ਵਿਸ਼ੇਸ਼ ਰਿਪੋਰਟ-ਅਮਨ
ਅੱਜ ਤਾਂ ਘੀਲੇ ਦੀ ਨਰਾਜ਼ਗੀ ਵਧਦੀ ਈ ਜਾ ਰਹੀ ਐ.. ਸਵਾਲ ਕਰੀ ਜਾਂਦੈ, ਆਂਹਦਾ— ਨਸ਼ੇ ਨਾਲ ਮਰਨ ਆਲਿਆਂ ਦੇ ਜਿਹੜਾ ਖਫਣ ਪੈਂਦਾ, ਉਹ ਕਿਤੇ ਅਲੋਕਾਰਾ ਤਾਂ ਨੀਂ? ਜੀਹਦੇ ਚੋਂ ਹਾਕਮਾਂ ਨੂੰ ਕੋਈ ਕਮਿਸ਼ਨ ਕਮੁਸ਼ਨ ਮਿਲਦਾ ਹੋਵੇ, ਹੋ ਸਕਦੈ ਏਸੇ ਕਰਕੇ ਏਹਦੇ ਬਾਰੇ ਹਾਕਮ ਗੰਭੀਰ ਈ ਨਹੀਂ ਹੋ ਰਹੇ.. ਵੈਸੇ ਘੀਲੇ ਦਾ ਸਵਾਲ ਜਾਇਜ਼ ਹੈ, ਕਿਉਂਕਿ ਹਰ ਦਿਨ ਨਸ਼ੇ ਨਾਲ ਇਕ ਦੋ ਗਭਰੂਆਂ ਦੀ ਮੌਤ ਦੀ ਖਬਰ ਆਉੰਦੀ ਹੈ, ਜੋ ਮੀਡੀਆ ਦੀ ਅਖ ਤੋਂ ਬਚੇ ਰਹਿੰਦੇ ਨੇ, ਜਾਂ ਸਮਾਜਿਕ ਸ਼ਰਮ ਦੇ ਮਾਰੇ ਪਰਿਵਾਰ ਜੋ ਮਾਮਲੇ ਛੁਪਾ ਲੈਂਦੇ ਨੇ, ਉਹ ਵਖਰੇ ਮਾਮਲੇ ਨੇ…।
ਫਿਰੋਜ਼ਪੁਰ, ਦੇ ਪਿੰਡ ਸੋਢੀ ਨਗਰ ਚ ੩੬ ਸਾਲਾ ਹੀਰਾ ਸਿੰਘ ਦੀ ਚਿਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ, ਖੇਤਾਂ ‘ਚ ਜਾ ਕੇ ਉਸ ਨੇ ਨਸ਼ੇ ਦਾ ਟੀਕਾ ਲਾਇਆ, ਓਵਰਡੋਜ਼ ਨਾਲ ਥਾਏਂ ਉਸ ਦੀ ਮੌਤ ਹੋ ਗਈ, ਜਵਾਨ ਵਿਧਵਾ, ਦੋ ਨਿਕੇ ਨਿਆਣਿਆਂ ਦਾ ਭਵਿਖ ਹਨੇਰੇ ਚ ਪੈ ਗਿਆ ਹੈ। ਜਵਾਨ ਪੁਤ ਦੀ ਲੋਥ ਢੋਂਦਾ ਬਾਪ ਉਮਰੋਂ ਪਹਿਲਾਂ ਬੁਢਾ ਹੋ ਗਿਆ
ਮੋਗਾ, ਜ਼ਿਲ੍ਹੇ ਚ ਇਕ ਮਹੀਨੇ ਦੇ ਅੰਦਰ 10 ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਜਾਨ ਗਵਾ ਗਏ। ਅਜ ਫੇਰ ਜ਼ਿਲੇ ਦੇ ਪਿੰਡ ਰੇੜਵਾਂ ਚ ਰਣਜੋਧ ਸਿੰਘ (27) ਦੀ ਲਾਸ਼ ਬਰਾਮਦ ਹੋਈ, ਮਿਰਤਕ ਜਲੰਧਰ ਜ਼ਲੇ ਦੇ ਪਿੰਡ ਤਲਵੰਡੀ ਬੂਟੀਆਂ ਦਾ ਵਾਸੀ ਦਸਿਆ ਜਾ ਰਿਹਾ ਹੈ, ਜੋ ਨਸ਼ੇ ਦਾ ਆਦੀ ਸੀ ਤੇ ਨਸ਼ਾ ਲੈਣ ਲਈ ਦੂਰ ਦੁਰਾਡੇ ਵੀ ਚਲਾ ਜਾਂਦਾ ਸੀ, ਇਥੇ ਵੀ ਉਸ ਨੇ ਨਸ਼ੇ ਦਾ ਟੀਕਾ ਲਾਇਆ ਤੇ ਓਵਰਡੋਜ਼ ਨਲਾ ਉਸ ਦੀ ਜਾਨ ਚਲੀ ਗਈ। ਪਰਿਵਾਰ ਨੇ ਉਸ ਦੇ ਕੁਝ ਸਾਥੀਆਂ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿਤੀ ਹੈ, ਜੋ ਨਸ਼ਾ ਕਰਦੇ ਵੀ ਨੇ , ਸਪਲਾਇਰ ਵੀ ਨੇ, ਪੁਲਸ ਦਾ ਕਹਿਣਾ ਹੈ ਜਾਂਚ ਕਰ ਰਹੇ ਹਾਂ।
ਤਲਵੰਡੀ ਸਾਬੋ ਚ ਪਿਛਲੇ ਦਿਨੀਂ ਚਿੱਟੇ ਦੀ ਓਵਰਡੋਜ਼ ਨਾਲ ਕੌਮੀ ਪੱਧਰ ਦੇ ਮੁੱਕੇਬਾਜ਼ ਕੁਲਦੀਪ ਸਿੰਘ ਦੀ ਮੌਤ ਹੋ ਗਈ ਸੀ, ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਨੂੰ ਕਥਿਤ ਤੌਰ ਤੇ ਓਵਰਡੋਜ਼ ਦੇ ਕੇ ਕਤਲ ਕੀਤਾ ਗਿਆ, ਪੁਲਸ ਕੋਈ ਕਾਵਾਈ ਨਹੀ ਕਰ ਰਹੀ, ਰੋਸ ਵਜੋਂ ਸਥਾਨਕ ਖਿਲਾਡੀਆਂ ਤੇ ਮਿਰਤਕ ਦੇ ਪਰਿਵਾਰ ਨੇ ਪੁਲਸ ਦੇ ਖਿਲਾਫ ਰੋਸ ਧਰਨਾ ਮਾਰਿਆ।
ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭਾਈ ਲੱਧੂ ਦਾ ਗੁਰਸਾਹਿਬ ਸਿੰਘ ਚਿੱਟੇ ਦਾ ਟੀਕਾ ਲਾਉਣ ਤੇ ਓਵਰਡੋਜ਼ ਨਾਲ ਮੌਤ ਦੇ ਮੂੰਹ ਜਾ ਪਿਆ। ਪਰਿਵਾਰ ਨੇ ਕਿਹਾ ਕਿ ਗੁਰਸਾਹਿਬ ਸਿੰਘ ਘਰ ਤੋਂ ਸਵੇਰੇ ਕਿਸੇ ਕੰਮ ਲਈ ਗਿਆ ਸੀ, ਪਰ ਉਹ ਕੰਮ ’ਤੇ ਜਾਣ ਦੀ ਬਜਾਏ ਪਿੰਡ ਦੇ ਹੀ ਇਕ ਨਸ਼ਾ ਵੇਚਣ ਵਾਲੇ ਦੇ ਘਰ ਚਲਾ ਗਿਆ, ਉਸੇ ਦੇ ਘਰ ਹੀ ਉਸ ਨੇ ਨਸ਼ੇ ਦਾ ਟੀਕਾ ਲਾਇਆ ਤੇ ਉਸ ਦੀ ਮੌਤ ਵੀ ਓਥੇ ਹੀ ਹੋਈ। ਉਹੀ ਪਰਿਵਾਰ ਗੁਰਸਾਹਿਬ ਸਿੰਘ ਦੀ ਲਾਸ਼ ਉਸ ਦੇ ਘਰ ਛੱਡ ਕੇ ਗਿਆ। ਪੀੜਤ ਪਰਿਵਾਰ ਅਤੇ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ’ਚ ਨਸ਼ਾ ਵਿਕਣਾ ਬੰਦ ਕਰਵਾਇਆ ਜਾਵੇ ਤਾਂ ਜੋ ਗੁਰਸਾਹਿਬ ਸਿੰਘ ਵਾਂਗ ਕੋਈ ਹੋਰ ਨਸ਼ੇ ਦੀ ਭੇਟ ਨਾ ਚੜ੍ਹ ਸਕੇ।
ਬਟਾਲਾ ਕੋਲ ਪੈਂਦੇ ਕਸਬਾ ਧਿਆਨਪੁਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 22 ਸਾਲਾ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ। ਦਿਲਪ੍ਰੀਤ ਸਿੰਘ ਪਿੰਡ ਦੇ ਨਜ਼ਦੀਕ ਕਿਸੇ ਦੀ ਮੋਟਰ ਤੇ ਗਿਆ, ਓਥੇ ਚਿੱਟੇ ਦਾ ਟੀਕਾ ਲਾਇਆ, ਬੇਹੋਸ਼ ਪਏ ਨੂੰ ਕਿਸੇ ਨੇ ਦੇਖਿਆ, ਤਾਂ ਪਰਿਵਾਰ ਨੂੰ ਦੱਸਿਆ ਗਿਆ, ਜਦ ਪਰਿਵਾਰ ਮੁੰਡੇ ਨੂੰ ਹਸਪਤਾਲ ਲੈ ਕੇ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਜਵਾਨ ਪੁੱਤ ਦੀ ਲਾਸ਼ ਮੌਰਾਂ ਤੇ ਢੋਣ ਵਾਲੇ ਮਾਪੇ ਸਰਕਾਰ ਤੇ ਪੁਲਸ ਉੱਤੇ ਨਸ਼ੇ ਦੇ ਮਾਮਲੇ ਚ ਕੁਝ ਵੀ ਨਾ ਕਰਨ ਦੇ ਦੋਸ਼ ਲਾਉਂਦੇ ਨੇ।
ਅੰਮ੍ਰਿਤਸਰ ਦੀ ਚਵਿੰਡਾ ਦੇਵੀ ਚੌਕੀ ਦੇ ਮੁਲਾਜ਼ਮਾਂ ਨੇ ਆਕਾਸ਼ਦੀਪ ਸਿੰਘ ਨਾਮ ਦੇ ਇਕ ਨੌਜਵਾਨ ਨੂੰ 9 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ,ਅਜੇ ਉਸ ਨੂੰ ਪੁਲੀਸ ਲੈ ਕੇ ਚੌਕੀ ਹੀ ਪੁੱਜੀ ਸੀ ਕਿ ਬਾਹਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਥਿਤ ਤੌਰ ਤੇ ਚੌਕੀ ਤੇ ਹਮਲਾ ਕਰ ਦਿੱਤਾ ਅਤੇ ਆਕਾਸ਼ਦੀਪ ਨੂੰ ਹੱਥਕੜੀ ਸਮੇਤ ਛੁਡਵਾ ਕੇ ਫ਼ਰਾਰ ਹੋ ਗਏ। ਲੋਕਾਂ ਨੇ ਕਿਹਾ ਹੈ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਹੈ,ਸਮਗਲਰ ਨਹੀਂ, ਪਰ ਇਸ ਮਾਮਲੇ ਚ ਪੁਲਸ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ ਨਸ਼ਾ ਸਮਗਰਲ ਹੀ ਹੈ, ਤੇ ਉਸ ਨੂ ਛੁਡਵਾਉਣ ਵਾਲੇ 50-60 ਦੇ ਕਰੀਬ ਅਣਪਛਾਤੇ ਲੋਕਾਂ ਖਿਲਾਫ ਪੁਲਸ ਕਾਰਵਾਈ ਕਰ ਰਹੀ ਹੈ ਤੇ ਮੁਲਜ਼ਮ ਦੇ ਚੌਦਾਂ ਰਿਸ਼ਤੇਦਾਰਾਂ ਅਤੇ ਕਰੀਬੀ ਮਿੱਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ,ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਪੁਲਸ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਪੁਲੀਸ ਦੇ ਵੱਖ -ਵੱਖ ਥਾਣਿਆਂ ‘ਚ ਮੁਕੱਦਮੇ ਦਰਜ ਹਨ। ਮੁਲ਼ਜ਼ਮ ਹਾਲੇ ਫਰਾਰ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ।
Comment here