ਸਿਆਸਤਖਬਰਾਂ

ਪੰਜਾਬ ਚ ਟਿਕਟਾਂ ਦੀ ਵੰਡ ਦਾ ਅਧਿਕਾਰ ਕਾਂਗਰਸ ਹਾਈ ਕਮਾਨ ਨੂੰ ਸੌਂਪਿਆ

ਚੰਡੀਗੜ੍ਹ-ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਚੋਣ ਕਮੇਟੀ ਨੇ ਸਾਲਾਂ ਪੁਰਾਣੀ ਰਵਾਇਤ ਨੂੰ ਹੀ ਜਾਰੀ ਰੱਖਿਆ। ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦੀ ਵੰਡ ਦਾ ਅਧਿਕਾਰ ਪਾਰਟੀ ਹਾਈ ਕਮਾਨ ਨੂੰ ਹੀ ਸੌਂਪਿਆ ਗਿਆ। ਬਕਾਇਦਾ ਇਸਦੇ ਲਈ ਚੋਣ ਕਮੇਟੀ ਦੀ ਬੈਠਕ ’ਚ ਪ੍ਰਸਤਾਵ ਤਾਂ ਪਾਸ ਕੀਤਾ ਗਿਆ ਪਰ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਕੁਝ ਨਵੀਂ ਭਾਵਨਾਵਾਂ ਵੀ ਉੱਭਰ ਕੇ ਸਾਹਮਣੇ ਆਈਆਂ। ਬੈਠਕ ’ਚ ਪਾਰਟੀ ਦੇ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਕਿਹਾ ਕਿ ਜਰਨੈਲ ਨੂੰ ਜਰਨੈਲ ਦੇ ਸਾਹਮਣੇ ਹੀ ਲੜਨਾ ਚਾਹੀਦਾ ਹੈ। ਨਾਗਰਾ ਦੇ ਇਸ ਕਥਨ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, ‘ਲਗਦਾ ਹੈ ਤੁਸੀਂ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜਨਾ ਚਾਹੁੰਦੇ ਹੋ।’ ਉੱਥੇ, ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗ ਲਏ ਹਨ।
ਚੋਣ ਕਮੇਟੀ ਦੀ ਬੈਠਕ ’ਚ ਪਾਰਟੀ ਦੇ ਸੀਨੀਅਰ ਨੇਤਾ ਲਾਲ ਸਿੰਘ ਨੇ ਕਿਹਾ ਕਿ ਸਾਲਾਂ ਤੋਂ ਇਹੀ ਰਵਾਇਤ ਹੈ ਕਿ ਟਿਕਟਾਂ ਦੀ ਵੰਡ ਦਾ ਅਧਿਕਾਰ ਪਾਰਟੀ ਹਾਈ ਕਮਾਨ ਨੂੰ ਦਿੱਤਾ ਜਾਂਦਾ ਹੈ। ਆਖ਼ਰ ਇਸ ਵਾਰ ਮੁੜ ਇਹ ਅਧਿਕਾਰ ਪਾਰਟੀ ਹਾਈ ਕਮਾਨ ਨੂੰ ਹੀ ਦੇਣਾ ਚਾਹੀਦਾ ਹੈ। ਪਾਰਟੀ ਸੂਤਰਾਂ ਮੁਤਾਬਕ ਜਿਸ ’ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਇਹ ਕਹਿੰਦਿਆਂ ਮਾਹੌਲ ਗਰਮ ਕਰ ਦਿੱਤਾ ਕਿ ਇਹ ਰਵਾਇਤ ਅਪਣਾਈ ਜਾਣੀ ਚਾਹੀਦੀ ਹੈ ਪਰ ਮੇਰਾ ਮੰਨਣਾ ਹੈ ਕਿ ਜਰਨੈਲ ਨੂੰ ਜਰਨੈਲ ਦੇ ਸਾਹਮਣੇ ਹੀ ਚੋਣ ਲੜਨੀ ਚਾਹੀਦੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਜਰਨੈਲ ਨਵਜੋਤ ਸਿੰਘ ਸਿੱਧੂ ਨੂੰ ਕਹਿ ਰਹੇ ਸਨ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ। ਪਰ ਜਵਾਬ ਚੰਨੀ ਵੱਲੋਂ ਆਇਆ ਕਿ ਲਗਦਾ ਹੈ ਕਿ ਤੁਸੀਂ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜਨਾ ਚਾਹੁੰਦੇ ਹੋ। ਨਾਗਰਾ ਨੇ ਵੀ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜਿੱਥੋਂ ਚੋਣ ਲੜਵਾਉਣਾ ਚਾਹੇਗੀ ਉਹ ਤਿਆਰ ਹਨ।
ਲਗਪਗ 2.30 ਘੰਟੇ ਤਕ ਚੱਲੀ ਬੈਠਕ ਦੌਰਾਨ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਪਾਰਟੀ ਦਾ ਫ਼ੈਸਲਾ ਹਮੇਸ਼ਾ ਹੀ ਸਭ ਦੇ ਮੰਨਣਯੋਗ ਹੈ। ਜਦੋਂ ਮੁੱਖ ਮੰਤਰੀ ਦੇ ਨਾਂ ਦੀ ਚੋਣ ਹੋਈ ਤਾਂ ਵੋਟ ਕਿਸੇ ਵੀ ਨਾਂ ’ਤੇ ਪਏ ਹੋਣ ਪਰ ਪਾਰਟੀ ਨੇ ਤੁਹਾਨੂੰ (ਚਰਨਜੀਤ ਸਿੰਘ ਚੰਨੀ) ਨੂੰ ਮੁੱਖ ਮੰਤਰੀ ਬਣਾਇਆ ਜਿਸ ਨੂੰ ਸਭ ਨੇ ਮੰਨਿਆ। ਢਿੱਲੋਂ ਨੇ ਇਹ ਵੀ ਕਿਹਾ ਕਿ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਕਾਂਗਰਸ ਦੀ ਕਮਾਨ ਸੌਂਪੀ, ਜਿਸ ਨੂੰ ਵੀ ਸਭ ਨੇ ਮੰਨਿਆ। ਪਾਰਟੀ ਜੋ ਵੀ ਫ਼ੈਸਲਾ ਕਰੇਗੀ ਸਾਨੂੰ ਸਭ ਨੂੰ ਮਨਜ਼ੂਰ ਹੋਵੇਗਾ ਪਰ ਪਾਰਟੀ ਦੇ ਫਰੰਟਲ ਆਰਗੇਨਾਈਜ਼ੇਸ਼ਨ ਦਾ ਵੀ ਧਿਆਨ ਰੱਖਿਆ ਜਾਵੇ। ਯੂਥ ਕਾਂਗਰਸ ਦੇ ਪ੍ਰਧਾਨ ਨੇ ਇਸ਼ਾਰਿਆਂ ’ਚ ਹੀ ਅਗਾਊਂ ਜਥੇਬੰਦੀ ਨੂੰ ਟਿਕਟ ਵੰਡ ’ਚ ਤਵੱਜੋ ਦੇਣ ਦੀ ਗੱਲ ਕਹੀ। ਉੱਥੇ, ਬੈਠਕ ਦੌਰਾਨ ਇਹ ਵੀ ਕਿਹਾ ਗਿਆ ਕਿ ਲੋਕਾਂ ਨੇ ਮਾਫ਼ੀਆ ਰਾਜ ਨੂੰ ਖ਼ਤਮ ਕਰਨ ਲਈ ਕਾਂਗਰਸ ਨੂੰ ਵੋਟ ਦਿੱਤੀ ਸੀ। ਮਾਫ਼ੀਆ ਰਾਜ ’ਚ ਫਸੇ ਲੋਕਾਂ ਨੂੰ ਟਿਕਟ ਨਾ ਦਿੱਤੀ ਜਾਵੇ। ਬੈਠਕ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਟਿਕਟ ਵੰਡ ਦੇ ਸਾਰੇ ਅਧਿਕਾਰ ਪਾਰਟੀ ਹਾਈ ਕਮਾਨ ਨੂੰ ਸੌਂਪੇ ਜਾਂਦੇ ਹਨ। ਉੱਥੇ ਸੀਨੀਅਰ ਆਗੂ ਸੁਨੀਲ ਜਾਖਡਨੇ ਮਤਾ ਰੱਖਿਆ ਕਿ ਅੱਜ ਵਿਜੈ ਦਿਵਸ ਹੈ। ਅੱਜ ਦੇ ਦਿਨ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਸੀ। ਇਸਦੇ ਲਈ ਵੀ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ। ਇਹ ਮਤਾ ਬਾਅਦ ’ਚ ਪਾਸ ਕੀਤਾ ਗਿਆ। ਉੱਥੇ, ਕਾਂਗਰਸ ਨੇ ਚੋਣ ਲਡਦੇ ਇਛੁੱਕ ਉਮੀਦਵਾਰਾਂ ਤੋਂ ਬਿਨੈ ਮੰਗ ਲਏ ਹਨ।

Comment here