ਸਿਆਸਤਖਬਰਾਂ

ਪੰਜਾਬ ਚ ਜਾਂ ਤਾਂ ਮਾਫੀਆ ਰਹੂ, ਜਾਂ ਫੇਅਅਅ ਸਿੱਧੂ…

ਬਠਿੰਡਾ-ਚੋਣ ਸਰਗਰਮੀ ਵਿੱਚ ਸਾਰੇ ਹੀ ਨੇਤਾ ਦਹਾੜਦੇ ਸੁਣਦੇ ਹਨ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੜ ਤਿੱਖੇ ਤੇਵਰ ਦਿਖਾਉਂਦਿਆਂ ਐਲਾਨ ਕੀਤਾ ਹੈ ਕਿ ‘‘ਪੰਜਾਬ ’ਚ ਮਾਫ਼ੀਆ ਰਹੇਗਾ ਜਾਂ ਫ਼ਿਰ ਨਵਜੋਤ ਸਿੰਘ ਸਿੱਧੂ। ‘‘ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੇ ਹੱਕ ’ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਿੱਧੂ ਨੇ ਅਪਣੀ ਹੀ ਸਰਕਾਰ ਨੂੰ ਸਵਾਲਾਂ  ਵਿਚ ਖੜਾ ਕਰਦਿਆਂ ਮੁੜ ਸੂਬੇ ਵਿਚ ਰੇਤ ਦੀਆਂ ਕੀਮਤਾਂ ਘੱਟ ਨਾ ਹੋਣ ਦਾ ਦਾਅਵਾ ਕਰ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੀਤੇ ਹੋਏ ਐਲਾਨਾਂ ਨੂੰ ਲਾਗੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚੋਂ ਇਕੱਲਾ ਸ਼ਰਾਬ, ਰੇਤ ਅਤੇ ਕੇਬਲ ਮਾਫ਼ੀਆ ਹੀ ਖ਼ਤਮ ਹੋ ਜਾਵੇ ਤਾਂ ਪੰਜਾਬ ਦੇ ਖ਼ਜ਼ਾਨੇ ’ਚ 40 ਹਜ਼ਾਰ ਕਰੋੜ ਰੁਪਏ ਆਉਣਗੇ। ਸਿੱਧੂ ਨੇ ਕਿਹਾ ਕਿ ਉਹ ਉਥੇ ਹੀ ਰੈਲੀ ਕਰਨਗੇ ਜਿਥੇ ਇਮਾਨਦਾਰ ਲੋਕ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਪਣੀ ਸਰਕਾਰ ਨੂੰ ਨਸੀਹਤ ਦਿੰਦਿਆਂ ਮੰਤਰੀਆਂ ਤੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਤੇ ਚੇਅਰਮੈਨੀਆਂ ਦੇਣ ਦੀ ਬਜਾਏ ਕਾਂਗਰਸ ਲਈ ਲੜਾਈ ਲੜਨ ਵਾਲੇ ਵਰਕਰਾਂ ਨੂੰ ਅੱਗੇ ਕਰਨ ਲਈ ਕਿਹਾ। ਸਿੱਧੂ ਨੇ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਬਦਲੇ 17 ਹਜ਼ਾਰ ਨਹੀਂ, ਬਲਕਿ 25 ਹਜ਼ਾਰ ਰੁਪਏ ਦੇਣ ਲਈ ਕਿਹਾ। ਉਨ੍ਹਾਂ ਅਪਣਾ ਪੰਜਾਬ ਮਾਡਲ ਅੱਗੇ ਰਖਦਿਆਂ ਸੂਬੇ ਦੇ ਲੋਕਾਂ ਨੂੰ ਅਗਲੀ ਪੀੜੀ ਦੇ ਭਵਿੱਖ ਲਈ ਇਮਾਨਦਾਰੀ ਦੇ ਹੱਕ ਵਿਚ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ।  ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਲੋਕ ਉਸ ਦਾ ਵਿਸ਼ਵਾਸ ਕਰਨਗੇ ਤਾਂ ਉਹ ਸੂਬੇ ਦੀ 25 ਸਾਲਾਂ ਵਿਚ ਵਿਗੜੀ ਹੋਈ ਸਿਹਤ 5 ਸਾਲਾਂ ਵਿਚ ਠੀਕ ਕਰ ਦੇਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਜੇਕਰ ਮੁੜ ਝੂਠੇ ਵਾਅਦਿਆਂ ਤੇ ਸ਼ਗੂਫ਼ਿਆਂ ਨਾਲ ਕੋਈ ਸਰਕਾਰ ਬਣਾਉਣ ਦੀ ਸੋਚੇਗਾ ਤਾਂ ਸਿੱਧੂ ਉਸ ਦੇ ਨਾਲ ਖੜਾ ਨਹੀਂ ਹੋਵੇਗਾ। ਅਸਿੱਧੇ ਢੰਗ ਨਾਲ ਅਪਣੀ ਹੀ ਪਾਰਟੀ ਦੇ ਕੁੱਝ ਆਗੂਆਂ ’ਤੇ ਹਮਲੇ ਕਰਦਿਆਂ ਕਿਹਾ ਕਿ ਪਹਿਲਾਂ ਉਸਨੂੰ ਸ਼ੱਕ ਸੀ ਕਿ 75:25 ਵਾਲਾ ਮੈਚ ਚਲਦਾ ਹੈ ਪ੍ਰੰਤੂ ਹੁਣ ਪਤਾ ਲੱਗਿਆ ਹੈ ਕਿ ਇਥੇ ਤਾਂ 60:40 ਵਾਲੀ ਗੱਲ ਚਲ ਰਹੀ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਸੁਖਬੀਰ ਸਿੰਘ ਬਾਦਲ ’ਤੇ ਵੀ ਤਾਬੜਤੋੜ ਹਮਲੇ ਕਰਦਿਆਂ ਐਲਾਨ ਕੀਤਾ ਕਿ ਦੁਨੀਆਂ ਵਿਚ ਡਾਇਨਾਸੋਰ ਵਾਪਸ ਆ ਸਕਦਾ ਹੈ ਪ੍ਰੰਤੂ ਅਕਾਲੀ ਮੁੜ ਸੱਤਾ ਵਿਚ ਨਹੀਂ ਆ ਸਕਦੇ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੂੰ ਸੱਭ ਤੋਂ ਵੱਡਾ ਧੋਖੇਬਾਜ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਪਹਿਲਾਂ ਉਹ ਦਿੱਲੀ ਵਿਚ ਉਹ ਸਹੂਲਤਾਂ ਦੇਣ, ਜਿਨ੍ਹਾਂ ਦਾ ਐਲਾਨ ਪੰਜਾਬ ਵਿਚ ਕਰ ਰਹੇ ਹਨ।  ਉਨ੍ਹਾਂ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਹਲਕਾ ਇੰਚਾਰਜ ਹਰਵਿੰਦਰ ਲਾਡੀ ਦੀ ਵੀ ਪਿੱਠ ਥਾਪੜਦਿਆਂ ਕਿਹਾ ਕਿ ‘‘ਵੜਿੰਗ ਸਿਰਫ਼ ਢਾਈ ਮਹੀਨਿਆਂ ਲਈ ਨਹੀਂ, ਬਲਕਿ ਆਉਣ ਵਾਲੇ ਦਸ ਸਾਲ ਵੀ ਪੰਜਾਬ ਦਾ ਮੰਤਰੀ ਹੋਵੇਗਾ ਜਦਕਿ ਲਾਡੀ ਨੂੰ ਟਿਕਟ ਮਿਲੇਗੀ ਤੇ ਹਲਕੇ ਵਾਲੇ ਜਿਤਾਉਣ ਦੀਆਂ ਤਿਆਰੀਆਂ ਵਿੱਢ ਲੈਣ।’’ ਹਾਲਾਂਕਿ ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਨਹੀਂ ਲਿਆ ਪ੍ਰੰਤੂ ਲਾਡੀ ਦੇ ਹੱਕ ਵਿਚ ਡਟਣ ਦਾ ਐਲਾਨ ਕਰਦਿਆਂ ਲਾਡੀ ਦੀ ਹੀ ਹਲਕੇ ਵਿਚ ਚਲਣ ਦੀ ਗੱਲ ਕਹੀ। ਉਂਜ ਅੱਜ ਸਿੱਧੂ ਦੀ ਆਮਦ ਮੌਕੇ ਮਹੱਤਵਪੂਰਨ ਗੱਲ ਇਹ ਵੇਖਣ ਨੂੰ ਮਿਲੀ ਕਿ ਪੰਜਾਬ ਪ੍ਰਧਾਨ ਦੇ ਪਹਿਲੇ ਦੌਰੇ ਦੇ ਬਾਵਜੂਦ ਵਿਤ ਮੰਤਰੀ ਦੇ ਖੇਮੇ ਨਾਲ ਜੁੜੇ ਸ਼ਹਿਰ ਦੇ ਸਮੂਹ ਕਾਂਗਰਸੀਆਂ ਨੇ ਪਾਸਾ ਵੱਟੀ ਰੱਖਿਆ ਤੇ ਨਵਜੋਤ ਸਿੰਘ ਸਿੱਧੂ ਦੇ ਬਠਿੰਡਾ ’ਚ ਕਰੀਬ ਤਿੰਨ ਘੰਟੇ ਬਿਤਾਉਣ ਦੇ ਬਾਵਜੂਦ ਇਕ-ਦੋ ਨੂੰ ਛੱਡ ਕਿਸੇ ਨੇ ਮੂੰਹ ਨਹੀਂ ਵਿਖਾਇਆ। ਇਸ ਦੌਰਾਨ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਨਵਜੋਤ ਸਿੱਧੂ ਦੀਆਂ ਤਾਰੀਫ਼ਾਂ ਦੇ ਪੁਲ ਬੰਨਦਿਆਂ ਉਨ੍ਹਾਂ ਵਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਬਦਲੇ ਪਾਈਆਂ ਜੱਫ਼ੀਆਂ ਨੂੰ ਸਹੀ ਕਰਾਰ ਦਿੰਦਿਆਂ ਸਿੱਧੂ ਨੂੰ ਆਉਣ ਵਾਲਾ ਮੁੱਖ ਮੰਤਰੀ ਐਲਾਨਿਆ। ਵੜਿੰਗ ਨੇ ਲਾਡੀ ਦੇ ਹੱਕ ਵਿਚ ਖੜਦਿਆਂ ਅਪਣੇ ਸਿਆਸੀ ਵਿਰੋਧੀ ਮਨਪ੍ਰੀਤ ਸਿੰਘ ਬਾਦਲ ’ਤੇ ਗੁੱਝੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ‘‘ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਵਾਰ ਸੱਤਾ ਵਿਚ ਨਾ ਹੋਣ ਦੇ ਬਾਵਜੂਦ ਵੀ ਸੱਤਾ ਦਾ ਅਨੰਦ ਮਾਣ ਰਿਹਾ ਸੀ, ਜਿਸ ਨੂੰ ਉਸ ਨੇ ਹੁਣ ਜਾ ਕੇ ਰੋਕਿਆ ਹੈ। ’’ ਉਨ੍ਹਾਂ ਲਾਡੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਾਂਗਰਸ ਵਿਚ ਕੁੱਝ ਤਾਕਤਾਂ ਵਲੋਂ ਉਸ ਨੂੰ ਨੱਪਣ ਦਾ ਦੋਸ਼ ਲਗਾਇਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ75:25 ਨਾ ਹੁੰਦਾ ਤਾਂ ਉਹ ਲੋਕ ਸਭਾ ਦੀ ਚੋਣ ਨਹੀਂ ਸਨ ਹਰਦੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦਾ ਧੰਨਵਾਦ ਕਰਦਿਆਂ ਹਰਵਿੰਦਰ ਸਿੰਘ ਲਾਡੀ ਨੇ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਸ ਦਾ ਕੋਈ ਕੰਮ ਨਾ ਹੋਣ ਦੇਣ ਦਾ ਉਲਾਂਭਾ ਦਿਤਾ।

Comment here