆਂ ਦੀ ਸਮੱਸਿਆ ਵਧ ਰਹੀ ਹੈ। ਨੌਜਵਾਨੀ ਖਤਮ ਹੋ ਜਾਵੇਗੀ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਜਿਹਾ ਹੋ ਰਿਹਾ ਹੈ। ਇਸ ਦਾ ਸ਼ਿਕਾਰ ਕੌਣ ਹੈ? ਗਰੀਬ ਲੋਕ। ਗ਼ੈਰਕਾਨੂੰਨੀ ਉਤਪਾਦਨ ਅਤੇ ਆਵਾਜਾਈ (ਸਪਲਾਈ) ਨੂੰ ਰੋਕਣਾ ਚਾਹੀਦਾ ਹੈ ਕਿਉਂਕਿ ਇਹ ਆਖਰਕਾਰ ਸਿਹਤ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ।’’
ਬੈਂਚ ਨੇ ਆਖਿਆ, ‘‘ਇਹ ਬਦਕਿਸਮਤੀ ਹੈ ਅਤੇ ‘‘ਪੰਜਾਬ ਇਕ ਸਰਹੱਦੀ ਸੂਬਾ’’ ਹੈ। ਜੇਕਰ ਕੋਈ ਵੀ ਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਉਹ ਸਰਹੱਦਾਂ ਤੋਂ ਸ਼ੁਰੂਆਤ ਕਰਨਗੇ। ਮੰਦਭਾਗਾ ਗੱਲ ਹੈ ਕਿ ਇਹ ਹੋ ਰਿਹਾ ਹੈ। ਆਪਣੀ ਸਰਕਾਰ ਨੂੰ ਗੰਭੀਰ ਹੋਣ ਲਈ ਆਖੋ। ਉਨ੍ਹਾਂ ਨੂੰ ਦੇਸ਼ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਨੌਜਵਾਨਾਂ ਨੂੰ ਬਰਬਾਦ ਕਰਨਾ ਬਹੁਤ ਸੌਖਾ ਹੈ।’’
ਬੈਂਚ ਨੇ ਇਹ ਟਿੱਪਣੀਆਂ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀਆਂ ਜਿਸ ਵਿੱਚ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਤਿਆਰ ਕਰਨ ਅਤੇ ਵੇਚਣ ਤੋਂ ਇਲਾਵਾ ਅੰਤਰਰਾਜੀ ਤਸਕਰੀ ਦਾ ਕਥਿਤ ਦੋਸ਼ ਲਾਇਆ ਗਿਆ ਹੈ। ਸਿਨਹਾ ਨੇ ਸਿਖਰਲੀ ਅਦਾਲਤ ਨੂੰ ਦੱਸਿਆ ਕਿ ਪਿਛਲੇ ਦੋ ਸਾਲਾਂ ’ਚ 36 ਹਜ਼ਾਰ ਤੋਂ ਵੱਧ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਬੈਂਚ ਨੇ ਜਵਾਬ ’ਚ ਕਿਹਾ, ‘‘ਤੁਸੀਂ (ਸਰਕਾਰ) ਸਿਰਫ਼ ਐੱਫਆਈਆਰਜ਼ ਹੀ ਦਰਜ ਕਰ ਰਹੇ ਹੋ ਪਰ ਤੁਹਾਡੇ ਮੁਤਾਬਕ ਹਰ ਗਲੀ ਅਤੇ ਮੁਹੱਲੇ ਵਿੱਚ ਇੱਕ (ਸ਼ਰਾਬ ਦੀ) ਭੱਠੀ ਹੈ।’’

Comment here