ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਚ ਗੈਂਗਸਟਰਾਂ ਦੀ ਆਨਲਾਈ ਭਰਤੀ!

ਆਪਸ ਚ ਗੈਂਗਸਟਰ ਧਮਕੋ-ਧਮਕੀ

ਸੰਦੀਪ ਬਿਸ਼ਨੋਈ ਦੇ ਕਤਲ ਚ ਹਰਿਆਣਾ ਤੇ ਪੰਜਾਬ ਦੇ ਸ਼ਾਰਪ ਸ਼ੂਟਰਾਂ ਦਾ ਹੱਥ

ਲਾਰੈਂਸ ਦੇ ਐਨਕਾਊਂਟਰ ਦਾ ਖਦਸ਼ਾ

ਵਿਸ਼ੇਸ਼ ਰਿਪੋਰਟ-ਪਰਮਵੀਰ ਕੌਰ

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਿਸੇ ਵੀ ਤਰਾਂ ਦੇ ਅਪਰਾਧ ਨਾਲ ਪੁਲਸ ਸਖਤੀ ਨਾਲ ਸਿੱਝੇਗੀ, ਪਰ ਜੋ ਹਾਲਾਤ ਦਿਨ ਬ ਦਿਨ ਬਣ ਰਹੇ ਹਨ, ਉਸ ਤੋਂ ਲਗਦਾ ਹੈ ਕਿ ਤਬਦੀਲੀ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਵੀ ਗੱਲਾਂ ਦਾ ਕੜਾਹ ਹੀ ਕਰ ਰਹੀ ਹੈ। ਸਥਿਤੀ ਇਹ ਹੈ ਕਿ ਹੁਣ ਪੰਜਾਬ ਵਿੱਚ ਗੈਂਗਸਟਰਾਂ ਦੀ ਆਨ ਲਾਈਨ ਭਰਤੀ ਦੇ ਚਰਚੇ ਹੋ ਰਹੇ ਹਨ। ਗੈਂਗਸਟਰ ਵੀ ਭਰਤੀ ਲਈ ਵਟਸਐਪ ਨੰਬਰ ਜਾਰੀ ਕਰਨ ਲੱਗ ਪਏ ਹਨ ਅਤੇ ਨੌਜਵਾਨਾਂ ਨੂੰ ਆਨਲਾਈਨ ਭਰਤੀ ਲਈ ਕਹਿ ਰਹੇ ਹਨ। ਬੰਬੀਹਾ ਗੈਂਗ ਨੇ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਫੇਸਬੁੱਕ ‘ਤੇ ਪੋਸਟ ਲਿਖ ਕੇ ਵਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। ਇਹ ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਜਾਰੀ ਕੀਤਾ ਜਾਂਦਾ ਹੈ।

ਸੰਦੀਪ ਬਿਸ਼ਨੋਈ ਦੇ ਕਤਲ ਚ ਹਰਿਆਣਾ ਤੇ ਪੰਜਾਬ ਦੇ ਸ਼ਾਰਪ ਸ਼ੂਟਰਾਂ ਦਾ ਹੱਥ

ਰਾਜਸਥਾਨ ‘ਚ ਗੈਂਗਸਟਰ ਸੰਦੀਪ ਬਿਸ਼ਨੋਈ ਦੇ ਕਤਲ ਬਾਰੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲੇ ਹਰਿਆਣਾ ਤੇ ਪੰਜਾਬ ਦੇ ਸ਼ਾਰਪ ਸ਼ੂਟਰ ਸਨ। ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਅਦਾਲਤ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਕੇਸ ਦੀ ਜਾਂਚ ਐਸਆਈਟੀ ਨੂੰ ਸੌਂਪ ਦਿੱਤੀ ਗਈ ਹੈ। ਨਾਗੌਰਅਤੇ ਡਿਡਵਾਨਾ ਦੇ ਏਐਸਪੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਤਾ ਲੱਗਾ ਹੈ ਕਿ ਦਿੱਲੀ ਪੁਲਿਸ ਵੀ ਸੰਦੀਪ ਬਿਸ਼ਨੋਈ ਦੇ ਕਤਲਾਂ ਬਾਰੇ ਵੇਰਵੇ ਲਈ ਨਾਗੌਰ ਪੁਲਿਸ ਨਾਲ ਵਾਰ-ਵਾਰ ਸੰਪਰਕ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉੱਥੇ ਵੀ ਕਿਸੇ ਵਾਰਦਾਤ ‘ਚ ਇਨ੍ਹਾਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਸਾਫ਼ ਹੈ ਕਿ ਤਿੰਨ ਰਾਜਾਂ ਰਾਜਸਥਾਨ, ਹਰਿਆਣਾ ਤੇ ਦਿੱਲੀ ਦੀ ਪੁਲਿਸ ਨਾਗੌਰ ਵਿੱਚ ਸੰਦੀਪ ਬਿਸ਼ਨੋਈ ਕਤਲ ਕਾਂਡ ਦੀ ਜਾਂਚ ਵਿੱਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਸੰਦੀਪ ਬਿਸ਼ਨੋਈ ਤੇ ਕਾਤਲਾਂ (ਦੀਪਤੀ ਗੈਂਗ) ਵਿਚਾਲੇ ਦੁਸ਼ਮਣੀ ਦਾ ਅਸਲ ਕਾਰਨ ਇੱਕ ਦੂਜੇ ਦੀਆਂ ਗੱਡੀਆਂ ਫੜਾਉਣ ਦੀ ਖੇਡ ਹੀ ਸੀ। ਸੰਦੀਪ ‘ਤੇ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ‘ਚੋਂ ਉਹ ਬਰੀ ਹੋ ਗਿਆ ਸੀ। ਹਿਸਾਰ ‘ਚ ਸੰਦੀਪ ਆਪਣੇ ਪਿਤਾ ਨਾਲ ਸ਼ਰਾਬ ਦਾ ਠੇਕਾ ਲੈਂਦਾ ਸੀ।  ਦੂਜੇ ਧੜੇ ਨੇ ਸ਼ਰਾਬ ਦੇ ਕਾਰੋਬਾਰ ਕਰਕੇ ਹੀ ਦੁਸ਼ਮਣੀ ਸ਼ੁਰੂ ਕਰ ਦਿੱਤੀ। ਦੁਸ਼ਮਣੀ ਉਸ ਸਮੇਂ ਵਧ ਗਈ ਜਦੋਂ ਦੋ ਨੰਬਰ ‘ਚ ਸ਼ਰਾਬ ਹਰਿਆਣਾ ਤੋਂ ਗੁਜਰਾਤ ਲੈ ਕੇ ਜਾਣ ਦਾ ਮੁਕਾਬਲਾ ਸ਼ੁਰੂ ਹੋਇਆ। ਮੁਕਾਬਲਾ ਵੱਧ ਗੱਡੀਆਂ ਭੇਜ ਕੇ ਸ਼ਰਾਬ ਸਪਲਾਈ ਕਰਨ ਦਾ ਨਹੀਂ ਸੀ, ਸਗੋਂ ਇੱਕ-ਦੂਜੇ ਦੀਆਂ ਗੱਡੀਆਂ ਫੜਾਉਣ ਦਾ ਸੀ। ਇਸ ਕਾਰਨ ਸੰਦੀਪ ਬਿਸ਼ਨੋਈ ਤੇ ਦੀਪਤੀ ਗੈਂਗ ਵਿਚਾਲੇ ਦੁਸ਼ਮਣੀ ਵਧ ਗਈ। ਸੰਦੀਪ ਦੇ ਠੇਕੇ ਹਰਿਆਣਾ ਵਿੱਚ ਸਨ, ਇਸ ਲਈ ਉਹ ਉਦੈਪੁਰ ਤੇ ਅਜਮੇਰ ਵਿੱਚ ਮਿਲ ਕੇ ਸ਼ਰਾਬ ਦਾ ਕਾਰੋਬਾਰ ਕਰਦਾ ਸੀ।

ਲਾਰੈਂਸ ਦੇ ਐਨਕਾਊੰਟਰ ਦਾ ਖਦਸ਼ਾ

ਲਾਰੈਂਸ ਬਿਸ਼ੋਨਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਕ ਵਾਰ ਫਿਰ ਲਾਰੈਂਸ ਦੇ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਹੈ। ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਸ ’ਤੇ ਵੱਡੇ ਦੋਸ਼ ਲਗਾਉਂਦੇ ਹੋਏ ਆਖਿਆ ਹੈ ਕਿ ਲਾਰੈਂਸ ਪਿਛਲੀ 13 ਜੂਨ ਤੋਂ ਪੰਜਾਬ ਪੁਲਸ ਦੀ ਕਸਟਡੀ ਵਿਚ ਹੈ ਅਤੇ ਪਿਛਲੇ 12 ਦਿਨ ਤੋਂ ਉਸ ਨੂੰ ਬਠਿੰਡਾ ਦੇ ਇਕ ਝੂਠੇ ਮਾਮਲੇ ਵਿਚ ਰਿਮਾਂਡ ’ਤੇ ਲਿਆ ਗਿਆ ਹੈ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਮਜ਼ਬੂਤ ਖ਼ਬਰ ਹੈ ਕਿ ਕੱਲ੍ਹ ਜਦੋਂ ਪੰਜਾਬ ਪੁਲਸ ਲਾਰੈਂਸ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ ਤਾਂ ਲਾਰੈਂਸ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ। ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਸ ਇਕ ਸਾਜ਼ਿਸ਼ ਦੇ ਤਹਿਤ ਆਪਣੇ ਹੀ ਆਦਮੀਆਂ ਨੂੰ ਤਿਆਰ ਕਰਕੇ ਉਥੇ ਕੁਝ ਏਜੰਸੀਆਂ ਰਾਹੀਂ ਇਹ ਵਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਲਾਰੈਂਸ ਨੇ ਪੁਲਸ ਸੁਰੱਖਿਆ ਵਿਚ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਹਿਤ ਉਸ ਦਾ ਝੂਠਾ ਐਨਕਾਊਂਟਰ ਕੀਤਾ ਜਾ ਸਕਦਾ ਹੈ। ਲਾਰੈਂਸ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਸ ਸਾਜ਼ਿਸ਼ ਦੇ ਤਹਿਤ ਵਿਰੋਧੀ ਗੈਂਗ ਨੂੰ ਮੌਕਾ ਦੇ ਕੇ ਵੀ ਉਸ ਦਾ ਕਤਲ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਪੁਲਸ ਨੂੰ ਅਲਰਟ ਕੀਤਾ ਹੈ ਕਿ ਵਿਰੋਧੀ ਗੈਂਗ ਕਿਸੇ ਸਮੇਂ ਵੀ ਲਾਰੈਂਸ ’ਤੇ ਹਮਲਾ ਕਰ ਸਕਦੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਤੇ ਪਟਿਆਲਾ ਹਾਊਸ ਕੋਰਟ ਨੇ ਵੀ ਸਖ਼ਤ ਹਿਦਾਇਤ ਦਿੱਤੀ ਸੀ ਕਿ ਲਾਰੈਂਸ ਦੀ ਸੁਰੱਖਿਆ ਵਿਚ ਢਿੱਲ ਨਾ ਵਰਤੀ ਜਾਵੇ। ਇਸ ਸਭ ਦੇ ਦਰਮਿਆਨ ਜੇਕਰ ਲਾਰੈਂਸ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਪੰਜਾਬ ਪੁਲਸ ਨੂੰ ਇਸ ਦਾ ਜਵਾਬ ਸੁਪਰੀਮ ਕੋਰਟ ਵਿਚ ਦੇਣਾ ਪਵੇਗਾ। ਪੰਜਾਬ ਪੁਲਸ ਕਿਸੇ ਕੀਮਤ ’ਤੇ ਸੁਰੱਖਿਆ ਵਿਚ ਢਿੱਲ ਨਾ ਵਰਤੇ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਪੱਕੀ ਜਾਣਕਾਰੀ ਹੈ, ਲਿਹਾਜ਼ਾ ਪੰਜਾਬ ਪੁਲਸ ਇਸ ਨੂੰ ਹਲਕੇ ਵਿਚ ਨਾ ਲਵੇ। ਇਸ ਲਈ ਉਹ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਨੂੰ ਚੌਕੰਨਾ ਕਰਨਾ ਚਾਹੁੰਦੇ ਹਨ ਕਿ ਲਾਰੈਂਸ ਦੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਜਾਣ। ਜੇ ਲਾਰੈਂਸ ਦੀ ਜਾਨ ਨੂੰ ਕੋਈ ਖ਼ਤਰਾ ਪੈਦਾ ਹੋਇਆ ਤਾਂ ਉਸ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਪੰਜਾਬ ਪੁਲਸ ਹੀ ਹੋਵੇਗੀ।

ਬੰਬੀਬਾ ਤੇ ਬਿਸ਼ਨੋਈ ਗੈਂਗ ਧਮਕੀਓ ਧਮਕੀ

ਰਾਜਸਥਾਨ ਦੇ ਨਾਗੌਰ ’ਚ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਪੇਸ਼ੀ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ’ਤੇ ਲਾਰੈਂਸ ਧੜੇ ਨੇ ਨਾ ਸਿਰਫ ਚੁਟਕੀ ਲਈ ਹੈ, ਸਗੋਂ ਧਮਕੀ ਵੀ ਦਿੱਤੀ ਹੈ। ਲਾਰੈਂਸ ਬਿਸ਼ਨੋਈ ਦੇ ਖਾਸਮ-ਖਾਸ ਗੈਂਗਸਟਰ ਸੰਪਤ ਨਹਿਰਾ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਦਵਿੰਦਰ ਬੰਬੀਹਾ ਗਰੁੱਪ ਨੂੰ ਆਖਿਆ ਹੈ ਕਿ ਰਾਜਸਥਾਨ ਵਿਚ ਜਿਹੜਾ ਕਤਲ ਹੋਇਆ ਹੈ, ਇਹ ਦੀਪਤੀ ਯਾਦਵ ਗੈਂਗ ਨੇ ਕੀਤਾ ਹੈ, ਨਾ ਸਾਡਾ ਦੀਪਤੀ ਨਾਲ ਅਤੇ ਨਾ ਹੀ ਸੰਦੀਪ ਬਿਸ਼ਨੋਈ ਨਾਲ ਕੋਈ ਲੈਣਾ ਦੇਣਾ ਹੈ। ਦਵਿੰਦਰ ਬੰਬੀਹਾ ਵਾਲੇ ਮੱਛਰਾਂ ਨੂੰ ਬੋਲ ਦਿਓ ਕਿ ਸੁੱਕੀ ਹਵਾਬਾਜ਼ੀ ਮਾਰਨ ਨਾਲ ਬੰਦੇ ਨਹੀਂ ਮਾਰੇ ਜਾਂਦੇ, ਨਕਲੀ ਪੋਸਟਾਂ ਪਾ ਕੇ ਫੜ੍ਹਾਂ ਨਾ ਮਾਰਿਆ ਕਰੋ। ਰਹੀ ਗੱਲ ਬਦਲੇ ਦੀ ਤਾਂ ਬਦਲਾ ਕੌਣ ਲਵੇਗਾ, ਇਸ ਦਾ ਪਤਾ ਜਲਦੀ ਹੀ ਲੱਗ ਜਾਵੇਗਾ। ਅਸੀਂ ਕਾਂਡ ਕਰਨ ਤੋਂ ਪਹਿਲਾਂ ਨਹੀਂ ਬੋਲੀ ਦਾ ਸਾਡੇ ਕਾਂਡ ਅਖ਼ਬਾਰ ਬੋਲਦੀ ਹੈ।

ਰਾਜਸਥਾਨ ਦੇ ਨਾਗੌਰ ਵਿਚ ਸੋਮਵਾਰ ਨੂੰ ਦਿਨ ਦਿਹਾੜੇ ਪੇਸ਼ੀ ’ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲੇ ਵਿਚ ਸੰਦੀਪ ਨੂੰ 9 ਗੋਲੀਆਂ ਲੱਗੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਇਸ ਵਾਰਦਾਤ ਵਿਚ ਉਸ ਦੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ। ਹੁਣ ਸੰਦੀਪ ਨੂੰ ਮਾਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬੰਬੀਹਾ ਗੈਂਗ ਨੇ ਲਈ ਹੈ। ਸੁਲਤਾਨ ਦਵਿੰਦਰ ਬੰਬੀਹਾ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਪਾਈ ਗਈ ਪੋਸਟ ਵਿਚ ਲਿਖਿਆ ਗਿਆ ਹੈ ਕਿ ਸੰਦੀਪ ਬਿਸ਼ਨੋਈ ਦਾ ਜਿਹੜਾ ਕੰਮ ਹੋਇਆ ਹੈ, ਉਹ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਅੱਗੇ ਆਉਣ ਵਾਲੇ ਸਮੇਂ ਵਿਚ ਲਾਰੈਂਸ, ਜੱਗੂ ਅਤੇ ਗੋਲਡੀ ਬਰਾੜ ਦਾ ਵੀ ਹੋਵੇਗਾ ਪੱਕਾ। ਦੇਖਦੇ ਰਹੋ ਅਤੇ ਇੰਤਜ਼ਾਰ ਕਰੋ। ਦੱਸਣਯੋਗ ਹੈ ਕਿ ਲਾਰੈਂਸ ਅਤੇ ਜੱਗੂ ਦੋਵੇਂ ਪੰਜਾਬ ਪੁਲਸ ਦੀ ਗ੍ਰਿਫਤ ਵਿਚ ਹਨ। ਗੈਂਗਸਟਰ ਗੋਲਡੀ ਬਰਾੜ ਕੈਨੇਡਾ ਵਿਚ ਲੁੱਕ ਕੇ ਬੈਠਾ ਹੈ। ਪਹਿਲਾਂ ਹੀ ਬੰਬੀਹਾ ਗੈਂਗ ਕਹਿ ਚੁੱਕਾ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਮ ਉਨ੍ਹਾਂ ਦੇ ਗੈਂਗ ਨਾਲ ਜ਼ਬਰਨ ਜੋੜਿਆ ਗਿਆ ਹੈ ਅਤੇ ਇਸ ਲਈ ਲਾਰੈਂਸ ਗੈਂਗ ਨੇ ਉਸ ਦਾ ਕਤਲ ਕਰ ਦਿੱਤਾ। ਜੇ ਹੁਣ ਨਾਮ ਜੁੜ ਹੀ ਗਿਆ ਹੈ ਤਾਂ ਉਹ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ। ਇਸ ਦੇ ਨਾਲ ਹੀ ਪੰਜਾਬ ਵਿਚ ਫਿਰ ਵੱਡੀ ਗੈਂਗਵਾਰ ਹੋਣ ਦਾ ਖਦਸ਼ਾ ਹੋਰ ਵੱਧ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਪੰਜਾਬ ਪੁਲਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ।  ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬੰਬੀਹਾ ਗੈਂਗ ਨੇ ਲਈ ਸੀ। ਇਸ ਪੋਸਟ ਵਿਚ ਦਵਿੰਦਰ ਬੰਬੀਹਾ ਗਰੁੱਪ ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਨੂੰ ਵੀ ਧਮਕੀ ਦਿੱਤੀ ਸੀ। ਇਸ ਪੋਸਟ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਬੰਬੀਹਾ ਗਰੁੱਪ ਨੂੰ ਜਵਾਬ ਦਿੱਤਾ ਹੈ। ਆਫੀਸ਼ੀਅਲ ਗੋਲਡੀ ਬਰਾੜ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਛੋਟੂ ਬਿਸ਼ਨੋਈ ਮੰਗਾਲੀ ਅਤੇ ਸੰਦੀਪ ਬਿਸ਼ਨੋਈ ਮੰਗਾਲੀ ਦਾ ਅੱਜ ਤੋਂ 10 ਸਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਅਤੇ ਇਹ ਦੋਵੇਂ ਹੀ ਸਾਡੀ ਜਾਣਕਾਰ ਸਨ। ਇਨ੍ਹਾਂ ਦੇ ਰਾਜ਼ੀਨਾਮੇ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਦੋਵੇਂ ਨਹੀਂ ਮੰਨੇ। ਦੂਜੀ ਗੱਲ ਜਿਹੜੀ ਇਹ ਦਾਅਵਾ ਕਰ ਰਹੇ ਹਨ ਕਿ ਅਸੀਂ ਬਦਲਾ ਲੈ ਲਿਆ ਤਾਂ ਬਦਲਾ ਲੈਣ ਲਈ ਜ਼ੋਰ ਚਾਹੀਦਾ ਹੈ, ਪੋਸਟਾਂ ਪਾ ਕੇ ਬਦਲੇ ਪੂਰੇ ਨਹੀਂ ਹੁੰਦੇ।

ਸਾਰੇ ਹਾਲਾਤ ਸਾਫ ਬਿਆਨਦੇ ਹਨ ਕਿ ਗੈਂਗਸਟਰਾਂ ਨੂੰ ਪੁਲਸ ਦਾ ਕਨੂੰਨ ਦਾ ਕਿਸੇ ਸਰਕਾਰ ਦਾ ਕੋਈ ਡਰ ਭੈਅ ਨਹੀਂ ਹੈ।

Comment here