ਅਪਰਾਧਖਬਰਾਂਦੁਨੀਆ

ਪੰਜਾਬ ਚ ਆਨਰ ਕਿਲਿੰਗ-ਜੋੜੇ ਦੀਆਂ ਲਾਸ਼ਾਂ ਪਿੰਡ ਦੇ ਵਿਚਕਾਰ ਸੁੱਟੀਆਂ

ਅਬੋਹਰ – ਇਥੇ ਨਜ਼ਦੀਕ ਪੈਂਦੇ ਪਿੰਡ ਸੱਪਾਂਵਾਲੀ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦ ਪ੍ਰੇਮ ਵਿਆਹ ਕਰਾਉਣ ਵਾਲੇ ਜੋੜੇ ਦੀਆਂ ਪਿੰਡ ਦੇ ਵਿਚਕਾਰ ਲਾਸ਼ਾਂ ਮਿਲੀਆਂ। ਕਿਹਾ ਜਾ ਰਿਹਾ ਹੈ ਕਿ ਨਵ -ਵਿਆਹੇ ਜੋੜੇ ਦਾ ਕਥਿਤ ਤੌਰ ‘ਤੇ ਲੜਕੀ ਦੇ ਚਾਚੇ ਨੇ ਕਤਲ ਕਰ ਦਿੱਤਾ ਸੀ ਅਤੇ ਦੋਵਾਂ ਦੀਆਂ ਲਾਸ਼ਾਂ ਪਿੰਡ ਦੇ ਇੱਕ ਚੌਰਾਹੇ ‘ਤੇ ਸੁੱਟ ਦਿੱਤੀਆਂ ਗਈਆਂ ਸਨ।ਲਾਸ਼ਾਂ ਪਿੰਡ ਦੇ ਚੌਕ ਦੇ ਵਿਚਕਾਰ ਕਰੀਬ ਛੇ ਘੰਟਿਆਂ ਪਈਆਂ ਰਹੀਆਂ ਕਿਉਂਕਿ ਮ੍ਰਿਤਕ ਲੜਕੇ ਦੇ ਪਰਿਵਾਰ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੁੱਕਣ ਦਾ ਵਿਰੋਧ ਕੀਤਾ ਸੀ। ਮ੍ਰਿਤਕ ਜੋੜਾ ਇਸੇ ਪਿੰਡ ਦਾ ਹੀ ਰਹਿਣ ਵਾਲਾ ਸੀ। ਦੋਵੇਂ ਜਣੇ ਬਾਲਗ ਸਨ ਅਤੇ ਉਨ੍ਹਾਂ ਕੁੜੀ ਦੇ  ਮਾਪਿਆਂ ਦੀ ਮਰਜ਼ੀ ਖ਼ਿਲਾਫ਼ ਅੰਤਰਾਜਾਤੀ ਵਿਆਹ ਕਰਵਾਇਆ ਸੀ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਲੀ ਪਰਿਵਾਰ ਨਾਲ ਸਬੰਧਤ ਰੋਹਤਾਸ਼ ਕੁਮਾਰ ਦੀ ਉਸੇ ਪਿੰਡ ਦੀ ਸੁਮਨ ਰਾਣੀ ਕੰਬੋਜ ਨਾਲ ਲੰਮੇ ਸਮੇਂ ਤੋਂ ਦੋਸਤੀ ਸੀ। ਉਨ੍ਹਾਂ ਦੇ ਪਰਿਵਾਰਾਂ ਨੇ ਕਥਿਤ ਤੌਰ ‘ਤੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਜਾਣਕਾਰੀ ਅਨੁਸਾਰ, ਰੋਹਤਾਸ਼ ਅਤੇ ਸੁਮਨ 28 ਸਤੰਬਰ ਨੂੰ ਲਾਪਤਾ ਹੋ ਗਏ ਸਨ ਅਤੇ 13 ਅਕਤੂਬਰ ਨੂੰ ਦਿੱਲੀ ਵਿੱਚ ਉਨ੍ਹਾਂ ਦਾ ਵਿਆਹ ਹੋਇਆ ਸੀ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਨਿਰਮਲਜੀਤ ਸਿੰਘ ਨੇ ਕਿਹਾ ਕਿ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਪਿੰਡ ਸੱਪਾਂਵਾਲੀ ਦੀ ਲੜਕੀ ਸੁਮਨ ਕੰਬੋਜ ਬਰਾਦਰੀ ਨਾਲ ਜਦਕਿ ਇਸੇ ਪਿੰਡ ਦਾ ਲੜਕਾ ਰੋਹਤਾਸ਼ ਮਾਲੀ ਬਰਾਦਰੀ ਨਾਲ ਸਬੰਧਤ ਸੀ। ਉਹ ਦੋਵੇਂ ਇਕੱਠੇ ਪੜ੍ਹਦੇ ਸਨ ਤੇ ਦੋਵਾਂ ਨੇ ਬਾਲਗ ਹੋਣ ਕਾਰਨ ਪਿਛਲੇ ਮਹੀਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਪ੍ਰੇਮ ਵਿਆਹ ਕਰਵਾ ਲਿਆ ਸੀ। ਅਦਾਲਤ ਵਿੱਚ ਪ੍ਰੇਮ ਵਿਆਹ ਕਰਵਾਉਣ ਮਗਰੋਂ ਲੜਕਾ 13 ਅਕਤੂਬਰ ਤੋਂ ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਰੌਤਾਂ ਵਿੱਚ ਆਪਣੀ ਭੈਣ ਕੋਲ ਰਹਿ ਰਿਹਾ ਸੀ। ਪੁਲਿਸ ਸੂਤਰਾਂ ਮੁਤਾਬਕ ਲੜਕੀ ਦਾ ਪਰਿਵਾਰ ਇਸ ਪ੍ਰੇਮ ਵਿਆਹ ਦੇ ਵਿਰੁੱਧ ਸੀ। ਇਸ ਪ੍ਰੇਮੀ ਜੋੜੇ ਨੂੰ ਪਿੰਡ ਰੌਂਤਾਂ ਵਿੱਚੋਂ ਅਗਵਾ ਕਰ ਲਿਆ ਗਿਆ ਅਤੇ ਰਸਤੇ ਵਿੱਚ ਹੀ ਉਨ੍ਹਾਂ ਦੀ ਤਾਰ ਨਾਲ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ਾਂ ਪਿੰਡ ਦੀ ਸੱਥ ਵਿੱਚ ਸੁੱਟ ਦਿੱਤੀਆਂ ਗਈਆਂ।

Comment here