ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਕੈਬਨਿਟ ‘ਚ ਦੋ ਨਵੇਂ ਮੰਤਰੀਆਂ ਦੀ ਐਂਟਰੀ

ਚੰਡੀਗੜ੍ਹ-ਪੰਜਾਬ ਕੈਬਨਿਟ ‘ਚ ਮੰਤਰੀ ਮੰਡਲ ਦਾ ਵਿਸਥਾਰ ਹੋ ਗਿਆ। ਜਿਸ ਵਿਚ ਇਕ ਮੰਤਰੀ ਦੀ ਰੁਖ਼ਸਤਗੀ ਤੋਂ ਬਾਅਦ ਹੁਣ ਦੋ ਨਵੇਂ ਮੰਤਰੀਆਂ ਸਹੁੰ ਚੁੱਕੀ। ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਨਵੇਂ ਵਜ਼ੀਰ ਬਣੇ ਹਨ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਰਾਜ ਭਵਨ ਵਿੱਚ ਦੋਵਾਂ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇੱਕ ਮੰਤਰੀ ਦੋਆਬਾ ਖੇਤਰ ਨਾਲ ਸਬੰਧ ਰੱਖਦਾ ਹੈ ਅਤੇ ਦੂਜਾ ਮਾਲਵਾ ਦੀ ਸਭ ਤੋਂ ਹੌਟ ਮੰਨੀ ਜਾਂਦੀ ਸੀਟ ਲੰਬੀ ਤੋਂ ਵਿਧਾਇਕ ਹਨ। ਚਰਚਾਵਾਂ ਹਨ ਕਿ ਕਈ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਆਦਮੀ ਪਾਰਟੀ ਨੇ ਦੋਵਾਂ ਨਵੇਂ ਮੰਤਰੀਆਂ ਨੂੰ ਕੈਬਨਿਟ ਵਿਚ ਥਾਂ ਦਿੱਤੀ ਹੈ। ਜਲੰਧਰ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਬਨਿਟ ਦਾ ਵਿਸਥਾਰ ਕਈ ਮਾਇਨਿਆਂ ਦੇ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਕੈਬਨਿਟ ਵਿਚ ਹੋਏ ਫੇਰਬਦਲ ‘ਚ ਕਿਸੇ ਨੂੰ ਇਨਾਮ ਮਿਲਿਆ ਅਤੇ ਕਿਸੇ ਨੂੰ ਪਾਰਟੀ ਲਾਈਨ ਤੋਂ ਹੱਟਕੇ ਬਿਆਨ ਦੇਣ ਦੀ ਸਜ਼ਾ ਮਿਲੀ। ਇੰਦਰਬੀਰ ਨਿੱਜਰ ਦੀ ਅਚਾਨਕ ਕੈਬਨਿਟ ਚੋਂ ਵਿਦਾਇਗੀ ਕਈ ਇਸ਼ਾਰੇ ਵੀ ਕਰ ਰਹੀ ਹੈ। ਪੰਜਾਬ ਸਰਕਾਰ ਦੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਕੈਬਨਿਟ ਵਿਚ ਤਿੰਨ ਮੰਤਰੀ ਆਊਟ ਹੋਏ।
ਚਰਚਾਵਾਂ ਹਨ ਕਿ ਇੰਦਰਬੀਰ ਨਿੱਜਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਖੁਸ਼ ਨਹੀਂ ਸੀ। ਇੰਦਰਬੀਰ ਨਿੱਜਰ ਨੇ ਪੰਜਾਬ ਵਿਜੀਲੈਂਸ ਦੀ ਕਾਰਗੁਜ਼ਾਰੀ ਨੂੰ ਜਨਤਕ ਤੌਰ ‘ਤੇ ਸਵਾਲੀਆ ਨਜ਼ਰਾਂ ਨਾਲ ਵੇਖਿਆ। ਦੂਜਾ ਸਥਾਨਕ ਸਰਕਾਰਾਂ ਵਿਭਾਗ ਇੰਦਰਬੀਰ ਨਿੱਜਰ ਕੋਲ ਹੋਣ ਦੇ ਬਾਵਜੂਦ ਉਹ ਅੰਮ੍ਰਿਤਸਰ ਵਿਚ ਨਜਾਇਜ਼ ਉਸਾਰੀਆਂ ਰੋਕ ਨਹੀਂ ਸਕੇ। ਪੰਜਾਬ ਦੇ ਕੁਝ ਸ਼ਹਿਰਾਂ ਵਿਚ ਨਗਰ ਨਿਗਮ ਚੋਣਾਂ ਹੋਣੀਆਂ ਹਨ ਜਿਹਨਾਂ ਦੇ ਮੱਦੇਨਜ਼ਰ ਸਰਕਾਰ ਕੋਈ ਜ਼ੋਖਮ ਨਹੀਂ ਲੈਣਾ ਚਾਹੁੰਦੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਵਿਜੇ ਸਿੰਗਲਾ ਅਤੇ ਇਸੇ ਸਾਲ ਜਨਵਰੀ ‘ਚ ਫੌਜਾ ਸਿੰਘ ਸਰਾਰੀ ਕੈਬਨਿਟ ਵਿਚੋਂ ਬਾਹਰ ਹੋਏ। ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੈਬਨਿਟ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਹੀ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿਚੋਂ ਅਸਤੀਫ਼ਾ ਦੇਣਾ ਪਿਆ।
ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਕੈਬਨਿਟ ਵਿਚ ਸ਼ਾਮਲ ਕਰਨਾ ਜਲੰਧਰ ਜ਼ਿਮਨੀ ਚੋਣਾਂ ਨਤੀਜਿਆਂ ਦੇ ਇਨਾਮ ਵਜੋਂ ਵੇਖਿਆ ਜਾ ਰਿਹਾ ਹੈ। ਹਾਲ ਹੀ ‘ਚ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਕਰਤਾਰਪੁਰ ਹਲਕੇ ਤੋਂ ਸ਼ਾਨਦਾਰ ਲੀਡ ਮਿਲੀ ਸੀ। ਗੁਰਮੀਤ ਸਿੰਘ ਖੁੱਡੀਆਂ ਨੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਮਾਤ ਦਿੱਤੀ ਉਦੋਂ ਤੋਂ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਮੰਗ ਪੁਰਜ਼ੋਰ ਸੀ। ਪਹਿਲਾਂ ਦੋ ਵਾਰ ਹੋਈ ਕੈਬਨਿਟ ਰੱਦੋਬਦਲ ਵੇਲੇ ਵੀ ਖੁੱਡੀਆਂ ਦਾ ਨਾਂ ਚਰਚਾਵਾਂ ‘ਚ ਰਿਹਾ। ਖੁੱਡੀਆਂ ਬਾਰੇ ਅਕਸਰ ਇਹ ਵੀ ਚਰਚਾਵਾਂ ਸਰਗਰਮ ਰਹੀਆਂ ਕਿ ਖੁੱਡੀਆਂ ਦੇ ਐਨਆਰਆਈਸ ਨਾਲ ਚੰਗੇ ਸਬੰਧ ਹਨ ਖੁੱਡੀਆਂ ਕਰਕੇ ਪਾਰਟੀ ਨੂੰ ਚੰਗਾ ਐਨਆਰਆਈ ਫੰਡ ਵੀ ਮਿਲਦਾ ਰਿਹਾ ਇਸ ਕਰਕੇ ਖੁੱਡੀਆਂ ਨੂੰ ਮੰਤਰੀ ਬਣਾਉਣ ਦੀ ਮੰਗ ਵੀ ਐਨਆਰਆਈਜ਼ ਵੱਲੋਂ ਕੀਤੀ ਜਾਂਦੀ ਰਹੀ। ਕਿਤੇ ਨਾ ਕਿਤੇ ਖੁੱਡੀਆਂ ਨੂੰ ਮੰਤਰੀ ਬਣਾਉਣਾ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਜਾ ਰਹੀ ਸੀ।
ਜਲੰਧਰ ਜ਼ਿਮਨੀ ਚੋਣਾਂ ਤੋਂ ਬਾਅਦ ਹੁਣ ਸਰਕਾਰ ਦਾ ਸਾਰਾ ਧਿਆਨ ਲੋਕ ਸਭਾ ਚੋਣਾਂ 2024 ਵੱਲ ਹੈ। ਜਿਸਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਸਾਰੇ ਤਰ੍ਹਾਂ ਦੇ ਸਿਆਸੀ ਸਮੀਕਰਨਾਂ ਜੋੜਨ ਵਿਚ ਹੱਥ ਅਜਮਾ ਰਹੀ ਹੈ। ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਅਤੇ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਬਲਕਾਰ ਸਿੰਘ ਨੂੰ ਮੰਤਰੀ ਮੰਡਲ ‘ਚ ਥਾਂ ਦਿੱਤੀ ਗਈ, ਬਲਕਾਰ ਸਿੰਘ ਮਜ਼੍ਹਬੀ ਸਿੱਖ ਬਿਰਾਦਰੀ ਨਾਲ ਸਬੰਧ ਰੱਖਦੇ ਹਨ ਅਤੇ ਜਲੰਧਰ ਦੇ ਡੀਸੀਪੀ ਰਹੇ। ਨਾਲ ਹੀ ਦੁਆਬਾ ਦਾ ਕੱਦ ਵੀ ਵਧਾਇਆ। ਪਹਿਲਾਂ ਦੁਆਬਾ ਵਿਚੋਂ 1 ਹੀ ਮੰਤਰੀ ਬ੍ਰਮ ਸ਼ੰਕਰ ਜਿੰਪਾ ਸਨ ਅਤੇ ਹੁਣ ਬਲਕਾਰ ਸਿੰਘ ਨੂੰ ਮਿਲਾ ਕੇ ਦੁਆਬਾ ਵਿਚੋਂ 2 ਮੰਤਰੀ ਹਨ। ਜਿਸਦੇ ਨਾਲ ਸਰਕਾਰ ਦੁਆਬੇ ਅਤੇ ਜਲੰਧਰ ਵਿਚੋਂ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਕੈਪਚਰ ਕਰਨਾ ਚਾਹੁੰਦੀ ਹੈ। ਖੇਤਰੀ ਅਧਾਰ ਤੇ ਗੱਲ ਕਰੀਏ ਤਾਂ ਹੁਣ ਮਾਝਾ ਵਿਚੋਂ 4 ਮੰਤਰੀ, ਦੁਆਬਾ ਵਿਚੋਂ 2 ਅਤੇ ਮਾਲਵਾ ਵਿਚੋਂ ਸਭ ਤੋਂ ਜ਼ਿਆਦਾ 10 ਹਨ। ਮਾਲਵਾ ਖੇਤਰ ਸੱਤਾ ਧਿਰ ਲਈ ਅਕਸਰ ਸਭ ਤੋਂ ਜ਼ਿਆਦਾ ਭੂਮਿਕਾ ਨਿਭਾਉਂਦਾ ਹੈ।

Comment here