ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਕਾਂਗਰਸ ਚ ਸਭ ਅੱਛਾ ਨਹੀਂ-ਰਾਣੇ ਦੇ ਲਲਕਾਰੇ, ਕੇਪੀ ਦੀ ਘੂਰੀ

ਮਨਪ੍ਰੀਤ ਨਾਲ ਆਸ਼ੂ ਦੀ ਨਰਾਜ਼ਗੀ

ਮੁੱਖ ਮੰਤਰੀ ਚਿਹਰੇ ਤੇ ਕਲੇਸ਼

ਵਿਸ਼ੇਸ਼ ਰਿਪੋਰਟ-ਕੁਲਬੀਰ ਸੰਧੂ

ਪੰਜਾਬ ਕਾਂਗਰਸ ਚ ਕਾਟੋ ਕਲ਼ੇਸ਼ ਚੋਣ ਸਰਗਰਮੀ ਚ ਘਟਣ ਦੀ ਬਜਾਏ ਸਗੋੰ ਹੋਰ ਵਧ ਗਿਆ ਹੈ। ਸੁਲਤਾਨਪੁਰ ਲੋਧੀ ਵਿੱਚ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਦੇ ਮੁਕਾਬਲੇ ਅਜਾਦ ਮੈਦਾਨ ਵਿਚ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਫਰਜ਼ੰਦ ਰਾਣਾ ਇੰਦਰ ਪ੍ਰਤਾਪ ਡਟਿਆ ਹੋਇਆ ਹੈ ਤੇ ਪਾਰਟੀ ਅਨੁਸ਼ਾਸਨ ਨੂੰ ਪਰੇ ਰਖ ਕੇ  ਰਾਣਾ ਗੁਰਜੀਤ ਆਪਣੇ  ਪੁੱਤਰ ਲਈ ਨਾ ਸਿਰਫ ਪਰਚਾਰ ਕਰ ਰਹੇ ਹਨ, ਸਗੋਂ ਸਿਆਸੀ ਵਿਰੋਧੀਆਂ ਨੂੰ ਲਲਕਾਰ ਵੀ ਰਹੇ ਹਨ ਕਿ ਜੇ ਉਹਨਾਂ ਦੇ ਮੁੰਡੇ ਨੂੰ ਨਵਤੇਜ ਚੀਮਾ ਤੋਂ ਘੱਟ ਵੋਟਾਂ ਮਿਲੀਆਂ ਤਾਂ ਉਹ ਸਿਆਸਤ ਛੱਡ ਜਾਣਗੇ। ਹਾਲਤ ਇਸ ਕਦਰ ਗਰਮਾਏ ਹੋਏ ਹਨ ਕਿ ਰਾਣਾ ਗੁਰਜੀਤ ਨੇ ਆਪਣੇ ਪੁੱਤ ਦੇ ਹੱਕ ਚ  ਆਪਣੀ ਹੀ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਜੱਦੀ ਪਿੰਡ ਚ ਵੀ ਪ੍ਰਚਾਰ ਕੀਤਾ, ਜਿੱਥੋਂ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਵੀ ਕੀਤਾ।

ਕੇ ਪੀ ਦੀ ਘੂਰੀ

ਓਧਰ ਆਦਮਪੁਰ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਬਗਾਵਤੀ ਰੁਖ਼ ਅਪਣਾਉਂਦਿਆੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਨੇ ਹੁਣ ਜਲੰਧਰ ਕੈਂਟ ਹਲਕੇ ‘ਚ ਮੰਤਰੀ  ਪਰਗਟ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕੇਪੀ ਨੇ ਕੈਂਟ ਹਲਕੇ ‘ਚ ਆਪਣੇ ਹਮਾਇਤੀਆਂ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਕੇਪੀ ਇਹ ਜ਼ਮੀਨ ਤਿਆਰ ਕਰ ਰਹੇ ਹਨ ਕਿ ਉਨ੍ਹਾਂ ਦੇ ਹਮਾਇਤੀ ਵਿਧਾਇਕ ਪਰਗਟ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ੍ਹਣ। ਕੇਪੀ ਦੀ ਇਹ ਕੋਸ਼ਿਸ਼ ਹੈ ਕਿ ਵਿਧਾਇਕ ਪਰਗਟ ਸਿੰਘ ‘ਤੇ ਲੋਕ ਦਬਾਅ ਬਣਾਉਣ ਕਿ ਉਹ ਆਦਮਪੁਰ ਤੋਂ ਉਨ੍ਹਾਂ ਦੀ ਟਿਕਟ ਕਟਵਾਉਣ ਦੀ ਗਲਤੀ ਸੁਧਾਰਨ। ਆਦਮਪੁਰ ਤੋਂ ਕੇਪੀ ਦੀ ਟਿਕਟ ਕੱਟ ਕੇ ਬਸਪਾ ਤੋਂ 1 ਮਹੀਨਾ ਪਹਿਲਾਂ ਕਾਂਗਰਸ ‘ਚ ਆਏ ਸੁਖਵਿੰਦਰ ਸਿੰਘ ਕੋਟਲੀ ਨੂੰ ਦੇ ਦਿੱਤੀ ਗਈ ਤੇ  ਕੇਪੀ ਨੇ  ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਟਿਕਟ ਕਟਵਾਉਣ  ਪਿੱਛੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਹੱਥ ਹੈ। ਉਹ ਚੇਤਾਵਨੀ ਵੀ ਦੇ ਰਹੇ ਹਨ ਕਿ ਜੇ ਉਹਨਾਂ ਨੂ ਟਿਕਟ ਨਾ ਮਿਲੀ ਤਾਂ ਉਹ ਹੋਰ ਪਾਰਟੀ ਚ ਚਲੇ ਜਾਣਗੇ, ਤੇ ਕਈ ਦਿਨਾਂ ਤੋਂ ਕੇ ਪੀ ਦੇ ਭਾਜਪਾ ਚ ਜਾਣ ਦੇ ਚਰਚੇ ਵੀ ਹੁੰਦੇ ਆ ਰਹੇ ਹਨ।

ਆਸ਼ੂ ਦੀ ਮਨਪ੍ਰੀਤ ਨਾਲ ਨਰਾਜ਼ਗੀ, ਮੰਜੀ ਠੋਕਣ ਨੂੰ ਕਿਹਾ

ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਵਿਚਾਲੇ  ਇੱਕ ਆਡੀਓ ਨੇ ਹਲਚਲ ਮਚਾ ਦਿੱਤੀ ਹੈ। ਇਹ ਆਡੀਓ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਅਧਿਆਪਕ ਯੂਨੀਅਨ ਦੇ ਨੁਮਾਇੰਦੇ ਵਿਚਕਾਰ ਹੋਈ ਕਾਲ ਰਿਕਾਰਡਿੰਗ ਦੀ ਹੈ। ਇਸ ਵਿੱਚ ਤਨਖਾਹ ਵਾਧੇ ਦਾ ਫੈਸਲਾ ਲਾਗੂ ਨਾ ਹੋਣ ‘ਤੇ ਮੰਤਰੀ ਆਸ਼ੂ ਕਥਿਤ ਤੌਰ ਕੇ ਕਹਿ ਰਹੇ ਹਨ ਕਿ ਮਨਪ੍ਰੀਤ ਬਾਦਲ ਸਾਡੀ ਬਦਨਾਮੀ ਕਰਵਾ ਰਿਹਾ ਹੈ। ਕੱਚੇ ਅਧਿਆਪਕ ਯੂਨੀਅਨ ਦੇ ਆਗੂ ਨਿਸ਼ਾਂਤ ਨੇ ਆਸ਼ੂ ਨੂੰ ਫ਼ੋਨ ਕੀਤਾ। ਕਿਹਾ ਕਿ ਤੁਸੀਂ ਵਿੱਤ ਮੰਤਰੀ ਨੂੰ ਵੀ ਤਨਖਾਹ ਵਧਾਉਣ ਦੀ ਅਪੀਲ ਕੀਤੀ ਸੀ ਜਿਸ ਵਿੱਚ ਤਨਖਾਹ ਵਿੱਚ 6600 ਰੁਪਏ ਦਾ ਵਾਧਾ ਕੀਤਾ ਗਿਆ ਸੀ ਜਿਸ ‘ਤੇ ਆਸ਼ੂ ਨੇ ਹਾਮੀ ਭਰੀ। ਆਸ਼ੂ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ ਫਿਰ ਕਹਿੰਦਾ ਹਾਂ। ਇਸ ਤੋਂ ਬਾਅਦ ਆਸ਼ੂ ਨੇ ਕਿਹਾ ਕਿ ਉਹ ਸਾਡੀ ਬਦਨਾਮੀ ਕਰਵਾਉਣ ‘ਤੇ ਤੁਲੇ ਹੋਏ ਹਨ। ਮੈਂ ਇਸ ਨੂੰ ਦੁਬਾਰਾ ਕਹਿੰਦਾ ਹਾਂ।
ਯੂਨੀਅਨ ਦੇ ਨੁਮਾਇੰਦੇ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਨੂੰ ਵੋਟ ਦਿੰਦੇ ਹਾਂ। ਹੁਣ ਜੇ ਕੋਈ ਕਾਂਗਰਸ ਦੀ ਮੰਜੀ ਠੋਕੇਗਾ ਤਾਂ ਉਹ ਮਨਪ੍ਰੀਤ ਠੋਕਣਗੇ। ਇਸ ‘ਤੇ ਆਸ਼ੂ ਨੇ ਕਿਹਾ ਕਿ ਮਨਪ੍ਰੀਤ ਦੀ ਮੰਜੀ ਠੋਕੋ, ਕਾਂਗਰਸ ਦੀ ਕਿਉਂ ਠੋਕਦੇ ਹੋ। ਮੇਰੇ ਜਿਹੇ 6 ਫੋਨ ਕਰਦੇ ਹੋਣਗੇ ਮਨਪ੍ਰੀਤ ਨੂੰ। ਆਸ਼ੂ ਨੇ ਇਹ ਵੀ ਕਿਹਾ ਕਿ ਉਹ ਮਨਪ੍ਰੀਤ ਨਾਲ ਸਖ਼ਤੀ ਨਾਲ ਗੱਲ ਕਰਨਗੇ। ਤੇ ਇਸ ਦੇ ਬਾਰੇ ਮੁੱਖ ਮੰਤਰੀ ਚੰਨੀ ਨੂੰ ਵੀ ਕਹਿਣਗੇ। ਇਸ ਵਾਇਰਲ ਆਡੀਓ ਬਾਰੇ ਹਾਲੇ ਤਕ ਨਾ ਤਾਂ ਆਸ਼ੂ ਨੇ , ਨਾ ਮਨਪਰੀਤ ਬਾਦਲ ਨੇ ਕੋਈ ਉਚੇਚੀ ਟਿਪਣੀ ਕੀਤੀ ਹੈ।

ਮੁੱਖ ਮੰਤਰੀ ਚਿਹਰੇ ਦੇ ਕਲੇਸ਼

ਪੰਜਾਬ ਚ ਕਾਂਗਰਸ ਲਈ ਮੁਖ ਮੰਤਰੀ ਚਿਹਰਾ ਵੀ ਵੱਡੀ ਚੁਣੌਤੀ ਹੈ। ਆਪਸੀ ਕਲੇਸ਼ ਦੇ ਚਲਦਿਆੰ ਤੇ ਇਕ ਅਨਾਰ ਸੌ ਬਿਮਾਰ ਕਹੌਤ ਸਾਹਮਣੇ ਦਿਸਦੀ ਹੋਣ ਕਰਕੇ ਕਾਂਗਰਸ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਪੰਜਾਬ ਚੋਣਾਂ ਸਮੂਹਿਕ ਲੀਡਰਸ਼ਿਪ ਦੇ ਆਧਾਰ ‘ਤੇ ਲੜੇਗੀ। ਪਰ ਇਸ ਦੌਰਾਨ ਰਾਹੁਲ ਗਾਂਧੀ ਦੇ  ਕਰੀਬੀ ਨਿਖਲ ਅਲਵਾ ਨੇ ਟਵਿੱਟਰ ‘ਤੇ ਪੋਲ ਕਰਵਾਇਆ ਹੈ। ਜਨਤਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਚੋਣ ‘ਚ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ? ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਦੇਣ ਲਈ 4 ਬਦਲ ਦਿੱਤੇ ਹਨ- ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ, ਸੁਨੀਲ ਕੁਮਾਰ ਜਾਖੜ ਤੇ ਚੌਥਾ ਵਿਕਲਪ ਹੈ ‘ਮੁੱਖ ਮੰਤਰੀ ਚਿਹਰੇ ਦੀ ਲੋੜ ਨਹੀਂ’। ਹਾਲਾਂਕਿ ਲੋਕਾਂ ਨੂੰ ਇਹ ਦਿਲਚਸਪ ਲੱਗਿਆ ਕਿ ਇੱਕ ਪਾਸੇ ਰਾਹੁਲ ਗਾਂਧੀ ਦੇ ਕਰੀਬੀ ਦੋਸਤਾਂ ਵੱਲੋਂ ਟਵਿੱਟਰ ‘ਤੇ ਅਜਿਹੇ ਸਰਵੇਖਣ ਕਰਵਾਏ ਜਾ ਰਹੇ ਹਨ, ਜਦਕਿ ਦੂਜੇ ਪਾਸੇ ਕਾਂਗਰਸ ਦੇ ਹੋਰ ਆਗੂ ਪੰਜਾਬ ਚੋਣਾਂ ਵਿੱਚ ਪਾਰਟੀ ਦੇ ਤਿੰਨ ਪ੍ਰਮੁੱਖ ਚਿਹਰੇ ਹੋਣ ਦੀ ਗੱਲ ਕਹਿ ਰਹੇ ਹਨ। ਇਸ ਤੋਂ ਪਹਿਲਾਂ ਅਭਿਨੇਤਾ ਸੋਨੂੰ ਸੂਦ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਨ ਦਾ ਇਸ਼ਾਰਾ ਕੀਤਾ ਸੀ। ਬ੍ਰਹਮ ਮਹਿੰਦਰਾ ਅਤੇ ਰਾਣਾ ਗੁਰਜੀਤ ਸਿੰਘ ਤਾਂ ਸ਼ਰੇਆਮ ਚੰਨੀ ਦਾ ਸਮਰਥਨ ਵੀ ਕਰਦੇ ਰਹਿੰਦੇ ਹਨ। ਇਸ ਸਾਰੇ ਦੇ ਦਰਮਿਆਨ ਹੁਣ ਨਿਖਿਲ ਅਲਵਾ ਦੇ ਟਵੀਟ ਨੇ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਪਰ ਹਾਲੇ ਵੀ ਹਾਈਕਮਾਂਡ ਸਪਸ਼ਟ ਨਹੀ ਕਰ ਰਹੀ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਕਿਉਂਕਿ ਇਸ ਨਾਲ ਪਾਰਟੀ ਦੇ ਅੰਦਰ ਕਲੇਸ਼ ਹੋਰ ਵਧਣ ਦੀ ਸੰਭਾਵਨਾ ਹੈ।

Comment here