ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਚ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਜਾਰੀ, ਸਰਕਾਰ ਗੰਭੀਰ ਨਹੀਂ

ਵਿਸ਼ੇਸ਼ ਰਿਪੋਰਟ-ਰੋਹਿਨੀ

ਪੰਜਾਬ ਵਿੱਚ ਕਈ ਸਾਲਾਂ ਤੋਂ ਨਸ਼ੇ ਨਾਲ ਨੌਜਵਾਨੀ ਦਾ ਘਾਣ ਹੋ ਰਿਹਾ ਹੈ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਹੱਲ ਕਰਨ ਲਈ ਕਈ ਦਮਗਜ਼ੇ ਮਾਰੇ ਪਰ ਮਸਲੇ ਦਾ ਹੱਲ ਨਹੀਂ ਹੋਇਆ। ਅੱਜ ਵੀ ਹਰ ਦਿਨ ਨਸ਼ੇ ਦੀ ਓਵਰਡੋਜ਼ ਕਿਤੇ ਨਾ ਕਿਤੇ ਕਿਸੇ ਨੌਜਵਾਨ ਨੂੰ ਨਿਗਲ ਰਹੀ ਹੈ। ਬੀਤੇ ਦਿਨ ਮਲੋਟ ਦੇ ਨਜ਼ਦੀਕ ਪਿੰਡ ਝੋਰਡ ਚ 26 ਸਾਲਾ ਗਗਨਦੀਪ ਸਿੰਘ ਦੀ ਨਸ਼ੇ  ਦੀ ਓਵਰਡੋਜ ਨਾਲ ਮੌਤ ਹੋ ਗਈ। ਉਹ ਦੋ ਨੰਨੀਆਂ ਧੀਆਂ ਦਾ ਪਿਓ ਤੇ ਘਰ ਦਾ ਇਕਲੌਤਾ ਕਮਾਊ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਚ ਤਿੰਨ ਮਹੀਨੇ ਵਿਚ 4 ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ।
ਇਸ ਪਿੰਡ ਦੇ ਨਾਲ ਨਾਲ ਆਸ-ਪਾਸ ਦੇ ਪਿੰਡਾਂ ਵਿਚ ਨਸ਼ਾ ਧੜਾ-ਧੜ ਵਿਕ ਰਿਹਾ ਹੈ। ਪੁਲਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਹਨ।

ਸਤਾਰਾਂ ਸਾਲਾ ਮੁੰਡਾ ਤੜਪ ਤੜਪ ਕੇ ਮਰਿਆ

ਤਰਨ ਤਾਰਨ ਜਿਲੇ ਦੇ ਫਤਿਹਾਬਾਦ ਕਸਬੇ ਚ ਬੀਤੇ ਦਿਨ ਸਤਾਰਾਂ ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਲੈਣ ਮਗਰੋਂ ਸੜਕ ਤੇ ਤੜਪਦੇ ਦੀ ਵੀਡੀਓ ਵੀ ਵਾਇਰਲ ਹੋਈ ਹੈ। ਉਸ ਦੇ ਪਰਿਵਾਰ ਨੇ ਦਸਿਆ ਕਿ ਉਹ ਡੂਢ ਦੋ ਸਾਲ ਤੋਂ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਸੀ, ਉਸ ਦਾ ਮਜ਼ਦੂਰ ਪਰਿਵਾਰ ਨੇ ਕਈ ਵਾਰ ਇਲਾਜ ਵੀ ਕਰਵਾਇਆ ਪਰ ਉਹ ਨਸ਼ੇ ਦੀ ਦਲਦਲ ਚੋਂ ਨਿਕਲ ਨਹੀੰ ਸਕਿਆ, ਕਿਉੰਕਿ ਉਹਨਾਂ ਦੇ ਇਲਾਕੇ ਚ ਧੜਲੇ ਨਾਲ ਨਸ਼ਾ ਵਿਕਦਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰਾਂ ਗੱਲਾਂ ਤਾੰ ਵੱਡੀਆਂ-ਵੱਡੀਆਂ ਕਰਦੀਆਂ ਹਨ ਪਰ ਹਕੀਕਤ ਚ ਨੌਜਵਾਨਾਂ ਨੂੰ ਇਸ ਦਲਦਲ ਵਿੱਚ ਕੱਢਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ

ਬਠਿੰਡੇ ਚ ਸਭ ਤੋੰ ਵਧ ਮੌਤਾਂ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਮੀਡੀਆਈ ਰਪੋਰਟਾਂ ਮੁਤਾਬਕ ਤਿੰਨ ਮਹੀਨਿਆਂ ਵਿੱਚ ਸੂਬੇ ਵਿੱਚ ਨਸ਼ਿਆਂ ਕਾਰਨ 100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ‘ਚੋਂ 90 ਫੀਸਦੀ ਨੌਜਵਾਨ ਸਨ। ਤਿੰਨ ਮਹੀਨਿਆਂ ਚ ਬਠਿੰਡਾ-ਚ ਸਭ ਤੋਂ ਵਧ 16 ਮੌਤਾਂ ਹੋਈਆਂ, ਬਰਨਾਲਾ ਤੇ ਮੋਗਾ ਚ 11-11, ਫ਼ਿਰੋਜ਼ਪੁਰ-10, ਖੰਨਾ ਤੇ ਤਰਨਤਾਰਨ-8, 8, ਸ੍ਰੀ ਮੁਕਤਸਰ ਸਾਹਿਬ-ਤੇ ਲੁਧਿਆਣਾ-7, 7, ਗੁਰਦਾਸਪੁਰ-4, ਅੰਮ੍ਰਿਤਸਰ-ਪਟਿਆਲਾ-ਤੇ, ਸੰਗਰੂਰ-ਚ 3-3, ਫਰੀਦਕੋਟ- ਜਲੰਧਰ- ਕਪੂਰਥਲਾ-ਚ 2-2, ਨਵਾਂਸ਼ਹਿਰ-ਤੇ , ਫਾਜ਼ਿਲਕਾ-1-1 ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਚੁੱਕੀ ਹੈ, ਇਹ ਉਹ ਮਾਮਲੇ ਹਨ ਜੋ ਮੀਡੀਆ ਚ ਆਏ ਹਨ। ਇਕ ਹੋਰ ਮੀਡੀਆਈ ਰਿਪੋਰਟ ਦੱਸਦੀ ਹੈ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸੂਬੇ ਚ ਚਿੱਟਾ ਮਹਿੰਗਾ ਹੋ ਗਿਆ ਹੈ, 2500 ਰੁਪਏ ’ਚ ਵਿਕਣ ਵਾਲੇ ਚਿੱਟੇ ਦੀ ਇਕ ਪੁੜੀ ਦੀ ਕੀਮਤ 4000 ਰੁਪਏ ਦੇ ਕਰੀਬ ਹੋ ਗਈ ਹੈ। ਇਕ ਹੋਰ ਰਿਪੋਰਟ ਦੱਸਦੀ ਹੈ ਕਿ ਪਿਛਲੇ 2 ਦਹਾਕਿਆਂ ਵਿਚ ਪੰਜਾਬ ਚ ਨਸ਼ੇੜੀਆਂ ਦੀ ਗਿਣਤੀ ਵਿਚ 213 ਫ਼ੀਸਦੀ ਦਾ ਵਾਧਾ ਹੋਇਆ ਹੈ। ਨਸ਼ਾ ਕਰਨ ਵਾਲਿਆਂ ਵਿਚ 41 ਫ਼ੀਸਦੀ ਚਿੱਟੇ ਦੇ ਆਦੀ ਹਨ। ਉਨ੍ਹਾਂ ਦਾ ਪ੍ਰਤੀ ਨਸ਼ੇੜੀ ਔਸਤ ਖ਼ਰਚਾ1300 ਰੁਪਏ ਰੋਜ਼ਾਨਾ ਹੈ। ਇਸ ਤੋਂ ਇਲਾਵਾ ਪੰਜਾਬੀ ਰੋਜਾਨਾ ਔਸਤਨ 8 ਕਰੋੜ ਦੀ ਸ਼ਰਾਬ ਪੀ ਜਾਂਦੇ ਹਨ, ਰੋਜ਼ਨਾ ਸੂਬੇ ਚ 13.70 ਕਰੋੜ ਰੁਪਏ ਸਿੰਥੈਟਿਕ ਡਰੱਗ ਅਤੇ ਹੋਰ ਨਸ਼ਿਆਂ ਦੇ ਲੇਖੇ ਲੱਗਦੇ ਹਨ। ਫਿਕਰ ਵਾਲੀ ਗੱਲ ਇਹ ਹੈ ਕਿ ਇਸ ਗੰਭੀਰ ਮੁਦੇ ਦੇ ਹੱਲ ਲਈ  ਹਾਲੇ ਤਕ ਤਬਦੀਲੀ ਦੇ ਦਮਗਜੇ ਮਾਰਨ ਵਾਲੀ ਮਾਨ ਸਰਕਾਰ ਨੇ ਕੋਈ ਕਦਮ ਨਹੀੰ ਪੁੱਟਿਆ।

Comment here