ਅਪਰਾਧਸਿਆਸਤਖਬਰਾਂ

ਪੰਜਾਬ ‘ਚ ‘ਆਪ’ ਨਾਲ ਗੱਠਜੋੜ ‘ਤੇ ਸਹਿਮਤ ਹੋਏ ‘ਗੁਰੂ’ !

ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ‘ਚ ਰਹਿੰਦੇ ਹਨ। ਜਿਸ ‘ਚ ਹੁਣ ਕੌਮੀ ਪੱਧਰ ‘ਤੇ ਹੋਏ ਇੰਡੀਆ ਅਲਾਇੰਸ ਨੂੰ ਲੈਕੇ ਨਵਜੋਤ ਸਿੱਧੂ ਵਲੋਂ ਦਿੱਤਾ ਬਿਆਨ ਇੱਕ ਵਾਰ ਫਿਰ ਚਰਚਾ ‘ਚ ਹੈ, ਜਿਥੇ ਉਹ ਪੰਜਾਬ ਕਾਂਗਰਸ ਤੋਂ ਇੱਕ ਵਾਰ ਫਿਰ ਵੱਖ ਰਾਹ ‘ਤੇ ਜਾਂਦੇ ਦਿਖਾਈ ਦੇ ਰਹੇ ਹਨ। ਜਿਸ ‘ਚ ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਫੈਸਲਾ ਸਰਵਉੱਚ ਹੈ। ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਸਵਾਰਥ ਦੀ ਰਾਜਨੀਤੀ ਨੂੰ ਤਿਆਗਣਾ ਪਵੇਗਾ।
ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਆਪ’ ਨਾਲ ਮਿਲ ਕੇ ਲੜਨ ਲਈ ਹਾਮੀ ਨਹੀਂ ਭਰੀ ਹੈ, ਪਰ ਨਵਜੋਤ ਸਿੱਧੂ ਨੇ ਇਸ ਮਾਮਲੇ ‘ਤੇ ਟਵੀਟ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਪਾਰਟੀ ਹਾਈਕਮਾਂਡ ਦਾ ਇਹ ਫੈਸਲਾ ਵੱਡੇ ਉਦੇਸ਼ ਲਈ ਹੈ। ਸੰਵਿਧਾਨ ਦੀ ਭਾਵਨਾ ਦਾ ਆਦਰ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਵਿੱਚ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਗਿਆ ਹੈ। ਸਿੱਧੂ ਨੇ ਲਿਖਿਆ ਕਿ ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ। ਇਹ ਅਗਲੀ ਪੀੜ੍ਹੀ ਲਈ ਲੜੀਆਂ ਜਾਂਦੀਆਂ ਹਨ। ਟਵੀਟ ਦੇ ਅੰਤ ‘ਚ ਉਨ੍ਹਾਂ ਨੇ ਲਿਖਿਆ ਜੈ ਹਿੰਦ…ਜੁੜੇਗਾ ਭਾਰਤ।
ਹਾਲ ਹੀ ਵਿੱਚ ਕਾਂਗਰਸ ਹਾਈ ਕਮਾਂਡ ਨੇ ‘ਆਪ’ ਅਤੇ ਹੋਰ ਪਾਰਟੀਆਂ ਨਾਲ ‘ਇੰਡੀਆ’ ਗੱਠਜੋੜ ਕੀਤਾ ਸੀ। ਇਸ ਤੋਂ ਬਾਅਦ ਸੂਬਾ ਕਾਂਗਰਸ ਅਤੇ ‘ਆਪ’ ਦੇ ਗੱਠਜੋੜ ਨਾਲ ਪੰਜਾਬ ਲੋਕ ਸਭਾ ਚੋਣਾਂ ਲੜਨ ਦੀਆਂ ਚਰਚਾਵਾਂ ਜ਼ੋਰ ਫੜ ਗਈਆਂ। ਇਸ ਮਾਮਲੇ ‘ਤੇ ਪਹਿਲਾ ਸਪੱਸ਼ਟ ਬਿਆਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਇਆ ਹੈ। ਉਨ੍ਹਾਂ ਕਿਹਾ ਕਿ ਵੱਡੇ ਮਕਸਦ ਲਈ ਛੋਟੇ-ਮੋਟੇ ਮਤਭੇਦ ਭੁਲਾਉਣੇ ਪੈਣਗੇ ਪਰ ਪੰਜਾਬ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਨੇ ਅਜੇ ਤੱਕ ‘ਆਪ’ ਨਾਲ ਗੱਠਜੋੜ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਵੇ ਜਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰ ਕਿਸੇ ਦਾ ‘ਆਪ’ ਪ੍ਰਤੀ ਸਖ਼ਤ ਰਵੱਈਆ ਰਿਹਾ ਹੈ ਤੇ ਕਈ ਵਾਰ ਤਿੱਖੀ ਬਿਆਨਬਾਜੀ ਕੀਤੀ ਗਈ। ਪ੍ਰਤਾਪ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਇਸ ‘ਆਪ’ ਪਾਰਟੀ ਨੂੰ ਦੇਖਣਾ ਤੱਕ ਵੀ ਪਸੰਦ ਨਹੀਂ ਕਰਦੇ। ਇਸ ਤੋਂ ਇਲਾਵਾ ਬਾਜਵਾ ਨੇ ਵੀ ਦਿੱਲੀ ਜਾ ਕੇ ਇਸ ਸਬੰਧੀ ਹਾਈਕਮਾਂਡ ਨਾਲ ਗੱਲਬਾਤ ਕੀਤੀ ਹੈ ਪਰ ਪਾਰਟੀ ਹਾਈਕਮਾਂਡ ਵੱਲੋਂ ਗੱਠਜੋੜ ਕੀਤੇ ਜਾਣ ਤੋਂ ਬਾਅਦ ਬਾਜਵਾ ਸਮੇਤ ਪੰਜਾਬ ਕਾਂਗਰਸ ਦੇ ਬਾਕੀ ਸਾਰੇ ਆਗੂ ਚੁੱਪ ਬੈਠੇ ਹਨ।

Comment here