ਅਪਰਾਧਸਿਆਸਤਖਬਰਾਂ

ਪੰਜਾਬ ’ਚ ਅਣਸੁਖਾਵਾਂ ਮਾਹੌਲ; ਸੁਰੱਖਿਆ ਏਜੰਸੀਆਂ ਚੌਕਸ

ਚੰਡੀਗੜ੍ਹ-ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਅਣਸੁਖਾਵਾਂ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ। ਦਰਬਾਰ ਸਾਹਿਬ ਵਿਚ ਸ਼ਾਮ ਵੇਲੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਦੋ ਦਿਨਾਂ ਮਗਰੋਂ ਹਿੰਦੂ ਧਾਰਮਿਕ ਗ੍ਰੰਥਾਂ ਦੇ ਪੰਨੇ ਫਾੜ ਕੇ ਸੁੱਟੇ ਗਏ ਸਨ। ਹੁਣ ਲੁਧਿਆਣਾ ਦੀਆਂ ਕਚਹਿਰੀਆਂ ਵਿਚ ਬੰਬ ਧਮਾਕੇ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਏਜੰਸੀਆਂ ਜਿਵੇਂ ਐੱਨਆਈਏ ਤੇ ਐੱਨਐੱਸਜੀ ਸੂਬਾ ਸਰਕਾਰ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀਆਂ ਹਨ ਪਰ ਸਵਾਲ ਉੱਠਦਾ ਹੈ ਕਿ ਆਖ਼ਰ ਚੋਣਾਂ ਦੇ ਐਨ੍ਹ ਮੌਕੇ ’ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਤਾਂ ਨਹੀਂ?
ਇੰਟੈਲੀਜੈਂਸ ਏਜੰਸੀਆਂ ਨੂੰ ਸ਼ੱਕ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਰਹੱਦ ਪਾਰ ਤੋਂ ਡਰੋਨ ਆ ਰਹੇ ਹਨ ਤੇ ਹੁਣ ਇਨ੍ਹਾਂ ਵਿਚ ਹਥਿਆਰ ਵੀ ਆ ਰਹੇ ਹਨ। ਲੰਘੇ ਦਿਨੀਂ ਸਰਹੱਦੀ ਕਸਬੇ ਜਲਾਲਾਬਾਦ ਵਿਚ ਮੋਟਰ ਸਾਈਕਲ ਵਿਚ ਧਮਾਕਾ ਹੋਇਆ ਸੀ ਤੇ ਵੀਰਵਾਰ ਨੂੰ ਲੁਧਿਆਣਾ ਵਿਚ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਇਸੇ ਤਰ੍ਹਾਂ ਬੇਅਦਬੀ ਦੀਆਂ ਲਗਾਤਾਰ ਘਟਨਾਵਾਂ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਵਿਚ ਬੰਬ ਧਮਾਕਾ ਹੋਇਆ। ਹੁਣ ਇਕ ਵਾਰ ਉਸੇ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਇਸ ਤੋਂ ਸਾਫ਼ ਹੈ ਕਿ ਸੂਬੇ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ।
ਸਾਬਕਾ ਡੀਜੀਪੀ ਦਿਨਕਰ ਗੁਪਤਾ ਨੇ ਕੁਝ ਮਹੀਨੇ ਪਹਿਲਾਂ ਡਰੋਨ ਜ਼ਰੀਏ ਆਏ ਟਿਫਨ ਬੰਬ ਵੱਲ ਧਿਆਨ ਦਿੱਤਾ ਸੀ, ਜੋ ਕਿ ਪੁਲਿਸ ਨੇ ਸਰਹੱਦ ਪਾਰ ਤੋਂ ਆਏ ਡਰੋਨ ਜ਼ਰੀਏ ਬਰਾਮਦ ਕੀਤੇ ਸਨ। ਉਨ੍ਹਾਂ ਇਸ ’ਤੇ ਚਿੰਤਾ ਜ਼ਾਹਰ ਕੀਤੀ ਸੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਅਸਲੀ ਚਿੰਤਾ ਇਹ ਨਹੀਂ ਹੈ ਕਿ ਕਿੰਨੇ ਡਰੋਨ ਫੜ ਲਏ ਹਨ ਜਾਂ ਇਸ ਵਿਚ ਕਿੰਨੇ ਹਥਿਆਰ ਸਨ। ਅਸਲੀ ਚਿੰਤਾ ਇਹ ਹੈ ਕਿ ਜੋ ਕੁਝ ਅਸੀਂ ਫੜ ਨਹੀਂ ਸਕੇ ਹਾਂ। ਯਾਦ ਰਹੇ ਬੀਤੇ ਕਲ੍ਹ ਵੀ ਕੈਪਟਨ ਨੇ ਕਿਹਾ ਸੀ ਕਿ ਪਹਿਲਾਂ 5 ਤੋਂ 8 ਕਿਲੋਮੀਟਰ ਤਕ ਡਰੋਨ ਆਉਂਦੇ ਸਨ ਪਰ ਬਾਅਦ ਵਿਚ 18 ਕਿਲੋਮੀਟਰ ਤਕ ਇਹ ਆਉਣ ਲੱਗੇ ਹਨ। ਹੁਣ ਵੱਡੇ ਡਰੋਨ ਆ ਰਹੇ ਹਨ ਜੋ ਕਿ 51 ਕਿਲੋਮੀਟਰ ਤਕ ਅੰਦਰ ਆ ਜਾਂਦੇ ਹਨ ਤੇ ਇਸ ਵਿਚ ਲੱਗੇ ਜੀਪੀਐੱਸ ਜ਼ਰੀਏ ਤੈਅ ਲੋਕੇਸ਼ਨ ’ਤੇ ਇਹ ਸਾਰਾ ਸਾਮਾਨ ਡਿੱਗ ਕੇ ਵਾਪਸ ਚਲਾ ਜਾਂਦਾ ਹੈ। ਕੈਪਟਨ ਨੇ ਦੱਸਿਆ ਕਿ ਇਹ ਕਾਫ਼ੀ ਘੱਟ ਆਵਾਜ਼ ਵਾਲੇ ਹਨ ਤੇ ਬਹੁਤ ਹੇਠਾਂ ਉੱਡਣ ਕਾਰਨ ਰਾਡਾਰ ਵਿਚ ਨਹੀਂ ਆਉਂਦੇ। ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਸੂਬੇ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ।

Comment here