ਅੰਬਿਕਾ ਸੋਨੀ ਤੇ ਪਵਨ ਬਾਂਸਲ ਨੂੰ ਮਿਲੇ ਚੰਨੀ
ਚੰਡੀਗੜ੍ਹ-ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਅਤੇ 18 ਨੁਕਾਤੀ ਏਜੰਡੇ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਉਠਾਏ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੂਸਰੇ ਦਿਨ ਦਿੱਲੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਨੇ ‘ਪੰਜਾਬ ਮਿਸ਼ਨ’ ਲਈ ਮੁੱਖ ਮੰਤਰੀ ਚੰਨੀ ਨਾਲ ਦੋ ਦਿਨਾਂ ਗੱਲਬਾਤ ਦਾ ਦੌਰ ਚਲਾਇਆ। ਲੰਘੇ ਦਿਨ ਚੰਨੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।
ਮੁੱਖ ਮੰਤਰੀ ਚੰਨੀ ਅੱਜ ਦੂਸਰੇ ਦਿਨ ਵੀ ਦਿੱਲੀ ਲਈ ਰਵਾਨਾ ਹੋਏ ਅਤੇ ਉਨ੍ਹਾਂ ਨਾਲ ਉਚੇਚੇ ਤੌਰ ’ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਵੀ ਗਏ। ਚੰਨੀ ਨੇ ਅੱਜ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਅਤੇ ਕਾਂਗਰਸ ਦੇ ਖ਼ਜ਼ਾਨਚੀ ਅਤੇ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਨਾਲ ਵੀ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਅੰਤਿਮ ਛੋਹਾਂ ਦੇਣ ਲਈ ਵੀ ਵਿਚਾਰ ਵਟਾਂਦਰਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਲਈ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਦਬਾਅ ਪਾਇਆ ਗਿਆ ਹੈ। ਨਵਜੋਤ ਸਿੱਧੂ ਨੇ ਪਿਛਲੀਆਂ ਮੁਲਾਕਾਤਾਂ ਦੌਰਾਨ ਹਾਈਕਮਾਨ ਅੱਗੇ ਡੀਜੀਪੀ ਅਤੇ ਐਡਵੋਕੇਟ ਜਨਰਲ ਦੇ ਤਬਾਦਲੇ ਦੀ ਗੱਲ ਰੱਖੀ ਸੀ। ਚਰਚਾ ਹੈ ਕਿ ਪੰਜਾਬ ਸਰਕਾਰ ਅਗਲੇ ਦਿਨਾਂ ਵਿਚ ਐਡਵੋਕੇਟ ਜਨਰਲ ਤੋਂ ਅਸਤੀਫ਼ਾ ਮੰਗ ਸਕਦੀ ਹੈ, ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਕਾਂਗਰਸ ਹਾਈਕਮਾਨ ਨੇ 18 ਨੁਕਾਤੀ ਏਜੰਡੇ ਵਿਚ ਬੇਅਦਬੀ ਮਾਮਲੇ, ਨਸ਼ਾ ਤਸਕਰੀ ਦਾ ਮੁੱਦਾ ਅਤੇ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਫ਼ੌਰੀ ਕਦਮ ਉਠਾਉਣ ਲਈ ਕਿਹਾ ਹੈ। ਹਾਈਕਮਾਨ ਨੇ ਦੋ ਦਿਨਾਂ ਦੌਰਾਨ ‘ਮਿਸ਼ਨ ਪੰਜਾਬ’ ਉੱਤੇ ਹੀ ਮੰਥਨ ਕੀਤਾ ਹੈ ਜਿਸ ਤਹਿਤ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਜਲਦੀ ਐਲਾਨ, 18 ਨੁਕਾਤੀ ਏਜੰਡਾ ਅਤੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ’ਤੇ ਚਰਚਾ ਕੀਤੀ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਬਿਆਨਾਂ ਨੂੰ ਲੈ ਕੇ ਵੀ ਪਾਰਟੀ ਵਿੱਚ ਲਗਾਤਾਰ ਮੰਥਨ ਜਾਰੀ ਹੈ। ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਆਉਂਦੇ ਦਿਨਾਂ ਵਿਚ ਅਕਾਲੀ ਦਲ ਅਤੇ ਹੋਰਨਾਂ ਧਿਰਾਂ ਨਾਲ ਜੁੜੇ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਲ ਕਰ ਸਕਦੀ ਹੈ।
ਬੀਐੱਸਐੱਫ ਦੇ ਮੁੱਦੇ ’ਤੇ ਸਿਆਸਤ ਕਰ ਰਹੀਆਂ ਨੇ ਪਾਰਟੀਆਂ : ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਵਲੋਂ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਏ ਜਾਣ ਦੇ ਮੁੱਦੇ ’ਤੇ ਸਿਆਸੀ ਪਾਰਟੀਆਂ ਵਲੋਂ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ’ਤੇ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਭਾਜਪਾ ਸਰਕਾਰ ਲਈ ਤਰਜੀਹੀ ਮੁੱਦਾ ਹੈ। ਉਨ੍ਹਾਂ ਕਾਂਗਰਸ ਸਰਕਾਰ ਵਲੋਂ ਇਸ ਮੁੱਦੇ ’ਤੇ ਸੱਦੇ ਵਿਸ਼ੇਸ਼ ਸੈਸ਼ਨ ਨੂੰ ਵੀ ਸਿਆਸਤ ਕਰਾਰ ਦਿੱਤਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਗੱਠਜੋੜ ਕਰਨ ਦੇ ਕੀਤੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਪੰਜਾਬ ਵਿਚ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਜਾਵੇਗੀ।
ਬਿਜਲੀ ਸਮਝੌਤੇ ਰੱਦ ਕਰਨ ਲਈ ਬਿੱਲ ਲਿਆਉਣ ਦੀ ਤਿਆਰੀ
ਪੰਜਾਬ ਸਰਕਾਰ ਨੇ ਹੁਣ 18 ਨੁਕਾਤੀ ਏਜੰਡੇ ਦੀ ਪੂਰਤੀ ਲਈ ਬਿਜਲੀ ਸਮਝੌਤੇ ਰੱਦ ਕਰਨ/ਮੁੜ ਗੱਲਬਾਤ ਕਰਨ ਵਾਸਤੇ ਪੰਜਾਬ ਵਿਧਾਨ ਸਭਾ ਦੇ ਅਗਲੇ ਵਿਸ਼ੇਸ਼ ਸੈਸ਼ਨ ਵਿਚ ਬਿੱਲ ਲੈ ਕੇ ਆਉਣ ਦੀ ਤਿਆਰੀ ਖਿੱਚ ਲਈ ਹੈ ਜਿਸ ਬਾਰੇ ਅੱਜ ਵੀ ਇੱਕ ਉੱਚ ਪੱਧਰੀ ਮੀਟਿੰਗ ਹੋਈ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਲੰਘੇ ਐਤਵਾਰ ਬਿਜਲੀ ਸਮਝੌਤੇ ਰੱਦ ਕਰਨ ਬਾਬਤ ਬਣੀ ਉੱਚ ਪੱਧਰੀ ਕਮੇਟੀ ਨਾਲ ਮੀਟਿੰਗ ਕੀਤੀ ਸੀ ਜਿਸ ਵਿਚ ਬਿਜਲੀ ਸਮਝੌਤੇ ਰੱਦ ਕਰਨ ਲਈ ਬਿੱਲ ਲਿਆਉਣ ਬਾਰੇ ਮਸ਼ਵਰਾ ਹੋਇਆ ਸੀ। ਇਸ ਮੀਟਿੰਗ ਵਿਚ ਦੋ ਮੰਤਰੀਆਂ ਤੋਂ ਇਲਾਵਾ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਨਵੰਬਰ ਨੂੰ ਮੀਟਿੰਗ ਹੋ ਰਹੀ ਹੈ ਜਿਸ ਵਿਚ ਬਿਜਲੀ ਸਮਝੌਤੇ ਰੱਦ ਅਤੇ ਮੁੜ ਗੱਲਬਾਤ ਕਰਨ ਵਾਸਤੇ ਬਿੱਲ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈਙ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ 8 ਨਵੰਬਰ ਦੇ ਵਿਸ਼ੇਸ਼ ਇਜਲਾਸ ਮੌਕੇ ਇਹ ਬਿੱਲ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈਙ ਬਿਜਲੀ ਸਮਝੌਤੇ ਰੱਦ ਕਰਨ ਵਾਸਤੇ ਦੇਸ਼ ਦੇ ਚੋਟੀ ਦੇ ਕਾਨੂੰਨੀ ਮਾਹਿਰਾਂ ਤੋਂ ਵੀ ਮਸ਼ਵਰਾ ਲਿਆ ਗਿਆ ਹੈ ਜਿਸ ਦੇ ਆਧਾਰ ’ਤੇ ਇਹ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਮਹਿੰਗੇ ਬਿਜਲੀ ਸਮਝੌਤੇ ਰੱਦ ਕੀਤੇ ਜਾਣ ਨੂੰ ਲੈ ਵਿਰੋਧੀ ਧਿਰਾਂ ਵੱਲੋਂ ਵੀ ਕਾਂਗਰਸ ਸਰਕਾਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਗੋਇੰਦਵਾਲ ਦੇ 540 ਮੈਗਾਵਾਟ ਦੇ ਪ੍ਰਾਈਵੇਟ ਥਰਮਲ ਨਾਲ ਹੋਏ ਬਿਜਲੀ ਸਮਝੌਤੇ ਨੂੰ ਰੱਦ ਕੀਤੇ ਜਾਣ ਦੀ ਤਜਵੀਜ਼ ਹੈ ਜਦੋਂ ਕਿ ਤਲਵੰਡੀ ਸਾਬੋ ਦੇ ਪ੍ਰਾਈਵੇਟ ਤਾਪ ਬਿਜਲੀ ਘਰ ਨੂੰ ਐਤਕੀਂ ਪੀਕ ਸੀਜ਼ਨ ਵਿਚ ਬਿਜਲੀ ਸਪਲਾਈ ਨਾ ਦਿੱਤੇ ਜਾਣ ਵਜੋਂ ਜੁਰਮਾਨੇ ਲਾਏ ਜਾਣ ਦੀ ਵਿਉਂਤ ਹੈ। ਇਸੇ ਤਰ੍ਹਾਂ ਰਾਜਪੁਰਾ ਥਰਮਲ ਪਲਾਂਟ ਨਾਲ ਬਿਜਲੀ ਦੇ ਭਾਅ ਦੇ ਮਾਮਲੇ ’ਤੇ ਮੁੜ ਗੱਲਬਾਤ ਕੀਤੇ ਜਾਣ ਦੀ ਤਜਵੀਜ਼ ਵੀ ਹੈ। ਪਤਾ ਲੱਗਾ ਹੈ ਕਿ ਮਹਿੰਗੇ ਭਾਅ ਵਾਲੇ ਹੋਏ ਸੂਰਜੀ ਊਰਜਾ ਦੇ ਸਮਝੌਤੇ ਵੀ ਰੱਦ ਕੀਤੇ ਜਾਣ ਦੀ ਸਕੀਮ ਬਣਾਈ ਜਾ ਰਹੀ ਹੈਙ ਇਹ ਸਾਰੇ ਬਿਜਲੀ ਸਮਝੌਤੇ ਗੱਠਜੋੜ ਸਰਕਾਰ ਸਮੇਂ ਹੋਏ ਹਨ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ‘ਟਰਮੀਨੇਸ਼ਨ ਐਂਡ ਰੀਨਿਗੋਸ਼ੀਏਸ਼ਨ ਆਫ਼ ਪੀਪੀਏ ਬਿੱਲ’ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ।
Comment here