ਸਿਹਤ-ਖਬਰਾਂਖਬਰਾਂ

ਪੰਜਾਬ ’ਚ ਕੋਰੋਨਾ ਦੇ 100 ਨਵੇਂ ਕੇਸ

ਨਵਾਂਸ਼ਹਿਰ ’ਚ ਆਇਆ ਓਮੀਕ੍ਰੋਨ ਦਾ ਪਹਿਲਾ ਕੇਸ
ਨਵਾਂਸ਼ਹਿਰ-ਕੋਰੋਨਾ ਵੇਰੀਐਂਟ ਦਾ ਨਵਾਂ ਰੂਪ ਓਮੀਕ੍ਰੋਨ ਦਾ ਮਰੀਜ਼ ਨਵਾਂਸ਼ਹਿਰ ਦੇ ਮੁਕੰਦਪੁਰ ’ਚ ਸਾਹਮਣੇ ਆਇਆ ਹੈ। ਇਹ ਮਰੀਜ਼ ਚਾਰ ਦਸੰਬਰ ਨੂੰ ਸਪੇਨ ਤੋਂ ਆਇਆ ਸੀ। ਉਸ ਨੂੰ ਉਦੋਂ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਸੀ। 12 ਦਸੰਬਰ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਪਿੱਛੋਂ ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕੀਤਾ ਗਿਆ। ਇਸ ਤੋਂ 17 ਦਿਨਾਂ ਬਾਅਦ 28 ਦਸੰਬਰ ਯਾਨੀ ਬੀਤੇ ਮੰਗਲਵਾਰ ਨੂੰ ਜੀਨੋਮ ਸੀਕਵੈਂਸਿੰਗ ਨਾਲ ਉਸ ਵਿਚ ਓਮੀਕ੍ਰੋਨ ਵੈਰੀਐਂਟ ਦੀ ਪੁਸ਼ਟੀ ਹੋਈ। ਹਾਲਾਂਕਿ, ਹੁਣ ਇਹ ਵਿਅਕਤੀ ਸਿਹਤਯਾਬ ਹੋ ਚੁੱਕਾ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਉਸ ਦੇ ਸੰਪਰਕ ’ਚ ਆਏ 13 ਲੋਕਾਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ’ਚੋਂ ਦੋ ਲੋਕ ਪਾਜ਼ੇਟਿਵ ਆਏ ਸਨ। ਉਹ ਵੀ ਠੀਕ ਹੋ ਕੇ ਘਰ ਜਾ ਚੁੱਕੇ ਹਨ। ਹਾਲਾਂਕਿ ਇਨ੍ਹਾਂ ਦੀ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਆਉਣੀ ਬਾਕੀ ਹੈ। ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਮਾਰਚ 2020 ’ਚ ਸੂਬੇ ਦਾ ਪਹਿਲਾ ਕੋਰਨਾ ਪਾਜ਼ੇਟਿਵ ਕੇਸ ਵੀ ਨਵਾਂਸ਼ਹਿਰ ’ਚ ਹੀ ਆਇਆ ਸੀ। ਉਦੋਂ ਇਟਲੀ ਤੋਂ ਬੰਗਾ ਦੇ ਪਿੰਡ ਪਠਲਾਵਾ ’ਚ ਆਏ ਇਕ ਵਿਅਕਤੀ ਕਾਰਨ ਕਈ ਲੋਕ ਇਨਫੈਕਟਿਡ ਹੋ ਗਏ ਸਨ। 18 ਮਾਰਚ, 2020 ਨੂੰ ਉਸ ਵਿਅਕਤੀ ਦੀ ਮੌਤ ਹੋ ਗਈ ਸੀ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ 28 ਦਸੰਬਰ ਨੂੰ ਮਿਲੀ ਰਿਪੋਰਟ ਦੇ ਮੁਤਾਬਕ ਸਪੇਨ ਤੋਂ ਆਏ ਵਿਅਕਤੀ ’ਚ ਓਮੀਕ੍ਰੋਨ ਵੈਰੀਐਂਟ ਪਾਇਆ ਗਿਆ ਹੈ। ਇਹ ਵਿਅਕਤੀ ਤੇ ਇਸ ਦੇ ਸੰਪਰਕ ’ਚ ਆਏ ਹੋਰ ਸਾਰੇ ਲੋਕ ਸਿਹਤਯਾਬ ਹੋ ਚੁੱਕੇ ਹਨ। ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦਾ ਕਹਿਣਾ ਹੈ ਕਿ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।
ਇਸ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਸਾਰੇ ਅਧਿਕਾਰੀਆਂ ਨੂੰ ਕੋਵਿਡ ਟੈਸਟਿੰਗ ਤੇ ਵੈਕਸੀਨੇਸ਼ਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਵਿਭਾਗ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਸੂਬੇ ’ਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕੀਤੀ। ਅਧਿਕਾਰੀਆਂ ਦੇ ਮੁਤਾਬਕ ਪੰਜਾਬ ’ਚ ਪਾਜ਼ੇਟਿਵਿਟੀ ਦਰ 0.3 ਫ਼ੀਸਦੀ ਹੈ ਤੇ ਇਹ ਪਿਛਲੇ ਕੁਝ ਦਿਨਾਂ ’ਚ ਵਧੀ ਹੈ।
ਪੰਜਾਬ ’ਚ ’ਚ ਪਿਛਲੇ 24 ਘੰਟਿਆਂ ’ਚ ਕੋਰਨਾ ਦੇ 100 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ। ਇਸ ਦੌਰਾਨ ਕੋਰੋਨਾ ਨਾਲ ਗੁਰਦਾਸੁਪਰ ’ਚ ਇਕ ਵਿਅਕਤੀ ਦੀ ਮੌਤ ਵੀ ਹੋਈ। 37 ਪੀੜਤ ਸਿਹਤਯਾਬ ਹੋਏ ਹਨ। ਇਸ ਸਮੇਂ ਸੂਬੇ ’ਚ 449 ਐਕਟਿਵ ਕੇਸ ਹਨ। ਹੁਣ ਤਕ 604428 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ’ਚੋਂ 587335 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਬੁੱਧਵਾਰ ਨੂੰ ਸਭ ਤੋਂ ਜ਼ਿਆਦਾ ਕੇਸ ਪਠਾਨਕੋਟ ’ਚ 26 ਦਰਜ ਕੀਤੇ ਗਏ। ਪਟਿਆਲਾ ’ਚ 18, ਜਲੰਧਰ ’ਚ 13 ਬਠਿੰਡਾ ’ਚ 9, ਅੰਮ੍ਰਿਤਸਰ ਤੇ ਲੁਧਿਆਣਾ ’ਚ ਸੱਤ-ਸੱਤ, ਮੋਹਾਲੀ ’ਚ ਛੇ, ਨਵਾਂ ਸ਼ਹਿਰ ’ਚ 3, ਗੁਰਦਾਸਪੁਰ ਤੇ ਹੁਸ਼ਿਆਰਪੁਰ ’ਚ ਦੋ-ਦੋ ਤੇ ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਫ਼ਤਹਿਗੜ੍ਹ ਸਾਹਿਬ ਕਪੂਰਥਲਾ, ਮੋਗਾ, ਮੁਕਤਸਰ ’ਚ ਇਕ-ਇਕ ਕੇਸ ਦਰਜ ਕੀਤਾ ਗਿਆ।

Comment here