ਸਾਹਿਤਕ ਸੱਥਸਿਆਸਤਵਿਸ਼ੇਸ਼ ਲੇਖ

ਪੰਜਾਬ ‘ਚ ਉਚੇਰੀ ਸਿੱਖਿਆ ਲਈ ਪ੍ਰੋਫੈਸਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਲੋੜ

ਆਪ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਸੁਧਾਰ ਦੇ ਮੁੱਦਿਆਂ ਨੂੰ ਪਹਿਲ ਦੇਣ ਦੀ ਗੱਲ਼ ਸ਼ੁਰੂ ਵਿਚ ਕਹੀ ਸੀ ਪਰ ਸਾਲ ਲੰਘਣ ਤੋਂ ਵੀ ਬਾਅਦ ਦੋਵਾਂ ਮਹਿਕਮਿਆਂ ਦੇ ਸੁਧਾਰ ਕਰਨ ਵਾਲੀ ਕੋਈ ਠੋਸ ਪਾਲਿਸੀ ਸਾਹਮਣੇ ਨਹੀਂ ਆਈ। ਮੁਹੱਲਾ ਕਲੀਨਿਕ ਖੋਲਣ ਨਾਲ ਮਰੀਜ਼ਾਂ ਲਈ ਪੂਰੀਆਂ ਸਹੂਲਤਾਂ ਸਥਾਈ ਤੌਰ ਤੇ ਸਾਰਿਆਂ ਨੂੰ ਦੇਣਾ ਸੰਭਵ ਨਹੀਂ ਹੋਵੇਗਾ ਕਿਉਂ ਕਿ ਪੰਜਾਬ ‘ਚ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸਹੂਲਤਾਂ ਲਈ ਬਹੁਤ ਸਾਰੇ ਨਵੇਂ ਪ੍ਰਜੈਕਟ ਸਾਹਮਣੇ ਲਿਆਂਦੇ ਪਰ ਉਹ ਜਾਂ ਤਾਂ ਉਸੀ ਸਰਕਾਰ ਦੇ ਸਮੇਂ ਜਾਂ ਅਗਲੀ ਸਰਕਾਰ ਦੇ ਸਮੇਂ ਹੀ ਬੰਦ ਹੁੰਦੇ ਰਹੇ ਹਨ , ਜਿਵੇਂ ਪਿੰਡਾਂ ਲਈ ਸਹੂਲਤ ਦੇਣ ਲਈ, ਫੋਕਲ ਪੁਆਇੰਟ, ਪਟਵਾਰਖਾਨੇ, ਹੈਲਥ ਸੈਂਟਰ , ਸੁਵਿਧਾ ਕੇਂਦਰਾਂ, ਆਦਰਸ਼, ਮੈਰੀਟੋਰੀਅਸ ਸਕੂਲ਼ਾਂ ਆਦਿ ਦਾ ਹਾਲ ਸਾਹਮਣੇ ਹੀ ਹੈ। ਸਿੱਖਿਆ ਸੁਧਾਰ ਨੂੰ ਪਹਿਲ ਦੇਣ ਦੀ ਆਪ ਸਰਕਾਰ ਗੱਲ ਕਰਦੀ ਹੈ ਤਾਂ ਪੰਜਾਬ ਦੇ ਯੂਥ ਨੂੰ ਉਚੇਰੀ ਸਿੱਖਿਆ ਦੇਣ ਲਈ ਪ੍ਰੋਫੈਸਰਾਂ ਦੀ ਘਾਟ ਨੂੰ ਸਰਕਾਰ ਤੁਰੰਤ ਪੂਰਾ ਕਰੇ ਤਾਂ ਕਿ ਉਹ ਪੰਜਾਬ ਅੰਦਰ ਰਹਿ ਕੇ ਕੋਈ ਰੁਜ਼ਗਾਰ ਪ੍ਰਾਪਤ ਕਰ ਸਕਣ ਜਿਸ ਨਾਲ ਤੇਜ਼ੀ ਨਾਲ ਯੂਥ ਦੇ ਹੋ ਰਹੇ ਪ੍ਰਵਾਸ ਨੂੰ ਰੋਕ ਕੇ ਰੰਗਲੇ ਪੰਜਾਬ ਦੀ ਗੱਲ ਹੋ ਸਕਦੀ ਹੈ, ਫੋਕੇ ਨਾਅਰਿਆਂ ਜਾਂ ਵਾਅਦਿਆਂ ਨਾਲ ਕੁਝ ਨਹੀਂ ਸੰਵਰਨਾ।
ਪੰਜਾਬ ਦੇ ਸਰਕਾਰੀ ਕਾਲਜਾਂ ਅੰਦਰ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਨਹੀਂ , ਕਈ ਵਿਭਾਗਾਂ ਦੇ ਮੁੱਖੀ ਦਾ ਕੰਮ ਵੀ ਫੈਕਲਟੀ ਅਧਿਆਪਕ ਕਰ ਰਹੇ ਹਨ, ਇਸ ਤਰ੍ਹਾਂ ਦਾ ਵਰਤਾਰਾ ਉਚੇਰੀ ਸਿੱਖਿਆ ਦੇ ਮਿਆਰ ਨੂੰ ਜਰੂਰ ਢਾਹ ਲਾ ਰਿਹਾ ਹੈ। ਸਰਕਾਰੀ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਰੈਗੂਲਰ ਅਸਿਸਟੈਂਟ ਪ੍ਰੋਫੈਸਰਾਂ/ ਪ੍ਰੋਫੈਸਰਾਂ ਦੀ ਭਰਤੀ ਨਾ ਹੋਣ ਤੇ ਉਚੇਰੀ ਸਿੱਖਿਆ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਪਿਛਲੀ ਸਰਕਾਰ ਵਲੋਂ 19 ਅਕਤੂਬਰ 2021 ਨੂੰ ਖਾਲੀ ਆਸਾਮੀਆਂ ਭਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦੇ ਹੋਏ 1158 ਅਸਾਮੀਆਂ ਜਿੰਨ੍ਹਾਂ ਵਿੱਚ 1091 ਅਸਿਸਟੈਂਟ ਪ੍ਰੋਫੈਸਰਾਂ ਅਤੇ ਬਾਕੀ ਦੀਆਂ ਲਾਇਬਰੇਰੀਅਨ ਭਰਨ ਦਾ ਇਸ਼ਤਿਹਾਰ ਨਾਲੋ-ਨਾਲ ਜਾਰੀ ਕਰ ਦਿੱਤਾ ਸੀ ਜੋ ਕਿ ਇਨ੍ਹਾਂ ਆਸਾਮੀਆਂ ਨੂੰ ਉਡੀਕ ਰਹੇ ਯੋਗ ਉਮੀਦਵਾਰਾਂ ਲਈ ਖੁਸ਼ੀ ਵਾਲੀ ਗੱਲ ਸੀ। ਇਹ ਭਰਤੀ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੁ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ ਦੀ ਅਗਵਾਈ ਵਿੱਚ ਕਮੇਟੀਆਂ ਬਣਾ ਕੇ ਭਰਤੀ ਨਿਰੋਲ ਲਿਖਤੀ ਟੈਸਟ ਦੇ ਆਧਾਰ ਤੇ ਤੇਜ਼ੀ ਨਾਲ 45 ਦਿਨਾਂ ਵਿਚ ਕਰਨ ਦੀ ਵਧੀਆ ਗੱਲ ਕੀਤੀ ਸੀ। ਇਸ਼ਤਿਹਾਰ ਦੀ ਚੋਣ ਪ੍ਰਕ੍ਰਿਆ ਮੁਤਾਬਿਕ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ , ਪਾਰਟ ਟਾਈਮ, ਠੇਕਾ ਆਧਾਰਤ ਕਾਲਜ ਅਧਿਆਪਕਾਂ ਨੂੰ ਇੱਕ ਸ਼ੈਸ਼ਨ ਦੇ ਤਜਰਬੇ ਦਾ ਇੱਕ ਨੰਬਰ ਅਤੇ ਵੱਧ ਤੋਂ ਵੱਧ ਪੰਜ ਅੰਕ ਲਿਖਤੀ ਟੈਸਟ ਦੇ ਅੰਕਾਂ ਵਿਚ ਵਾਧਾ ਲੈ ਸਕਣਗੇ। ਇਸ ਲਈ ਇਹ ਟੀਚਿੰਗ ਤਜ਼ਰਬੇ ਨੂੰ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ/ਪਾਰਟ ਟਾਈਮ ਅਧਿਆਪਕਾਂ ਆਦਿ ਨੂੰ ਹਮਦਰਦੀ ਵਜੋਂ ਦੇਣ ਦੇ ਸਰਕਾਰ ਦੇ ਫੈਸਲੇ ਨੂੰ ਕਾਨੂੰਨੀ ਪੱਖਾਂ ਤੋਂ ਚੰਗੀ ਤਰ੍ਹਾਂ ਨਾ ਵਿਚਾਰੇ ਜਾਣ ਕਾਰਨ ਸਾਰੀ ਭਰਤੀ ਪ੍ਰਕ੍ਰਿਆ ਮੁਕੰਮਲ ਹੋਣ ਉਪਰੰਤ ਇਸਤਿਹਾਰ ‘ਚ ਇਕੱਲੇ ਸਰਕਾਰੀ ਕਾਲਜ ਦੇ ਤਜ਼ਰਬੇ ਦੀ ਸ਼ਬਦਾਵਲੀ ਨੇ ਬਾਅਦ ‘ਚ ਕਈ ਉਲਝਨਾਂ ਪੈਦਾ ਕਰ ਦਿੱਤੀਆਂ ਸਨ।ਪੰਜਾਬੀ ਯੂਨੀਵਰਸਿਟੀ ਅਧੀਨ ਚਲ ਰਹੇ ਕਾਲਜਾਂ ‘ਚ ਪੜ੍ਹਾ ਰਹੇ ਅਧਿਆਪਕਾਂ ਵਲੋਂ ਉਨ੍ਹਾਂ ਦੇ ਤਜ਼ਰਬੇ ਨੂੰ ਸਕਰੂਟਿੰਗ ਸਮੇਂ ਨਾ ਮੰਨਣ ਕਾਰਨ ਉਨ੍ਹਾਂ ਨੇ ਮਾਣਯੋਗ ਹਾਈ ਕੋਰਟ ਵਿੱਚ ਪਟੀਸ਼ਨਰ ਵਜੋਂ ਰਿੱਟ ਪਾ ਕੇ ਭਰਤੀ ਪ੍ਰਕ੍ਰਿਆ ਵਿਚ ਰੋਕ ਲਗਵਾ ਦਿੱਤੀ ਸੀ। ਇਸੇ ਤਰ੍ਹਾਂ ਕਈ ਅਸਫਲ ਉਮੀਦਵਾਰਾਂ ਨੇ ਹੋਰ ਕਈ ਤਰ੍ਹਾਂ ਦੀਆਂ ਰਿੱਟਾਂ ਪਾ ਕੇ ਇਸ ਪ੍ਰਕ੍ਰਿਆ ਨੂੰ ਰੁਕਵਾ ਹੀ ਦਿੱਤਾ। ਸਰਕਾਰ ਨੇ ਬਾਅਦ ‘ਚ ਸਾਰੀ ਪ੍ਰਕ੍ਰਿਆ ਮੁਕੰਮਲ ਹੋਣ ਤੇ ਪੰਜ ਅੰਕਾਂ ਵਾਲੇ ਫੈਸਲੇ ਨੂੰ ਵਾਪਿਸ ਲੈਣ ਦਾ ਪਬਲਿਕ ਨੋਟਿਸ ਰਾਹੀਂ ਸ਼ੋਧ-ਪੱਤਰ ਜਾਰੀ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕੋਈ ਬੂਰ ਨਾ ਪਿਆ। ਪਰ ਮਾਣਯੋਗ ਹਾਈ ਕੋਰਟ ਨੇ ਨੌ ਮਹੀਨਿਆਂ ਬਾਅਦ 8 ਅਗਸਤ 2022 ਨੂੰ ਇਸ ਭਰਤੀ ਨੂੰ ਰੱਦ ਕਰਨ ਦਾ ਫੈਸ਼ਲਾ ਸੁਣਾ ਕੇ 1158 ਪਰਿਵਾਰਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ, ਜਿਨ੍ਹਾਂ ਨੂੰ ਆਸ ਸੀ ਕਿ ਉੱਚ ਅਦਾਲਤ ਸਿੱਖਿਆ ਦੇ ਡਿੱਗ ਰਹੇ ਮਿਆਰ ਨੂੰ ਬਚਾਉਣ ਲਈ ਸਫਲ ਉਮੀਦਵਾਰਾਂ ਦੇ ਹੱਕ ‘ਚ ਫੈਸਲਾ ਦੇਵੇਗੀ। ਪਿਛਲੀ ਸਰਕਾਰ ਸਮੇਂ 1158 ਅਸਿਸਟੈਂਟ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਦੀ ਭਰਤੀ ਸਮੇਂ ਬਹੁਤ ਸਾਰੇ ਸਫਲ ਉਮੀਦਵਾਰ ਆਪਣੀਆਂ ਪਿਛਲੀਆਂ ਨੌਕਰੀਆਂ ਤੋਂ ਵਿਭਾਗ ਦੇ ਕਹਿਣ ਤੇ ਅਸਤੀਫੇ ਦੇ ਕੇ ਚਾਅ ਨਾਲ ਨਵੀਂ ਨਿਯੁਕਤੀ ਹੋਣ ਕਾਰਨ ਨਵੀਂ ਨੌਕਰੀ ਹਾਸਲ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਸੋਚ ਰਹੇ ਸਨ ਪਰ ਇਹ ਕੰਮ ਉੱਚ- ਅਦਾਲਤ ਦੇ ਆਦੇਸ਼ਾਂ ਅਨੁਸਾਰ ਐਨ ਮੌਕੇ ਤੇ ਰੋਕ ਦਿੱਤਾ ਗਿਆ।
ਪੰਜਾਬ ਅੰਦਰ ਨਵੀਂ ਬਣੀ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਮਹੱਤਵਪੂਰਣ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਰੱਖੇ ਗਏ ਜਿਨ੍ਹਾਂ ’ਚੋਂ ਉਚੇਰੀ ਸਿੱਖਿਆ ਦੇ ਡਿੱਗ ਰਹੇ ਮਿਆਰ ਨੂੰ ਬਚਾਉਣਾ ਵੀ ਅਹਿਮ ਮੁੱਦਾ ਹੈ ਜੋ ਨੋਜਵਾਨਾਂ ਅਤੇ ਰੁਜ਼ਗਾਰ ਨਾਲ ਜੁੜਿਆ ਹੋਇਆ ਹੈ। ਇਸ ਵਿਭਾਗ ਦੇ ਸਿੱਖਿਆ ਮੰਤਰੀ ਵੀ ਨੋਜਵਾਨ ਅਤੇ ਚੰਗੇ ਪੜ੍ਹੇ ਲਿਖੇ ਹਨ ਜਿਨ੍ਹਾਂ ਤੋਂ ਇਸ ਮਸਲੇ ਦੇ ਹੱਲ ਦੀ ਆਸ ਕੀਤੀ ਜਾ ਰਹੀ ਹੈ ਕਿਉਂ ਕਿ ਉਹ ਜਰੂਰ ਬੇਰੁਜ਼ਗਾਰਾਂ ਦੇ ਦਰਦ ਨੂੰ ਭਲੀਭਾਂਤ ਜਾਣਦੇ ਹੋਣਗੇ। ਮਾਣਯੋਗ ਹਾਈ ਕੋਰਟ ਵਲੋਂ 16 ਸਤੰਬਰ ਨੂੰ ਫੈਸ਼ਲੇ ਦੀ ਕਾਪੀ ਜਾਰੀ ਕੀਤੀ ਗਈ ਜਿਸ ਵਿੱਚ ਸਰਕਾਰ ਵਲੋਂ ਭਰਤੀ ਪ੍ਰਕ੍ਰਿਆ ਨੂੰ ਕਰਦੇ ਸਮੇਂ ਕਈ ਊਣਤਾਈਆਂ ਪਾਈਆਂ ਗਈਆਂ ਜੋ ਕਿ ਸਰਕਾਰ ਦੀ ਅਣਗਹਿਲੀ ਸਦਕਾ ਹੋਇਆ। ਇਸ ਲਈ 1158 ਸਫਲ ਉਮੀਦਵਾਰਾਂ ਦਾ ਇਸ ‘ਚ ਕੋਈ ਕਸੂਰ ਨਹੀਂ। ਜਿਨ੍ਹਾਂ ਸਬੰਧਤ ਅਧਿਕਾਰੀਆਂ ਨੇ ਅਣਗਹਿਲੀ ਕੀਤੀ ਹੈ ਉਨ੍ਹਾਂ ਨੂੰ ਸ਼ਜਾ ਮਿਲਣੀ ਚਾਹੀਦੀ ਹੈ ਨਾ ਕਿ ਉਮੀਦਵਾਰਾਂ ਨੂੰ। ਇਸ ਕੋਰਟ ਕੇਸ ਨਾਲ ਨਾ ਤਾਂ ਰਿੱਟਾਂ ਕਰਨ ਵਾਲਿਆ ਨੂੰ ਕੋਈ ਰਾਹਤ ਮਿਲੀ, ਨਾ ਕੋਈ ਸਰਕਾਰ ਦੀ ਅਗਲੀ ਰਣਨੀਤੀ ਇਸ ਮਸਲੇ ਨੂੰ ਹੱਲ ਕਰਨ ਲਈ ਸਾਹਮਣੇ ਆਈ ਹੈ, ਜਦੋਂ ਕਿ ਲੱਖਾਂ ਰੁਪਏ ਇਸ ਪ੍ਰਕ੍ਰਿਆ ਉੱਪਰ ਖਰਚੇ ਗਏ ਹਨ। ਪਰ ਸਰਕਾਰ ਦਾ ਹੁੰਗਾਰਾ ਕੋਈ ਵਧੀਆ ਨਹੀਂ ਦਿੱਸ ਰਿਹਾ।
ਮਾਣਯੋਗ ਹਾਈ ਕੋਰਟ ਵਲੋਂ ਕਿੰਨੀ ਵਾਰ ਤਾਂ ਸਰਕਾਰ ਵਲੋਂ ਜਵਾਬਦਾਵਾ ਪੇਸ਼ ਨਾ ਕਰਨ ਕਾਰਨ ਸੁਣਵਾਈ ਵਾਰ-ਵਾਰ ਅੱਗੇ ਪਾਈ ਗਈ। ਦੂਜੇ ਪਾਸੇ ਦੋ ਤਿੰਨ ਵਿਸ਼ਿਆਂ ਦੀਆਂ ਦੀਆਂ ਲਿਸਟਾਂ ਮਹਿਕਮੇ ਦੀ ਵੈਬਸਾਈਟ ਤੇ ਪਾ ਕੇ ਵਾਪਿਸ ਸਾਈਟ ਤੋਂ ਹਟਾ ਦਿੱਤੀਆਂ ਗਈਆਂ ਸਨ ਜੋ ਕਿ ਭਾਵੇਂ ਡਾਊਨਲੋਡ ਹੋ ਚੁੱਕੀਆਂ ਸਨ ਪਰ ਇਨ੍ਹਾਂ ਲਿਸਟਾਂ ਦੇ ਸਫਲ ਉਮੀਦਵਾਰਾਂ ਦੀ ਚਿੰਤਾ ਹੋਰ ਵਧੇਰੇ ਹੈ। ਸਮੇਂ ਸਿਰ ਇਹ ਲਿਸਟਾਂ ਜਾਰੀ ਨਾ ਹੋਣ ਕਾਰਨ ਸਫਲ ਉਮੀਦਵਾਰ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕਰ ਸਕੇ ਜਦੋਂ ਕਿ ਹੋਰ ਵਿਸ਼ਿਆਂ ਦੇ ਬਹੁਤੇ ਸਫਲ ਉਮੀਦਵਾਰ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਹਨ, ਜਿਨ੍ਹਾਂ ’ਚੋਂ ਬਹੁਤੇ ਸਕੂਲਾਂ/ ਕਾਲਜਾਂ ਜਾਂ ਹੋਰ ਅਦਾਰਿਆਂ ਵਿੱਚ ਰੈਗੂਲਰ ਜਾਂ ਐਡਹਾਕ ਤੌਰ ਤੇ ਡਿਊਟੀ ਨਿਭਾ ਰਹੇ ਸੀ, ਉਨ੍ਹਾਂ ਨੂੰ ਪਿਛਲੀ ਨੌਕਰੀ ਤੋਂ ਅਸਤੀਫਾ ਦੇ ਕੇ ਹੀ ਜੁਆਇਨ ਕਰਨ ਲਈ ਕਹਿਆ ਗਿਆ ਸੀ, ਜਿਸ ਨਾਲ ਉਹ ਹੁਣ ਬੇਰੁਜ਼ਗਾਰ ਹੋਏ ਬੈਠੇ ਹਨ।
ਪਹਿਲਾਂ ਹੀ ਸਥਿਤੀ ਬੜੀ ਚਿੰਤਾਜਨਕ ਬਣੀ ਹੋਈ ਸੀ ਜੋ ਕਿ ਮਾਣਯੋਗ ਹਾਈ ਕੋਰਟ ਦੇ ਆਏ ਫੈਸਲੇ ਨਾਲ ਹੁਣ ਹਰੋ ਵੀ ਵਧੇਰੇ ਚਿੰਤਾਜਨਕ ਬਣ ਗਈ ਹੈ।ਇਸ ਭਰਤੀ ਪ੍ਰਕ੍ਰਿਆ ਵਿੱਚ ਰਾਜਨੀਤਕ ਲੋਕਾਂ ਦੀ ਸਮੂਲੀਅਤ ਦੀ ਦੂਰ ਦੀ ਗੱਲ ਸੀ ਕਿਉਂ ਕਿ ਕੋਈ ਇੰਟਰਵਿਊ ਕਮੇਟੀ ਦੇ ਅੰਕ ਬਗੈਰਾ ਨਹੀਂ ਰੱਖੇ ਗਏ, ਜਿਥੇ ਕਿ ਪਹੁੰਚ ਵਾਲੇ ਲੋਕਾਂ ਲਈ ਲਾਹੇਵੰਦ ਹੋਣਾ ਸੀ, ਜੋ ਨਹੀਂ ਹੋਇਆ। ਇਸੇ ਕਰਕੇ ਇਹ ਭਰਤੀ ਦਾ ਪਾਰਦਰਸ਼ੀ ਕੰਮ ਤੇਜ਼ੀ ਨਾਲ ਹੋਇਆ। ਉਚੇਰੀ ਸਿੱਖਿਆ ਦੇ ਸਕੱਤਰ ਨੂੰ ਇਸ ਗੰਭੀਰ ਮਸਲੇ ਨੂੰ ਬਾਰੀਕੀ ਨਾਲ ਘੋਖ ਕਰਕੇ ਸਰਕਾਰ ਦਾ ਪੱਖ ਉੱਚ ਅਦਾਲਤ ਵਿੱਚ ਪੇਸ਼ੀ ’ਤੇ ਰੱਖ ਕੇ ਸਟੇਅ ਖਾਲੀ ਕਰਵਾਉਣ ਦਾ ਹੋਣਾ ਚਾਹੀਦਾ ਸੀ , ਜੋ ਨਹੀਂ ਹੋਇਆ।
ਆਸ ਹੈ ਕਿ ਨਵੀਂ ਸਰਕਾਰ ਆਪਣਾ ਪੱਖ ਮਜਬੂਤੀ ਨਾਲ ਹੁਣ ਡਬਲ ਬੈਂਚ ਅੱਗੇ ਲੱਗੇ ਕੇਸ ਨੂੰ ਮਜਬੂਤੀ ਨਾਲ ਸਰਕਾਰੀ ਪੱਖ ਰੱਖ ਕੇ ਸਫਲ ਉਮੀਦਵਾਰਾਂ ਨੂੰ ਜੁਆਇਨ ਕਰਵਾਉਣ ਲਈ ਹਰ ਸੰਭਵ ਯਤਨ ਕਰੇਗੀ ਤਾਂ ਕਿ ਉਚੇਰੀ ਸਿੱਖਿਆ ਦੇ ਡਿੱਗ ਰਹੇ ਮਿਆਰ ਨੂੰ ਬਚਾਇਆ ਜਾ ਸਕੇ ਕਿਉਂ ਕਿ ਲੋਕਾਂ ਲਈ ਸਿੱਖਿਆ ਅਤੇ ਸਿਹਤ ‘ਚ ਸੁਧਾਰ ਕਰਨਾ ਆਮ ਆਦਮੀ ਪਾਰਟੀ ਦੇ ਮੁੱਖ ਮੁੱਦੇ ਸੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਰਤੀ ਨਿਰੋਲ ਪਾਰਦਰਸ਼ੀ ਢੰਗ ਨਾਲ ਹੋਈ ਹੈ। ਸਿਫਾਰਸ਼ ਦੀ ਗੁੰਜਾਇਸ਼ ਨਾ ਹੋਣ ਕਰਕੇ ਵੀ ਕਈਆਂ ਨੂੰ ਐਨੀ ਜਲਦੀ ਭਰਤੀ ਕਰਨ ਕਰਕੇ ਵੀ ਇਹ ਗੱਲ਼ ਹਜ਼ਮ ਨਹੀਂ ਆਈ। ਸਰਕਾਰ ਨੇ ਅਸਿਸਟੈਂਟ ਪ੍ਰੋਫੈਸਰਾਂ ਦੀ ਹੋਰ ਭਰਤੀ ਕਰਨ ਦੀ ਗੱਲ਼ ਵੀ ਕਹੀ ਪਰ ਇਹ ਵੀ ਪ੍ਰਕ੍ਰਿਆ ਅੱਗੇ ਨਹੀਂ ਤੁਰੀ। ਇਸ ਦਾ ਇਸ਼ਤਿਹਾਰ ਵੀ ਜਾਰੀ ਕਰਕੇ ਪ੍ਰਕ੍ਰਿਆ ਆਰੰਭੀ ਜਾਵੇ ਜਿੰਨੇ ਪੀੜ੍ਹਤ ਉਮੀਦਵਾਰ ਨਿਯੁਕਤ ਹੁੰਦੇ ਹਨ ਘੱਟੋ ਘੱਟ ਉਨ੍ਹਾਂ ਨੂੰ ਤਾਂ ਰਾਹਤ ਮਿਲੇ। ਆਸ ਹੈ ਕਿ ਨਵੇਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਰਾਜ ਸਰਕਾਰ ਵਲੋਂ ਦਿਆਨਤਦਾਰੀ ਨਾਲ ਇਸ ਕੇਸ ਦੀ ਪੈਰਵੀ ਕਰਨ ਅਤੇ ਨਵੀਆਂ ਪੋਸਟਾਂ ਭਰਨ ਲਈ ਵਿਸ਼ੇਸ਼ ਧਿਆਨ ਦੇਣਗੇ।

Comment here