ਸਿਆਸਤਖਬਰਾਂ

ਪੰਜਾਬ ਚੋਣਾਂ ਲਈ ਭਾਜਪਾ ਪੂਰੀ ਉਤਸ਼ਾਹਿਤ, ਕਿਹਾ ਇਤਿਹਾਸ ਸਿਰਜਾਂਗੇ

ਨਵੀਂ ਦਿੱਲੀ-ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਚ ਸਾਰੀਆਂ ਪਾਰਟੀਆਂ ਦਾ ਵਿਰੋਧ ਹੋ ਰਿਹਾ ਹੈ, ਪਰ ਸਭ ਤੋੰ ਤਿੱਖਾ ਵਿਰੋਧ ਭਾਜਪਾ ਦਾ ਹੈ, ਇਸ ਦੇ ਕਿਸੇ ਵੀ ਨੇਤਾ ਨੂੰ ਪੰਜਾਬ ਚ ਕੋਈ ਸਰਗਰਮੀ ਨਹੀਂ ਕਰਨ ਦਿੱਤੀ ਜਾ ਰਹੀ, ਇਸ ਦੇ ਬਾਵਜੂਦ ਬੀਜੇਪੀ ਪੰਜਾਬ ਚੋਣਾਂ ਨੂੰ ਲੈ ਕੇ ਉਤਸ਼ਾਹਿਤ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਹੈ ਕਿ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਪ੍ਰਦਰਸ਼ਨ ਕਰੇਗੀ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਵਿਰੋਧ ਦਾ ਸਾਹਮਣਾ ਕਰ ਰਹੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਬਿਨਾਂ ਕਿਸਾਨ ਅੰਦੋਲਨ ਦਾ ਮੁੱਦਾ ਹੱਲ ਹੋ ਜਾਵੇਗਾ। ‘ਦਿ ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ਦੌਰਾਨ ਸ਼ੇਖਾਵਤ ਨੇ ਕਿਹਾ, ”ਸਾਰੇ ਚਾਰ ਰਾਜਾਂ ‘ਚ ਜਿਥੇ ਚੋਣਾਂ ਹੋਣੀਆਂ ਹਨ, ਉਥੇ ਭਾਜਪਾ ਦੀ ਸਭ ਤੋਂ ਵਧੀਆ ਸਥਿਤੀ ਪੰਜਾਬ ‘ਚ ਹੋਵੇਗੀ। ਜਿਸ ਤਰ੍ਹਾਂ ਪੰਜਾਬ ‘ਚ ਵੋਟਾਂ ਦਾ ਧਰੁਵੀਕਰਨ ਹੋਇਆ ਹੈ, ਅਸੀਂ ਇਤਿਹਾਸ ਰਚਾਂਗੇ। ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਦਿੱਲੀ ‘ਚ ਬੈਠੇ ਪੰਜਾਬ ਦੇ ਕਿਸਾਨ ਅੰਦੋਲਨ ਦੀ ਸਥਿਤੀ ਨੂੰ ਦੇਖ ਰਹੇ ਹਾਂ, ਉਹ ਹਕੀਕਤ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਲੋਕ ਕਿਸਾਨਾਂ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਚੱਲ ਰਹੇ ਹਨ ਅਤੇ ਇਸ ਅੰਦੋਲਨ ਦਾ ਆਮ ਆਦਮੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸ਼ੇਖਾਵਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ, ‘ਕੈਪਟਨ ਨੇ ਗ੍ਰਹਿ ਮੰਤਰੀ ਨਾਲ ਗੱਲ ਕੀਤੀ ਹੈ। ਤੁਸੀਂ ਰਾਜਨੀਤੀ ਵਿੱਚ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਭਾਜਪਾ ਆਪਣੀ ਵਿਚਾਰਧਾਰਾ ਦੇ ਨਾਲ ਹੈ ਅਤੇ ਇਸ ਦੇ ਟੀਚੇ ਅਤੇ ਰਸਤੇ ਤੈਅ ਹਨ। ਅਸੀਂ ਹਰ ਉਸ ਵਿਅਕਤੀ ਦਾ ਸਵਾਗਤ ਕਰਾਂਗੇ ਜੋ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੈ। ਕਿਸਾਨ ਅੰਦੋਲਨ ਬਾਰੇ ਮੰਤਰੀ ਨੇ ਕਿਹਾ ਕਿ ਕੁਝ ਲੋਕ ਇਨ੍ਹਾਂ ਰਸਤਿਆਂ ਰਾਹੀਂ ਖਾੜਕੂਵਾਦ ਦਾ ਦੌਰ ਵਾਪਸ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, “ਅਸੀਂ ਕਿਸੇ ਵੀ ਵਿਅਕਤੀ ਨਾਲ ਕੰਮ ਕਰਨ ਲਈ ਤਿਆਰ ਹਾਂ ਜੋ ਪੰਜਾਬ ਵਿੱਚ ਸਥਿਰ ਸਰਕਾਰ ਚਾਹੁੰਦਾ ਹੈ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਕੰਮ ਕਰੇਗੀ।”

Comment here